ਮੇਨਟੇਨੈਂਸ ਕਾਰਨ ਬੂੜਾ ਗੁੱਜਰ ਰੋਡ ਤੇ ਬਰੀਵਾਲਾ ਰੇਲਵੇ ਫਾਟਕ ਚਾਰ ਦਿਨਾਂ ਲਈ ਬੰਦ
ਮੇਨਟੇਨੈਂਸ ਕਾਰਨ ਬੂੜਾ ਗੁੱਜਰ ਰੋਡ ਅਤੇ ਬਰੀਵਾਲਾ ਰੇਲਵੇ ਫਾਟਕ ਚਾਰ ਦਿਨਾਂ ਲਈ ਬੰਦ
Publish Date: Fri, 12 Jun 2026 06:19 PM (IST)
Updated Date: Fri, 12 Jun 2026 06:20 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਰੇਲਵੇ ਟ੍ਰੈਕ ਦੀ ਮੇਨਟੇਨੈਂਸ (ਮੁਰੰਮਤ) ਦੇ ਚਲਦਿਆਂ ਮੁਕਤਸਰ ਦੇ ਬੂੜਾ ਗੁੱਜਰ ਰੋਡ ਅਤੇ ਬਰੀਵਾਲਾ ਵਿਖੇ ਸਥਿਤ ਰੇਲਵੇ ਫਾਟਕ ਨੂੰ ਸ਼ੁੱਕਰਵਾਰ ਸਵੇਰ ਤੋਂ ਅਗਲੇ ਚਾਰ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਮੁਕਤਸਰ ਵਿੱਚ ਅਚਾਨਕ ਫਾਟਕ ਬੰਦ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਛੇ ਤੋਂ ਸੱਤ ਕਿਲੋਮੀਟਰ ਦਾ ਵਾਧੂ ਸਫ਼ਰ ਤੈਅ ਕਰਨਾ ਪੈ ਰਿਹਾ ਹੈ। ਰੇਲਵੇ ਵਿਭਾਗ ਵੱਲੋਂ ਪਹਿਲਾਂ ਤੋਂ ਕੋਈ ਸੂਚਨਾ ਜਾਰੀ ਨਾ ਕੀਤੇ ਜਾਣ ਕਾਰਨ ਲੋਕਾਂ ’ਚ ਭਾਰੀ ਰੋਸ ਹੈ। ਮੁਕਤਸਰ ਦੇ ਰੇਲਵੇ ਸਟੇਸ਼ਨ ਮਾਸਟਰ ਨਹਿਰੂ ਸਿੰਘ ਮੀਨਾ ਅਨੁਸਾਰ, ਰੇਲਵੇ ਇੰਜੀਨੀਅਰ ਯੂਨਿਟ ਵੱਲੋਂ ਟ੍ਰੈਕ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਇਸੇ ਕਾਰਨ ਬੂੜਾ ਗੁੱਜਰ ਰੋਡ ਫਾਟਕ ਨੂੰ ਸ਼ੁੱਕਰਵਾਰ ਸਵੇਰੇ ਲਗਭਗ ਛੇ ਵਜੇ ਬੰਦ ਕਰ ਦਿੱਤਾ ਗਿਆ। ਇਹ ਫਾਟਕ ਅਗਲੇ ਚਾਰ ਦਿਨਾਂ ਤੱਕ ਪੂਰੀ ਤਰ੍ਹਾਂ ਬੰਦ ਰਹੇਗਾ। ਦੂਜੇ ਪਾਸੇ, ਬਰੀਵਾਲਾ ਫਾਟਕ ਬੰਦ ਹੋਣ ਕਾਰਨ ਵੀ ਲੋਕਾਂ ਦਾ ਸਿੱਧਾ ਸੰਪਰਕ ਟੁੱਟ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ ਘੁੰਮ ਕੇ ਜਾਣਾ ਪਵੇਗਾ। 6 ਤੋਂ 7 ਕਿਲੋਮੀਟਰ ਦਾ ਲੰਬਾ ਚੱਕਰ ਲਗਾਉਣ ਲਈ ਮਜਬੂਰ ਬੂੜਾ ਗੁੱਜਰ ਰੋਡ ਮੁਕਤਸਰ ਨੂੰ ਫ਼ਿਰੋਜ਼ਪੁਰ ਅਤੇ ਆਸ-ਪਾਸ ਦੇ ਦਰਜਨਾਂ ਪਿੰਡਾਂ ਨਾਲ ਜੋੜਨ ਵਾਲਾ ਮੁੱਖ ਮਾਰਗ ਹੈ। ਫਾਟਕ ਬੰਦ ਹੋਣ ਦੇ ਪਹਿਲੇ ਹੀ ਦਿਨ ਸਵੇਰ ਤੋਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਹੁਣ ਸ਼ਹਿਰ ਵਿੱਚ ਆਉਣ-ਜਾਣ ਲਈ ਲੋਕਾਂ ਨੂੰ ਜਲਾਲਾਬਾਦ ਰੋਡ ਬਾਈਪਾਸ ਜਾਂ ਕੋਟਕਪੂਰਾ ਰੋਡ ਬਾਈਪਾਸ ਦੀ ਵਰਤੋਂ ਕਰਨੀ ਪੈ ਰਹੀ ਹੈ। ਇਹ ਦੋਵੇਂ ਰਸਤੇ 6 ਤੋਂ 7 ਕਿਲੋਮੀਟਰ ਲੰਬੇ ਹਨ। ਬੂੜਾ ਗੁੱਜਰ ਰੋਡ ਤੇ ਦੁਕਾਨਾਂ ਚਲਾਉਣ ਵਾਲੇ ਕਾਰੋਬਾਰੀਆਂ ਅਤੇ ਉੱਥੋਂ ਦੇ ਵਸਨੀਕਾਂ ਨੂੰ ਵੀ ਆਪਣੇ ਘਰਾਂ ਤੇ ਦੁਕਾਨਾਂ ਤੱਕ ਪਹੁੰਚਣ ਲਈ ਲੰਬਾ ਚੱਕਰ ਕੱਟਣਾ ਪੈ ਰਿਹਾ ਹੈ। ਬਿਨਾਂ ਸੂਚਨਾ ਫਾਟਕ ਬੰਦ ਕਰਨ ਤੇ ਲੋਕਾਂ ਚ ਰੋਹ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰੇਲਵੇ ਵਿਭਾਗ ਨੇ ਇਸ ਮੁਰੰਮਤ ਸਬੰਧੀ ਪਹਿਲਾਂ ਤੋਂ ਕੋਈ ਜਨਤਕ ਸੂਚਨਾ (ਐਡਵਾਂਸ ਨੋਟਿਸ) ਨਹੀਂ ਦਿੱਤੀ ਸੀ। ਸ਼ੁੱਕਰਵਾਰ ਸਵੇਰੇ ਅਚਾਨਕ ਫਾਟਕ ਬੰਦ ਮਿਲਣ ਕਾਰਨ ਲੋਕ ਘੰਟਿਆਂ ਬੱਧੀ ਪ੍ਰੇਸ਼ਾਨ ਹੁੰਦੇ ਰਹੇ। ਕਈ ਲੋਕਾਂ ਨੂੰ ਆਪਣੇ ਜ਼ਰੂਰੀ ਕੰਮ ਛੱਡ ਕੇ ਅੱਧਵਾਟਿਓਂ ਹੀ ਵਾਪਸ ਮੁੜਨਾ ਪਿਆ।