‘ਆਪ’ ਦੀ ਗੁਰਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਬਣੀ, ਸ਼ੋ੍ਅਦ ਨੇ ਕੀਤਾ ਵਿਰੋਧ ‘ਆਪ’ ਦੀ ਗੁਰਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਬਣੀ, ਸ਼ੋ੍ਅਦ ਨੇ ਕੀਤਾ ਵਿਰੋਧ, ਹਾਈਕੋਰਟ ਜਾਣ ਦੀ ਚੇਤਾਵਨੀ
Publish Date: Tue, 30 Jun 2026 05:09 PM (IST)
Updated Date: Tue, 30 Jun 2026 05:10 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਮੰਗਲਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ। ਵੋਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਗੁਰਵਿੰਦਰ ਕੌਰ ਬਰਾੜ ਮਲੋਟ ਨੂੰ ਚੇਅਰਪਰਸਨ ਚੁਣਿਆ ਗਿਆ। ਜਦਕਿ ਵਾਈਸ ਚੇਅਰਪਰਸਨ ਵਜੋਂ ਸ਼ੋ੍ਮਣੀ ਅਕਾਲੀ ਦਲ ਦੀ ਕੁਲਵਿੰਦਰ ਕੌਰ ਜੱਸੇਆਣਾ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ, ਕਿਉਂਕਿ ‘ਆਪ’ ਕੋਲ ਵਾਈਸ ਚੇਅਰਮੈਨ ਪਦ ਲਈ ਕੋਈ ਉਮੀਦਵਾਰ ਨਹੀਂ ਸੀ। ਇਹ ਸਾਰੀ ਪ੍ਰਕਿਰਿਆ ਰੈੱਡ ਕਰਾਸ ਭਵਨ ਵਿਖੇ ਨੇਪਰੇ ਚੜ੍ਹੀ। ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਸੱਤਾ ਧਿਰ ਦੇ ਇਸ਼ਾਰੇ ’ਤੇ ਸ਼ਰੇਆਮ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਆਰੋਪ ਲਗਾਇਆ ਕਿ ਜ਼ਿਲ੍ਹੇ ਦੀਆਂ 13 ਸੀਟਾਂ ’ਚੋਂ 7 ਸ਼ੋ੍ਅਦ ਕੋਲ ਸਨ, ਜਦਕਿ ‘ਆਪ’ ਕੋਲ ਸਿਰਫ਼ 5 ਅਤੇ ਕਾਂਗਰਸ ਕੋਲ 1 ਮੈਂਬਰ ਸੀ। ਅਜਿਹੇ ਹਾਲਾਤ ’ਚ ਚੇਅਰਮੈਨ ਸ਼ੋ੍ਅਦ ਦਾ ਬਣਨਾ ਚਾਹੀਦਾ ਸੀ। ਅਕਾਲੀ ਆਗੂ ਮਨਜਿੰਦਰ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਬਲਾਕ ਸੰਮਤੀ ਦੇ ਦੋ ਚੇਅਰਮੈਨਾਂ ਸਮੇਤ ਉਨ੍ਹਾਂ ਕੋਲ 9 ਮੈਂਬਰ ਸਨ। ਉਨ੍ਹਾਂ ਕਿਹਾ ਕਿ ਸਾਡੀ ਇੱਕ ਵੋਟ ਰੱਦ ਕਰ ਦਿੱਤੀ ਗਈ ਅਤੇ ਇੱਕ ਮੈਂਬਰ ਦੀ ਵੋਟ ਨੂੰ ਧੱਕੇ ਨਾਲ ‘ਆਪ’ ’ਚ ਸ਼ਾਮਲ ਕਰਕੇ ਸਾਨੂੰ 8-7 ਦੇ ਫਰਕ ਨਾਲ ਹਰਾਇਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਐਸਡੀਐਮ ਨੇ ਮੰਤਰੀ ਅਤੇ ਵਿਧਾਇਕ ਦੇ ਦਬਾਅ ਹੇਠ ਆ ਕੇ ਮਨਮਾਨੀ ਕੀਤੀ ਹੈ। ਉਹ ਇਸ ਪੂਰੇ ਮਾਮਲੇ ਨੂੰ ਹਾਈਕੋਰਟ ’ਚ ਚੁਣੌਤੀ ਦੇਣਗੇ। 16 ਮੈਂਬਰ ਹੋਏ ਸਨ ਹਾਜ਼ਰ : ਐੱਸਡੀਐੱਮ ਐਸਡੀਐਮ ਗੁਰਕਿਰਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕੁੱਲ 17 ਮੈਂਬਰ ਹਨ, ਜਿਨ੍ਹਾਂ ’ਚ 13 ਜ਼ਿਲ੍ਹਾ ਪ੍ਰੀਸ਼ਦ ਦੇ ਅਤੇ 4 ਬਲਾਕ ਸੰਮਤੀ ਦੇ ਚੇਅਰਮੈਨ ਸ਼ਾਮਲ ਹਨ। ਅੱਜ ਚੋਣ ਦੌਰਾਨ 16 ਮੈਂਬਰ ਹਾਜ਼ਰ ਹੋਏ। ਚੇਅਰਪਰਸਨ ਦੇ ਅਹੁਦੇ ਲਈ ਦੋ ਉਮੀਦਵਾਰ ਗੁਰਵਿੰਦਰ ਕੌਰ ਅਤੇ ਜਸਪ੍ਰੀਤ ਕੌਰ ਮੈਦਾਨ ’ਚ ਸਨ। ਮੈਂਬਰਾਂ ਦੀ ਵੋਟਿੰਗ ਦੌਰਾਨ ‘ਆਪ’ ਨੂੰ 8 ਵੋਟਾਂ ਮਿਲੀਆਂ, ਸ਼ੋ੍ਅਦ ਨੂੰ 7 ਅਤੇ 1 ਵੋਟ ਰੱਦ ਹੋ ਗਈ। ਕਾਂਗਰਸ ਨਾਲ ਸਬੰਧਤ ਇੱਕ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੈਰ-ਹਾਜ਼ਰ ਰਿਹਾ। ਇਸ ਤਰ੍ਹਾਂ ਗੁਰਵਿੰਦਰ ਕੌਰ ਚੇਅਰਪਰਸਨ ਚੁਣੀ ਗਈ। ਉਨ੍ਹਾਂ ਕਿਹਾ ਕਿ ਸਾਰੀ ਪ੍ਰਕਿਰਿਆ ਕੈਮਰੇ ਦੀ ਨਿਗਰਾਨੀ ਹੇਠ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਦੀ ਮੌਜੂਦਗੀ ’ਚ ਪਾਰਦਰਸ਼ੀ ਢੰਗ ਨਾਲ ਹੋਈ ਹੈ। ਆਪ ਨੇ ਮਨਾਇਆ ਜਸ਼ਨ ਚੇਅਰਪਰਸਨ ਬਣਨ ਤੇ ‘ਆਪ’ ਵੱਲੋਂ ਜ਼ੋਰਦਾਰ ਜਸ਼ਨ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਗਿੱਦੜਬਾਹਾ ਤੋਂ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾ ਸਨੀ ਢਿੱਲੋਂ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਨਵ-ਨਿਯੁਕਤ ਚੇਅਰਪਰਸਨ ਗੁਰਵਿੰਦਰ ਕੌਰ ਨੇ ਕਿਹਾ ਕਿ ਉਹ ਵਿਕਾਸ ਕਾਰਜਾਂ ਨੂੰ ਪਹਿਲ ਦੇਣਗੇ। ਵਾਈਸ ਚੇਅਰਪਰਸਨ ਕੁਲਵਿੰਦਰ ਕੌਰ ਜੱਸੇਆਣਾ ਨੇ ਕਿਹਾ ਕਿ ਉਹ ਚੇਅਰਪਰਸਨ ਦੇ ਬਰਾਬਰ ਕੁਰਸੀ ਤੇ ਬੈਠ ਕੇ ਲੋਕਾਂ ਦੇ ਕੰਮ ਕਰਵਾਉਣਗੇ। ਧੱਕੇਸ਼ਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਰੋਜ਼ੀ ਬਰਕੰਦੀ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਕਿਹਾ ਕਿ ਇਸਤੋਂ ਹਫ਼ਤਾ ਪਹਿਲਾਂ ਵੀ ਜਦੋਂ ਚੇਅਰਮੈਨ ਦੀ ਚੋਣ ਹੋਣੀ ਸੀ ਤਾਂ ਸੱਤਾ ਧਿਰ ਨੇ ਬਾਈਕਾਟ ਕਰ ਦਿੱਤਾ ਸੀ। ਹੁਣ ਮੰਗਲਵਾਰ ਨੂੰ ਦੂਜੀ ਵਾਰ ਹੋਈ ਚੋਣ ’ਚ ਅਧਿਕਾਰੀਆਂ ਨੇ ਸੱਤਾ ਧਿਰ ਦੇ ਕਹਿਣ ’ਤੇ ਸ਼ਰੇਆਮ ਧੱਕੇਸ਼ਾਹੀ ਕੀਤੀ ਹੈ। ਅਜਿਹਾ ਕਰਨ ਵਾਲੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਕੋਲ ਹੁਣ ਸਿਰਫ਼ ਚਾਰ ਮਹੀਨੇ ਦੀ ਚੇਅਰਮੈਨਸ਼ਿਪ ਰਹੇਗੀ ਅਤੇ ਉਸਤੋਂ ਬਾਅਦ ਵਿਧਾਨ ਸਭਾ ਚੋਣਾਂ ’ਚ ਲੋਕ ਇਨ੍ਹਾਂ ਨੂੰ ਇਸ ਧੱਕੇਸ਼ਾਹੀ ਦਾ ਜਵਾਬ ਦੇਣਗੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਚੋਣਾਂ ਤੋਂ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਉਨ੍ਹਾਂ ਦੇ ਬਲਾਕ ਸੰਮਤੀ ਦੇ ਚੇਅਰਮੈਨ ਨੂੰ ਪੁਲਿਸ ਨੇ ਬਿਨਾਂ ਵਜ੍ਹਾ ਚੁੱਕ ਲਿਆ ਸੀ, ਜਿਸ ਨੂੰ ਉਨ੍ਹਾਂ ਨੇ ਦੇਰ ਸ਼ਾਮ ਰਿਹਾਅ ਕਰਵਾਇਆ। ਇਹ ਸਰਕਾਰ ਦੀ ਬੌਖਲਾਹਟ ਨੂੰ ਦਰਸਾਉਂਦਾ ਹੈ। ਸ਼ੋ੍ਮਣੀ ਅਕਾਲੀ ਦਲ ਦੀ ਆਦਤ ਹੈ ਝੂਠ ਬੋਲਣਾ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪਲਟਵਾਰ ਕਰਦਿਆਂ ਕਿਹਾ ਕਿ ਹਾਰ ਤੋਂ ਬਾਅਦ ਝੂਠ ਬੋਲਣਾ ਸ਼ੋ੍ਅਦ ਦੀ ਪੁਰਾਣੀ ਆਦਤ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ’ਚ ਕਿਸੇ ਕਿਸਮ ਦੀ ਕੋਈ ਧੱਕੇਸ਼ਾਹੀ ਨਹੀਂ ਹੁੰਦੀ ਅਤੇ ਚੋਣਾਂ ਪੂਰੀ ਕਾਨੂੰਨੀ ਪ੍ਰਕਿਰਿਆ ਤਹਿਤ ਹੋਈਆਂ ਹਨ। ਅਕਾਲੀ ਆਗੂ ਖੁਦ ਧੱਕੇਸ਼ਾਹੀਆਂ ਕਰਦੇ ਰਹੇ ਹਨ, ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ। ਉਨ੍ਹਾਂ ਨਵ-ਨਿਯੁਕਤ ਚੇਅਰਪਰਸਨ ਨੂੰ ਵਧਾਈ ਦਿੱਤੀ। ਇਸੇ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਝੂਠ ਫੈਲਾਉਣ ਦੀ ਬਜਾਏ ਇਸ ਗੱਲ ’ਤੇ ਮੰਥਨ ਕਰਨਾ ਚਾਹੀਦਾ ਹੈ ਕਿ ਲੋਕ ਉਨ੍ਹਾਂ ਤੋਂ ਦੂਰ ਕਿਉਂ ਹੋਏ ਹਨ। ਝੂਠ ਦੇ ਸਹਾਰੇ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜਿਆ ਜਾ ਸਕਦਾ। ਚੇਅਰਮੈਨ ਨੂੰ ਹਿਰਾਸਤ ’ਚ ਲੈਣ ਦੀ ਗੱਲ ਵੀ ਬਿਲਕੁਲ ਝੂਠੀ ਸੀ। ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ-ਪੱਖੀ ਕਾਰਜਾਂ ਨੂੰ ਪਸੰਦ ਕਰ ਰਹੇ ਹਨ।