- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਮੁਕਤਸਰ ਸਾਹਿਬ ਦੇ ਬਾਜ਼ਾਰਾਂ ’ਚ ਟੁੱਟੇ ਤੇ ਧਸੇ ਸੀਵਰੇਜ ਦੇ ਢੱਕਣ ਬਣੇ ‘ਮੌਤ ਦੇ ਖੂਹ’

-ਬਾਰਿਸ਼ਾਂ ਦੇ ਦਿਨਾਂ ’ਚ ਵੱਡੇ ਜਾਨੀ-ਮਾਲੀ ਹਾਦਸੇ ਦਾ ਖ਼ਦਸ਼ਾ
-ਪ੍ਰਸ਼ਾਸਨ ਦੀ ਲਾਪ੍ਰਵਾਹੀ ਖ਼ਿਲਾਫ਼ ਸ਼ਹਿਰ ਵਾਸੀਆਂ ’ਚ ਭਾਰੀ ਰੋਸ
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਵੱਖ-ਵੱਖ ਮੁੱਖ ਬਾਜ਼ਾਰਾਂ ਅਤੇ ਸੜਕਾਂ ’ਤੇ ਸੀਵਰੇਜ ਦੇ ਟੁੱਟੇ ਹੋਏ ਅਤੇ ਜ਼ਮੀਨ ’ਚ ਧਸੇ ਹੋਏ ਢੱਕਣ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਜਾਨ ਦਾ ਖੌਅ ‘ਮੌਤ ਦੇ ਖੂਹ’ ਸਾਬਤ ਹੋ ਰਹੇ ਹਨ। ਆਉਣ ਵਾਲੇ ਬਾਰਿਸ਼ਾਂ ਦੇ ਦਿਨਾਂ ’ਚ ਇਹ ਪ੍ਰਸ਼ਾਸਨਿਕ ਲਾਪ੍ਰਵਾਹੀ ਕਿਸੇ ਵੱਡੇ ਅਤੇ ਜਾਨਲੇਵਾ ਹਾਦਸੇ ਦਾ ਕਾਰਨ ਬਣ ਸਕਦੀ ਹੈ। ਅਜਿਹਾ ਜਾਪਦਾ ਹੈ ਜਿਵੇਂ ਸਬੰਧਿਤ ਵਿਭਾਗ ਕਿਸੇ ਵੱਡੀ ਅਣਹੋਣੀ ਦਾ ਇੰਤਜ਼ਾਰ ਕਰ ਰਿਹਾ ਹੈ, ਜਿਸਨੂੰ ਲੈ ਕੇ ਸ਼ਹਿਰ ਵਾਸੀਆਂ ’ਚ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪਾਇਆ ਜਾ ਰਿਹਾ ਹੈ।
----
-ਇਨ੍ਹਾਂ ਇਲਾਕਿਆਂ ’ਚ ਸਥਿਤੀ ਬੇਹੱਦ ਚਿੰਤਾਜਨਕ
ਸ਼ਹਿਰ ਦੇ ਸਭ ਤੋਂ ਵਿਅਸਤ ਅਤੇ ਵਪਾਰਕ ਪੱਖੋਂ ਅਹਿਮ ਇਲਾਕਿਆਂ ’ਚ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਮੁੱਖ ਤੌਰ ’ਤੇ ਸ਼ਹਿਰ ਦੇ ਅਬੋਹਰ ਰੋਡ ਤੋਂ ਮੌੜ ਰੋਡ ਵੱਲ ਜਾਂਦਾ ਪੁਰਾਣੇ ਸਟੇਟ ਬੈਂਕ ਵਾਲਾ ਰਸਤਾ (ਆਰਓ ਨੇੜੇ) ਜਿੱਥੇ ਹਰ ਵੇਲੇ ਸੈਂਕੜੇ ਵਾਹਨ ਲੰਘਦੇ ਹਨ। ਗੋਨਿਆਣਾ ਰੋਡ ਨਾਕਾ ਨੰਬਰ 06: ਅਕਾਲ ਅਕੈਡਮੀ ਵਰਗੇ ਵਿਦਿਅਕ ਅਦਾਰੇ ਦੇ ਨੇੜੇ, ਜਿੱਥੇ ਸਕੂਲੀ ਬੱਚਿਆਂ ਦੀ ਆਵਾਜਾਈ ਬਹੁਤ ਜ਼ਿਆਦਾ ਹੈ। ਨਵੀਂ ਦਾਣਾ ਮੰਡੀ ਅਤੇ ਸਬਜ਼ੀ ਮੰਡੀ: ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ, ਮਜ਼ਦੂਰ ਅਤੇ ਆਮ ਲੋਕ ਖਰੀਦਦਾਰੀ ਲਈ ਆਉਂਦੇ ਹਨ ਆਦਿ ਜਗ੍ਹਾਵਾਂ ’ਤੇ ਸਥਿਤੀ ਬੇਹੱਦ ਚਿੰਤਾਜਨਕ ਹੈ।
----
-ਟੁੱਟੇ ਤੇ ਧਸੇ ਹੋਏ ਢੱਕਣ ਬਾਰਿਸ਼ਾਂ ਦੇ ਦਿਨਾਂ ’ਚ ਦਿਖਾਈ ਨਹੀਂ ਦਿੰਦੇ : ਸ਼ਹਿਰ ਵਾਸੀ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬਾਰਿਸ਼ਾਂ ਦੇ ਦਿਨਾਂ ’ਚ ਪੂਰੇ ਸ਼ਹਿਰ ’ਚ ਜਲ-ਥਲ ਹੋ ਜਾਂਦਾ ਹੈ ਅਤੇ ਸੜਕਾਂ ਸਮੁੰਦਰ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਅਜਿਹੀ ਸਥਿਤੀ ’ਚ ਪਾਣੀ ਖੜ੍ਹਨ ਕਾਰਨ ਇਹ ਟੁੱਟੇ ਅਤੇ ਧਸੇ ਹੋਏ ਢੱਕਣ ਵਾਹਨ ਚਾਲਕਾਂ ਜਾਂ ਪੈਦਲ ਜਾਣ ਵਾਲੇ ਬੱਚਿਆਂ ਤੇ ਬਜ਼ੁਰਗਾਂ ਨੂੰ ਦਿਖਾਈ ਨਹੀਂ ਦਿੰਦੇ। ਅਜਿਹੇ ’ਚ ਕੋਈ ਵੀ ਬੇਕਸੂਰ ਇਨ੍ਹਾਂ ਖੁੱਲ੍ਹੇ ਖੱਡਿਆਂ ’ਚ ਡਿੱਗ ਕੇ ਆਪਣੀ ਜਾਨ ਗੁਆ ਸਕਦਾ ਹੈ।
----
-ਕੂੜਾ-ਕਰਕਟ ਸੁੱਟਣ ਕਾਰਨ ਸੀਵਰੇਜ ਜਾਮ, ਨਿਕਾਸੀ ਪੂਰੀ ਤਰ੍ਹਾਂ ਠੱਪ
ਇਨ੍ਹਾਂ ਟੁੱਟੇ ਹੋਏ ਢੱਕਣਾਂ ਕਾਰਨ ਸਫ਼ਾਈ ਵਿਵਸਥਾ ਦਾ ਵੀ ਜਨਾਜ਼ਾ ਨਿਕਲ ਚੁੱਕਾ ਹੈ। ਸ਼ਹਿਰ ਵਾਸੀਆਂ ਬਲਦੇਵ ਸਿੰਘ, ਰਾਜ ਕੁਮਾਰ ਸਬਜ਼ੀ ਵਾਲਾ, ਮੰਗਾ ਸਿੰਘ, ਕੁਲਦੀਪ ਸਿੰਘ, ਬਿੱਟੂ, ਅਸ਼ੋਕ ਕੁਮਾਰ, ਰਵੀ ਕੁਮਾਰ, ਗੁਲਾਬ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਸ਼ਹਿਰ ਅੰਦਰ ਜ਼ਿਆਦਾਤਰ ਢੱਕਣ ਟੁੱਟੇ ਹੋਣ ਕਾਰਨ ਕੁਝ ਗੈਰ-ਜ਼ਿੰਮੇਵਾਰ ਦੁਕਾਨਦਾਰ ਅਤੇ ਲੋਕ ਸਫ਼ਾਈ ਕਰਦੇ ਸਮੇਂ ਸਾਰਾ ਕੂੜਾ-ਕਰਕਟ, ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਗੰਦਗੀ ਇਨ੍ਹਾਂ ਦੇ ਉੱਪਰ ਜਾਂ ਸਿੱਧਾ ਅੰਦਰ ਸੁੱਟ ਦਿੰਦੇ ਹਨ। ਇਹ ਕੂੜਾ ਸੀਵਰੇਜ ਦੀਆਂ ਮੁੱਖ ਪਾਈਪਾਂ ’ਚ ਫਸ ਜਾਂਦਾ ਹੈ, ਜਿਸ ਨਾਲ ਪੂਰੀ ਨਿਕਾਸੀ ਪ੍ਰਣਾਲੀ ਜਾਮ ਹੋ ਜਾਂਦੀ ਹੈ। ਨਤੀਜੇ ਵਜੋਂ, ਹੁਣ ਹਾਲਾਤ ਇਹ ਹਨ ਕਿ ਮਾਮੂਲੀ ਬਾਰਿਸ਼ ਹੋਣ ’ਤੇ ਵੀ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ, ਗਲੀਆਂ ਅਤੇ ਲੋਕਾਂ ਦੇ ਘਰਾਂ-ਮੁਹੱਲਿਆਂ ’ਚ ਜਮ੍ਹਾਂ ਹੋ ਜਾਂਦਾ ਹੈ, ਜਿਸ ਨਾਲ ਨਾ ਸਿਰਫ਼ ਬਦਬੂ ਫੈਲ ਰਹੀ ਹੈ ਬਲਕਿ ਮਹਾਮਾਰੀ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। ਲੋਕਾਂ ਨੂੰ ਨਰਕ ਰੂਪੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
----
-ਸ਼ਹਿਰ ਵਾਸੀਆਂ ਨੇ ਤੁਰੰਤ ਕੀਤੀ ਕਾਰਵਾਈ ਦੀ ਮੰਗ
ਸਥਾਨਕ ਨਿਵਾਸੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਕੌਂਸਲ ਅਤੇ ਸਬੰਧਿਤ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬਾਰਿਸ਼ ਦਾ ਮੌਸਮ ਪੂਰੀ ਤਰ੍ਹਾਂ ਸ਼ੁਰੂ ਹੋਣ ਤੋਂ ਪਹਿਲਾਂ (ਯੁੱਧ ਪੱਧਰ 'ਤੇ) ਸ਼ਹਿਰ ਅੰਦਰ ਜਿੰਨੇ ਵੀ ਸੀਵਰੇਜ ਦੇ ਢੱਕਣ ਟੁੱਟੇ, ਧਸੇ ਜਾਂ ਬੰਦ ਪਏ ਹਨ, ਉਨ੍ਹਾਂ ਨੂੰ ਤੁਰੰਤ ਨਵੇਂ ਪਾ ਕੇ ਦਰੁਸਤ ਕੀਤਾ ਜਾਵੇ। ਸ਼ਹਿਰ ਵਾਸੀਆਂ ਨੇ ਸਾਫ਼ ਸ਼ਬਦਾਂ ’ਚ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਨਾ ਦਿੱਤਾ ਅਤੇ ਕਿਸੇ ਲਾਪਰਵਾਹੀ ਕਾਰਨ ਕੋਈ ਜਾਨੀ ਨੁਕਸਾਨ ਹੋਇਆ, ਤਾਂ ਇਸਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਅਤੇ ਲੋਕ ਸੜਕਾਂ 'ਤੇ ਉਤਰ ਕੇ ਤਿੱਖਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।