- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬੂ ਰਜਬ ਅਲੀ ਦੇ ਇੱਥੇ ਰਹਿਣ ਦੌਰਾਨ ਨਹਿਰੀ ਕੋਠੀ ਸਾਹਿਤਕ ਮਿਲਣੀਆਂ ਦਾ ਕੇਂਦਰ ਵੀ ਬਣ ਗਈ। ਉਹ ਕਵਿਤਾਵਾਂ, ਛੰਦ, ਬੈਂਤ ਅਤੇ ਗੀਤ ਲਿਖਣ ਤੇ ਗਾਉਣ ਵਿਚ ਮਾਹਿਰ ਸਨ। ਪਿੰਡਾਂ ਦੇ ਲੋਕ ਉਨ੍ਹਾਂ ਦੀਆਂ ਰਚਨਾਵਾਂ ਸੁਣਨ ਲਈ ਇੱਥੇ ਆਉਂਦੇ ਸਨ। ਬਾਬੂ ਜੀ ਕੁਰਸੀ ’ਤੇ ਬੈਠ ਕੇ ਆਪਣੀਆਂ ਰਚਨਾਵਾਂ ਸੁਣਾਉਂਦੇ ਅਤੇ ਸੰਗਤ ਹੇਠਾਂ ਗੱਟੇ ਵਿਛਾ ਕੇ ਬੈਠਦੀ। ਲੋਕ ਉਨ੍ਹਾਂ ਲਈ ਦੁੱਧ, ਲੱਸੀ, ਖੀਰ, ਘਿਓ, ਸੇਵੀਆਂ ਅਤੇ ਹਲਵਾ ਲੈ ਕੇ ਆਉਂਦੇ ਸਨ।

ਬਲਕਰਨ ਜਟਾਣਾ, ਪੰਜਾਬੀ ਜਾਗਰਣ, ਮਲੋਟ: ਪਿੰਡ ਢਿੱਪਾਂਵਾਲੀ ਦੀ ਕਰੀਬ 140 ਸਾਲ ਪੁਰਾਣੀ ਨਹਿਰੀ ਕੋਠੀ ਅੱਜ ਆਪਣੇ ਸੁਨਹਿਰੀ ਅਤੀਤ ਦੀਆਂ ਯਾਦਾਂ ਸਾਂਭੀ ਖੰਡਰ ਬਣ ਚੁੱਕੀ ਹੈ। ਕਦੇ ਇਹ ਕੋਠੀ ‘ਨਹਿਰੀ ਆਰਾਮ ਘਰ’ ਵਜੋਂ ਜਾਣੀ ਜਾਂਦੀ ਸੀ ਅਤੇ ਇੱਥੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਚਹਿਲ-ਪਹਿਲ ਰਹਿੰਦੀ ਸੀ। ਇਸ ਵਿਰਾਸਤੀ ਇਮਾਰਤ ਦਾ ਸਬੰਧ ਉੱਘੇ ਕਵੀ ਬਾਬੂ ਰਜਬ ਅਲੀ ਨਾਲ ਵੀ ਹੈ। 1938 ਵਿਚ ਉਹ ਬਤੌਰ ਜੇਈ ਇੱਥੇ ਤਾਇਨਾਤ ਹੋਏ ਅਤੇ ਕਰੀਬ ਤਿੰਨ ਸਾਲ ਇਸ ਕੋਠੀ ਵਿਚ ਰਹੇ।
ਉਸ ਦੌਰ ਵਿਚ ਨਹਿਰਾਂ, ਕੱਸੀਆਂ ਅਤੇ ਸੂਏ ਕੱਚੇ ਹੁੰਦੇ ਸਨ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਅਕਸਰ ਟੁੱਟ ਜਾਂਦੇ ਸਨ। ਨਹਿਰਾਂ ਦੀ ਦੇਖ-ਰੇਖ ਲਈ ਅੰਗਰੇਜ਼ ਸਰਕਾਰ ਨੇ ਨਹਿਰਾਂ ਦੇ ਨੇੜੇ ਨਹਿਰੀ ਆਰਾਮ ਘਰ ਬਣਾਏ ਸਨ। ਇਨ੍ਹਾਂ ਵਿਚ ਓਵਰਸੀਅਰ, ਮੇਟ, ਬੇਲਦਾਰ ਅਤੇ ਤਾਰ ਬਾਬੂ ਸਮੇਤ ਹੋਰ ਮੁਲਾਜ਼ਮਾਂ ਲਈ ਕੁਆਰਟਰ ਵੀ ਹੁੰਦੇ ਸਨ। ਨਹਿਰੀ ਬਾਬੂ ਘੋੜੀ ’ਤੇ ਸਵਾਰ ਹੋ ਕੇ ਨਹਿਰਾਂ, ਰਜਬਾਹਿਆਂ ਅਤੇ ਕੱਸੀਆਂ ਦੀ ਗਸ਼ਤ ਕਰਦਾ ਸੀ।
ਕਿਤੇ ਨਹਿਰ ਜਾਂ ਕੱਸੀ ਟੁੱਟਣ ਦਾ ਖ਼ਤਰਾ ਹੋਣ ’ਤੇ ਬਾਬੂ ਮੁਲਾਜ਼ਮਾਂ ਨੂੰ ਮੌਕੇ ’ਤੇ ਭੇਜ ਕੇ ਨੁਕਸਾਨ ਰੋਕਣ ਦੀ ਕੋਸ਼ਿਸ਼ ਕਰਦਾ। ਜੇ ਨਹਿਰ ਟੁੱਟ ਜਾਂਦੀ ਤਾਂ ਤਾਰ ਬਾਬੂ ਰਾਹੀਂ ਹੈੱਡਕੁਆਰਟਰ ਨੂੰ ਸੂਚਿਤ ਕੀਤਾ ਜਾਂਦਾ ਅਤੇ ਪਾਣੀ ਦਾ ਵਹਾਅ ਘਟਾ ਕੇ ਨਹਿਰ ਦੀ ਮੁਰੰਮਤ ਕਰਵਾਈ ਜਾਂਦੀ। ਢਿੱਪਾਂਵਾਲੀ ਦੀ ਨਹਿਰੀ ਕੋਠੀ ਵੀ ਉਸ ਸਮੇਂ ਨਹਿਰੀ ਪ੍ਰਬੰਧ ਦਾ ਅਹਿਮ ਕੇਂਦਰ ਸੀ। ਇਸ ਦੇ ਆਲੇ-ਦੁਆਲੇ ਨਿੰਮ, ਪਿੱਪਲ, ਟਾਹਲੀ ਅਤੇ ਬੋਹੜ ਵਰਗੇ ਵੱਡੇ ਦਰੱਖਤ ਸਨ, ਜਿੱਥੇ ਲੋਕ ਛਾਂ ਹੇਠ ਬੈਠਦੇ ਸਨ।
ਕਵਿਤਾਵਾਂ ਸੁਣਨ ਦੂਰੋਂ ਆਉਂਦੇ ਸਨ ਲੋਕ
ਬਾਬੂ ਰਜਬ ਅਲੀ ਦੇ ਇੱਥੇ ਰਹਿਣ ਦੌਰਾਨ ਨਹਿਰੀ ਕੋਠੀ ਸਾਹਿਤਕ ਮਿਲਣੀਆਂ ਦਾ ਕੇਂਦਰ ਵੀ ਬਣ ਗਈ। ਉਹ ਕਵਿਤਾਵਾਂ, ਛੰਦ, ਬੈਂਤ ਅਤੇ ਗੀਤ ਲਿਖਣ ਤੇ ਗਾਉਣ ਵਿਚ ਮਾਹਿਰ ਸਨ। ਪਿੰਡਾਂ ਦੇ ਲੋਕ ਉਨ੍ਹਾਂ ਦੀਆਂ ਰਚਨਾਵਾਂ ਸੁਣਨ ਲਈ ਇੱਥੇ ਆਉਂਦੇ ਸਨ। ਬਾਬੂ ਜੀ ਕੁਰਸੀ ’ਤੇ ਬੈਠ ਕੇ ਆਪਣੀਆਂ ਰਚਨਾਵਾਂ ਸੁਣਾਉਂਦੇ ਅਤੇ ਸੰਗਤ ਹੇਠਾਂ ਗੱਟੇ ਵਿਛਾ ਕੇ ਬੈਠਦੀ। ਲੋਕ ਉਨ੍ਹਾਂ ਲਈ ਦੁੱਧ, ਲੱਸੀ, ਖੀਰ, ਘਿਓ, ਸੇਵੀਆਂ ਅਤੇ ਹਲਵਾ ਲੈ ਕੇ ਆਉਂਦੇ ਸਨ।
ਬਾਅਦ ਵਿਚ ਬਾਬੂ ਰਜਬ ਅਲੀ ਦਾ ਰੁਝਾਨ ਸ਼ਹੀਦ ਭਗਤ ਸਿੰਘ, ਊਧਮ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਤੇ ਵਿਚਾਰਾਂ ਵੱਲ ਹੋ ਗਿਆ। ਉਨ੍ਹਾਂ ਨੇ ਸ਼ਹੀਦਾਂ ਬਾਰੇ ਸਾਹਿਤ ਲਿਖਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ ਸਰਕਾਰ ਨੂੰ ਇਸ ਦੀ ਸ਼ਿਕਾਇਤ ਹੋਈ ਤਾਂ ਮਹਿਕਮੇ ਦਾ ਅੰਗਰੇਜ਼ ਅਧਿਕਾਰੀ ਦੁਭਾਸ਼ੀਏ ਸਮੇਤ ਨਹਿਰੀ ਆਰਾਮ ਘਰ ਪਹੁੰਚਿਆ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਬਾਬੂ ਰਜਬ ਅਲੀ ਦੀ ਤਰੱਕੀ ਹੋ ਕੇ ਐੱਸਡੀਓ ਬਣਨ ਦੀ ਸੰਭਾਵਨਾ ਸੀ, ਪਰ ਉਨ੍ਹਾਂ ਦੀ ਤਰੱਕੀ ਰੋਕ ਦਿੱਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਛੱਡ ਕੇ ਅੰਗਰੇਜ਼ ਸਰਕਾਰ ਵਿਰੁੱਧ ਸੰਘਰਸ਼ ਦਾ ਰਾਹ ਚੁਣਿਆ।
ਵਿਰਾਸਤ ਸੰਭਾਲਣ ਦੀ ਮੰਗ
ਸਮੇਂ ਦੇ ਬਦਲਣ ਨਾਲ ਪੱਕੀਆਂ ਸੜਕਾਂ ਬਣ ਗਈਆਂ, ਆਵਾਜਾਈ ਦੇ ਸਾਧਨ ਵਧੇ ਅਤੇ ਨਹਿਰਾਂ ਤੇ ਸੂਏ ਵੀ ਪੱਕੇ ਹੋ ਗਏ। ਨਹਿਰੀ ਕੋਠੀਆਂ ਦੀ ਪੁਰਾਣੀ ਅਹਿਮੀਅਤ ਖ਼ਤਮ ਹੁੰਦੀ ਗਈ। ਅੱਜ ਢਿੱਪਾਂਵਾਲੀ ਦੀ ਇਹ ਕੋਠੀ ਖੰਡਰ ਬਣ ਚੁੱਕੀ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਇਸ ਵਿਰਾਸਤੀ ਇਮਾਰਤ ਨੂੰ ਸੰਭਾਲ ਕੇ ਇੱਥੇ ਪਾਰਕ ਵਿਕਸਤ ਕੀਤਾ ਜਾਵੇ, ਤਾਂ ਜੋ ਲੋਕ ਬਾਬੂ ਰਜਬ ਅਲੀ ਅਤੇ ਨਹਿਰੀ ਪ੍ਰਬੰਧ ਨਾਲ ਜੁੜੇ ਇਸ ਇਤਿਹਾਸ ਤੋਂ ਜਾਣੂ ਹੋ ਸਕਣ।
ਪੰਨੀਵਾਲਾ ਫੱਤਾ ਦੇ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਬਾਬੂ ਰਜਬ ਅਲੀ ਦੇ ਚੇਲੇ ਸਨ। ਉਹ ਅਕਸਰ ਨਹਿਰੀ ਆਰਾਮ ਘਰ ਜਾਂਦੇ ਅਤੇ ਬਾਬੂ ਜੀ ਦੀਆਂ ਕਵਿਤਾਵਾਂ ਸੁਣਦੇ ਸਨ। ਗੁਰਬਿੰਦਰ ਸਿੰਘ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਸਵਰਗੀ ਕਾਸ਼ੀ ਰਾਮ ਵੀ ਬਾਬੂ ਰਜਬ ਅਲੀ ਦੇ ਬਹੁਤ ਭਗਤ ਸਨ ਅਤੇ ਉਨ੍ਹਾਂ ਲਈ ਦੁੱਧ, ਖੀਰ ਤੇ ਲੱਸੀ ਲੈ ਕੇ ਜਾਂਦੇ ਸਨ।
ਬਚੀਆਂ ਨਹਿਰੀ ਕੋਠੀਆਂ ਸੰਭਾਲਾਂਗੇ : ਖੁੱਡੀਆਂ
ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਕਈ ਨਹਿਰੀ ਆਰਾਮ ਘਰ ਵੇਚ ਦਿੱਤੇ ਗਏ। ਉਨ੍ਹਾਂ ਕਿਹਾ ਕਿ ਜੋ ਨਹਿਰੀ ਕੋਠੀਆਂ ਬਚੀਆਂ ਹਨ, ਉਨ੍ਹਾਂ ਦੀ ਸੰਭਾਲ ਕੀਤੀ ਜਾਵੇਗੀ ਅਤੇ ਸਰਕਾਰ ਵਿਰਾਸਤੀ ਚੀਜ਼ਾਂ ਨੂੰ ਸਾਂਭਣ ਲਈ ਕੰਮ ਕਰ ਰਹੀ ਹੈ।
ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ।