- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਦਲ ਆਈਟੀਆਈ ਨੂੰ ਬੰਦ ਕਰਨ ਖ਼ਿਲਾਫ਼ ਸੰਘਰਸ਼ ਹੋਵੇਗਾ ਤਿੱਖਾ : ਪੀਐਸਯੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬਾਦਲ ਸਥਿਤ ਸਰਕਾਰੀ ਆਈਟੀਆਈ ਨੂੰ ਬੰਦ ਕਰਕੇ ਖਿਓਵਾਲੀ ਆਈਟੀਆਈ ’ਚ ਰਲੇਵਾਂ ਕਰਨ ਦੇ ਆਮ ਆਦਮੀ ਪਾਰਟੀ ਦੇ ਫ਼ੈਸਲੇ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਅੱਜ ਪਿੰਡ ਬਾਦਲ ਵਿਖੇ ਇੱਕ ਰੋਸ ਰੈਲੀ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਕਿ ਇਸ ਲੋਕ-ਵਿਰੋਧੀ ਫ਼ੈਸਲੇ ਖ਼ਿਲਾਫ਼ ਆਉਣ ਵਾਲੀ 25 ਜੂਨ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਇੱਕ ਵਿਰੋਧ ਪੱਤਰ ਸੌਂਪਿਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਪ੍ਰੀਤ ਕੌਰ, ਹਰਵੀਰ ਕੌਰ, ਰਜਿੰਦਰ ਸਿੰਘ ਨੇ ਦੱਸਿਆ ਕਿ ਸਾਲ 2001 ਤੋਂ ਸਫਲਤਾਪੂਰਵਕ ਚੱਲ ਰਹੀ ਬਾਦਲ ਆਈਟੀਆਈ ਕੋਲ ਆਧੁਨਿਕ ਮਸ਼ੀਨਰੀ ਅਤੇ 22 ਤਜ਼ਰਬੇਕਾਰ ਇੰਸਟਰਕਟਰਾਂ ਦਾ ਸਟਾਫ਼ ਮੌਜੂਦ ਹੈ, ਪਰ ਸਿਖਲਾਈ ਸਕੱਤਰ ਦੇ ਨੋਟੀਫਿਕੇਸ਼ਨ ਰਾਹੀਂ ਬਿਨਾਂ ਕਿਸੇ ਕਾਰਨ ਤੋਂ ਰਲੇਵੇਂ ਦੇ ਨਾਂ ’ਤੇ ਇਸਨੂੰ ਬੰਦ ਕਰਕੇ ਖਿਓਵਾਲੀ ਵਿਖੇ ਤਬਦੀਲ ਕੀਤਾ ਜਾ ਰਿਹਾ ਹੈ। ਇਸ ਫ਼ੈਸਲੇ ਖ਼ਿਲਾਫ਼ ਬਾਦਲ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ’ਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਇਸ ਆਈਟੀਆਈ ’ਚ ਰਾਸ਼ਟਰੀ ਪੱਧਰ (NCVT) ਦੀਆਂ ਟ੍ਰੇਡਸ (ਕੋਰਸ) ਹਨ ਤੇ ਖਿਓਵਾਲੀ ਆਈਟੀਆਈ ’ਚ ਪੰਜਾਬ ਪੱਧਰ (SCVT) ਦੇ ਕੋਰਸ ਮੌਜੂਦ ਹਨ, ਜਿਸ ਕਾਰਨ ਇਹ ਕੋਰਸ ਉਥੇ ਨਹੀਂ ਚੱਲ ਸਕਣਗੇ।ਆਗੂਆਂ ਨੇ ਕਿਹਾ ਕਿ ਇਸ ਸੰਸਥਾ ’ਚ ਲਗਭਗ 20-25 ਪਿੰਡਾਂ ਦੇ ਵਿਦਿਆਰਥੀ ਪੜ੍ਹਨ ਆਉਂਦੇ ਸਨ। ਇੱਕ ਪਾਸੇ ਪੰਜਾਬ ਸਰਕਾਰ ‘ਸਕਿੱਲ ਡਿਵੈਲਪਮੈਂਟ’ ਦੇ ਨਾਂ ’ਤੇ ਨਵੇਂ ਕੋਰਸ ਸ਼ੁਰੂ ਕਰਨ ਦੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਮਸ਼ਹੂਰੀਆਂ ਕਰ ਰਹੀ ਹੈ, ਪਰ ਦੂਜੇ ਪਾਸੇ ਚੱਲ ਰਹੀਆਂ ਸਥਾਪਿਤ ਤਕਨੀਕੀ ਸੰਸਥਾਵਾਂ ਨੂੰ ਬੰਦ ਕਰਨ ਦੇ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ, ਜੋ ਕਿ ਸਰਕਾਰ ਦੇ ਦੋਹਰੇ ਮਾਪਦੰਡਾਂ ਨੂੰ ਜੱਗ-ਜ਼ਾਹਿਰ ਕਰਦਾ ਹੈ। ਜ਼ੋਨਲ ਆਗੂ ਜਸਨੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ, ਕੇਂਦਰ ਦੀ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਪੱਬਾਂ ਭਾਰ ਹੈ। ਇਸੇ ਨੀਤੀ ਰਾਹੀਂ ਹੀ ਸਰਕਾਰੀ ਵਿੱਦਿਅਕ ਸੰਸਥਾਵਾਂ ਦਾ ਰਲੇਵਾਂ ਕਰਕੇ ਸਿੱਖਿਆ ਨੂੰ ਕੁਝ ਪ੍ਰਾਈਵੇਟ ਹੱਥਾਂ ਵਿੱਚ ਸੀਮਤ ਕੀਤਾ ਜਾ ਰਿਹਾ ਹੈ ਤੇ ਪੇਂਡੂ ਖੇਤਰ ਚੋਂ ਵੱਡਾ ਹਿੱਸਾ ਵਿਦਿਆਰਥੀਆਂ ਦਾ ਸਿੱਖਿਆ ਚੋਂ ਬਾਹਰ ਕੀਤਾ ਜਾ ਰਿਹਾ ਹੈ। ਇਸ ਆਈ ਟੀ ਨੂੰ ਬੰਦ ਕਰਨ ਵੀ ਇਸੇ ਦਿਸ਼ਾ ਵੱਲ ਕਦਮ ਹੈ।ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਪਹਿਲਾਂ ਹੀ ਸਕਿੱਲ ਆਧਾਰਿਤ ਅਦਾਰੇ ਬਹੁਤ ਘੱਟ ਹਨ। ਪੰਜਾਬ ’ਚ ਸਰਕਾਰੀ ਆਈਟੀ ਆਈਜ਼ ਦੀ ਗਿਣਤੀ ਸਿਰਫ਼ 116 ਹੈ ਤੇ ਸਰਕਾਰ ਦਾ ਜ਼ੋਰ ਇਨ੍ਹਾਂ ਨੂੰ ਵੀ ਬੰਦ ਕਰਨ ’ਤੇ ਲੱਗਾ ਹੋਇਆ ਹੈ। ਜਦਕਿ ਲੋੜ੍ਹ ਤਾਂ ਹੋਰ ਸਰਕਾਰੀ ਸੰਸਥਾਵਾਂ ਖੋਲ੍ਹ ਕੇ ਆਮ ਲੋਕਾਂ ਤੱਕ ਸਰਕਾਰੀ ਸਿੱਖਿਆ ਪਹੁੰਚਾਉਣਾ ਸੀ। ਸਾਂਝੇ ਤੌਰ ’ਤੇ ਆਖਿਆ ਕਿ ਪੀਐੱਸਯੂ ਇਨ੍ਹਾਂ ਵਿੱਦਿਆ-ਵਿਰੋਧੀ ਫ਼ੈਸਲੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਆਗੂਆਂ ਨੇ ਸਾਫ਼ ਸ਼ਬਦਾਂ ’ਚ ਆਖਿਆ ਕਿ ਜਿੰਨਾ ਚਿਰ ਸਰਕਾਰ ਇਸ ਸੰਸਥਾ ਨੂੰ ਪਹਿਲਾਂ ਵਾਂਗ ਬਹਾਲ ਰੱਖਣ ਦਾ ਫ਼ੈਸਲਾ ਨਹੀਂ ਕਰਦੀ, ਉਦੋਂ ਤੱਕ ਵਿਦਿਆਰਥੀਆਂ ਦਾ ਸੜਕਾਂ ’ਤੇ ਸ਼ੁਰੂ ਹੋਇਆ ਇਹ ਰੋਸ ਪ੍ਰਦਰਸ਼ਨ ਅਤੇ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਆਈਟੀਆਈ ਬਾਦਲ ਦੀ ਇਕਾਈ ਦੇ ਕਨਵੀਨਰ ਜਗਸੀਰ ਸਿੰਘ, ਕੋ ਕਨਵੀਨਰ ਹਰਪ੍ਰੀਤ ਸਿੰਘ, ਗੁਰਸਹਿਜ ਸਿੰਘ, ਪਿੰਡ ਵਾਸੀ ਸਰਬਜੀਤ ਸਿੰਘ, ਪੈਨਸ਼ਨਰ ਐਸੋਸੀਏਸ਼ਨ ਵੱਲੋਂ ਬਨਾਰਸੀ ਦਾਸ ਆਦਿ ਸ਼ਾਮਲ ਸਨ।