- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਨੂੰ ਦਿੱਤੇ ਬਿਆਨਾਂ ’ਚ ਤਰਸੇਮ ਕੁਮਾਰ ਬੱਤਰਾ ਨੇ ਦੱਸਿਆ ਕਿ ਉਹ ਮੁਕਤਸਰ ਦੀ ਨਵੀਂ ਅਨਾਜ ਮੰਡੀ ’ਚ ਦੁਕਾਨ ਨੰਬਰ 70 ਵਿਖੇ ਐੱਮਐੱਲ ਬੱਤਰਾ ਸੰਨਜ਼ ਦੇ ਨਾਂ ’ਤੇ ਆੜ੍ਹਤ ਦਾ ਕੰਮ ਕਰਦਾ ਹੈ। ਉਸ ਦਾ ਪਰਿਵਾਰ ਬੈਂਸ ਕਾਲੋਨੀ ’ਚ ਰਹਿੰਦਾ ਹੈ, ਜਿਸ ’ਚ ਉਸ ਦੀ ਪਤਨੀ ਰੁਪਿੰਦਰ ਕੁਮਾਰੀ ਬੱਤਰਾ ਅਤੇ ਦੋ ਬੇਟੇ ਸਨਮ ਬੱਤਰਾ ਤੇ ਅਰਸ਼ ਕੁਮਾਰ ਬੱਤਰਾ ਸ਼ਾਮਲ ਹਨ।

ਜਤਿੰਦਰ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਥਾਣਾ ਸਿਟੀ ਪੁਲਿਸ ਨੂੰ ਬੈਂਸ ਕਾਲੋਨੀ ਦੇ ਰਹਿਣ ਵਾਲੇ ਤਰਸੇਮ ਕੁਮਾਰ ਬੱਤਰਾ ਪੁੱਤਰ ਮੁਕੰਦ ਲਾਲ ਬੱਤਰਾ ਨੇ ਵਿਦੇਸ਼ੀ ਨੰਬਰ ਤੋਂ ਫੋਨ ਆਉਣ ’ਤੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਜਾਨੋਂ ਮਾਰਨ ਦੀ ਧਮਕੀ ਦੇ ਕੇ 5 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦੀ ਸ਼ਿਕਾਇਤ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਤਰਸੇਮ ਕੁਮਾਰ ਬੱਤਰਾ ਨੇ ਦੱਸਿਆ ਕਿ ਉਹ ਮੁਕਤਸਰ ਦੀ ਨਵੀਂ ਅਨਾਜ ਮੰਡੀ ’ਚ ਦੁਕਾਨ ਨੰਬਰ 70 ਵਿਖੇ ਐੱਮਐੱਲ ਬੱਤਰਾ ਸੰਨਜ਼ ਦੇ ਨਾਂ ’ਤੇ ਆੜ੍ਹਤ ਦਾ ਕੰਮ ਕਰਦਾ ਹੈ। ਉਸ ਦਾ ਪਰਿਵਾਰ ਬੈਂਸ ਕਾਲੋਨੀ ’ਚ ਰਹਿੰਦਾ ਹੈ, ਜਿਸ ’ਚ ਉਸ ਦੀ ਪਤਨੀ ਰੁਪਿੰਦਰ ਕੁਮਾਰੀ ਬੱਤਰਾ ਅਤੇ ਦੋ ਬੇਟੇ ਸਨਮ ਬੱਤਰਾ ਤੇ ਅਰਸ਼ ਕੁਮਾਰ ਬੱਤਰਾ ਸ਼ਾਮਲ ਹਨ।
ਤਰਸੇਮ ਨੇ ਦੱਸਿਆ ਕਿ 23 ਜੁਲਾਈ ਨੂੰ ਉਸ ਦੇ ਮੋਬਾਈਲ ਨੰਬਰ ’ਤੇ ਵਟਸਐਪ ਕਾਲ ਰਾਹੀਂ 1(775)351-3884 ਨੰਬਰ ਤੋਂ ਕਾਲ ਆਈ। ਜਦੋਂ ਉਸ ਨੇ ਵਾਪਸ ਕਾਲ ਕੀਤੀ ਤਾਂ ਅੱਗੋਂ ਬੋਲਣ ਵਾਲੇ ਨੇ ਆਪਣੇ ਆਪ ਨੂੰ ਆਰਜ਼ੂ ਬਿਸ਼ਨੋਈ ਦੱਸਿਆ ਅਤੇ ਕਿਹਾ ਕਿ ਜੇਕਰ 2 ਕਰੋੜ ਰੁਪਏ ਨਾ ਦਿੱਤੇ ਤਾਂ ਉਸ ਨੂੰ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ। ਇਸ ਮਾਮਲੇ ’ਚ ਤਰਸੇਮ ਨੇ 24 ਜੁਲਾਈ ਨੂੰ ਐੱਸਐੱਸਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ 25 ਜੁਲਾਈ ਨੂੰ ਫਿਰ ਤੋਂ 1(740)408-6859 ਨੰਬਰ ਤੋਂ ਤਿੰਨ ਵਾਰ ਰੁਕ-ਰੁਕ ਕੇ ਕਾਲਾਂ ਆਈਆਂ। ਫੋਨ ਕਰਨ ਵਾਲੇ ਨੇ ਫਿਰ ਉਹੀ ਆਰਜ਼ੂ ਬਿਸ਼ਨੋਈ ਦੀ ਆਵਾਜ਼ ’ਚ ਹੁਣ 5 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਅਤੇ ਧਮਕੀ ਦਿੱਤੀ। ਤਰਸੇਮ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਪੁਲਿਸ ਨੇ ਫਿਲਹਾਲ ਆਰਜ਼ੂ ਬਿਸ਼ਨੋਈ ਦੇ ਨਾਂ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਾਲ ਡਿਟੇਲਜ਼ ਅਤੇ ਵਟਸਐਪ ਨੰਬਰਾਂ ਦੇ ਆਧਾਰ ’ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।