ਆਮ ਆਦਮੀ ਪਾਰਟੀ ਦੇ ਐਡਵੋਕੇਟ ਗੌਰਵ ਜੈਨ ਚੀਨੂੰ ਬਣੇ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ
ਆਮ ਆਦਮੀ ਪਾਰਟੀ ਦੇ ਐਡਵੋਕੇਟ ਗੌਰਵ ਜੈਨ ਚੀਨੂੰ ਬਣੇ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ
Publish Date: Thu, 25 Jun 2026 07:03 PM (IST)
Updated Date: Thu, 25 Jun 2026 07:04 PM (IST)

-ਵਿਧਾਇਕ ਡਿੰਪੀ ਢਿੱਲੋਂ ਨੇ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਸ਼ਹਿਰ ਦਾ ਵਿਕਾਸ ਕਰਵਾਉਣ ਲਈ ਪ੍ਰੇਰਿਤ ਕੀਤਾ ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਨਗਰ ਕੌਂਸਲ ਦਫਤਰ ਗਿੱਦੜਬਾਹਾ ਵਿਖੇ ਅੱਜ ਬੀਤੇ ਮਹੀਨੇ ਹੋਈਆਂ ਕੌਂਸਲ ਚੋਣਾਂ ਦੌਰਾਨ ਜੇਤੂ ਰਹੇ ਕੌਂਸਲਰਾਂ ਦੀ ਪਹਿਲੀ ਮੀਟਿੰਗ ਹੋਈ। ਮੀਟਿੰਗ ਦੌਰਾਨ ਨਵੇਂ ਮੈਂਬਰਾਂ ਦੀ ਸਹੁੰ ਚੁਕਾਉਣ ਦੀ ਰਸਮ ਕਨਵੀਨਰ-ਕਮ-ਉਪ ਮੰਡਲ ਮੈਜਿਸਟਰੇਟ ਐੱਸਡੀਐੱਮ ਅਰਵਿੰਦਰਪਾਲ ਸਿੰਘ ਵੱਲੋਂ ਅਦਾ ਕੀਤੀ ਗਈ। ਮੀਟਿੰਗ ’ਚ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਵਾਇਸ ਪ੍ਰਧਾਨ ਦੇ ਅਹੁਦੇ ਲਈ ਵਾਰਡ ਨੰ 7 ਤੋਂ ਕੌਂਸਲਰ ਸ਼ਿਵਾਨੀ ਨੇ ਵਾਰਡ ਨੰ 11 ਦੀ ਕੌਂਸਲਰ ਜਸਵੀਨ ਕੌਰ ਦੇ ਨਾਮ ਦੀ ਤਜਵੀਜ ਕੀਤੀ ਜਿਸਨੂੰ ਮੀਟਿੰਗ ਦੌਰਾਨ ਹਾਜਰ ਕਾਂਗਰਸੀ ਕੌਂਸਲਰ ਦੀਪਕ ਗਰਗ ਤੇ ਰਮਨਜੀਤ ਕੌਰ ਤੋਂ ਇਲਾਵਾ ਬਾਕੀ ਹਾਊਸ ਨੇ ਹੱਥ ਖੜ੍ਹੇ ਕਰਕੇ ਤਾਇਦ ਕੀਤੀ। ਇਸਤੋਂ ਬਾਅਦ ਦੂਜੇ ਵਾਇਸ ਪ੍ਰਧਾਨ ਦੀ ਚੋਣ ਲਈ ਮਹਾਂਵੀਰ ਪੌੜੀ ਨੇ ਧਰਮਿੰਦਰ ਕੁਮਾਰ ਦੇ ਨਾਮ ਦੀ ਤਜਵੀਜ ਪੇਸ਼ ਕੀਤੀ ਜਿਸਨੂੰ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਤਾਇਦ ਕੀਤਾ ਗਿਆ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲਈ ਕੌਂਸਲਰ ਮਨਜਿੰਦਰ ਕੌਰ ਵੱਲੋਂ ਮਨਤਾਜ ਸਿੰਘ ਰੈਸਟੀ ਰੰਧਾਵਾ ਦੇ ਨਾਮ ਦੀ ਤਜਵੀਜ ਕੀਤੀ ਗਈ ਜਿਸ ਨੂੰ ਆਪ ਦੇ ਕੌਂਸਲਰਾਂ ਵੱਲੋਂ ਸਹਿਮਤੀ ਦਿੱਤੀ ਗਈ। ਇਸ ਉਪਰੰਤ ਨਗਰ ਕੌਂਸਲ ਪ੍ਰਧਾਨ ਦੀ ਚੋਣ ਲਈ ਕੌਂਸਲਰ ਭਿੰਦਰ ਸਿੰਘ ਵੱਲੋਂ ਗੌਰਵ ਜੈਨ ਚੀਨੂੰ ਦੇ ਨਾਮ ਦੀ ਤਜਵੀਜ ਰੱਖੀ ਗਈ ਜਿਸ ਦੀ ਤਾਇਦ ਕੌਂਸਲਰ ਮਾਧੋ ਦਾਸ ਸਿੰਘ ਖਾਲਸਾ ਵੱਲੋਂ ਕੀਤੀ ਗਈ ਅਤੇ ਬਾਕੀ ਕੌਂਸਲਰਾਂ ਵੱਲੋਂ ਹੱਥ ਖੜ੍ਹੇ ਕਰਕੇ ਆਪਣੀ ਸਹਿਮਤੀ ਦਿੱਤੀ ਗਈ ਜਿਸ ਤੋਂ ਗੌਰਵ ਜੈਨ ਚੀਨੂੰ ਨਗਰ ਕੌਂਸਲ ਗਿੱਦੜਬਾਹਾ ਦੇ ਪ੍ਰਧਾਨ ਬਣੇ। ਮੀਟਿੰਗ ਦੌਰਾਨ ਵਾਰਡ ਨੰਬਰ 14 ਤੋਂ ਆਪ ਕੌਂਸਲਰ ਤੇ ਸਾਬਕਾ ਕੌਂਸਲ ਪ੍ਰਧਾਨ ਜਸਵੀਰ ਸਿੰਘ ਮਾਨ, ਵਾਰਡ ਨੰ 4 ਤੋਂ ਆਪ ਕੌਂਸਲਰ ਲਗਨਪ੍ਰੀਤ ਸਿੰਘ ਲਾਲੀ ਮਾਨ ਅਤੇ ਵਾਰਡ ਨੰ 19 ਤੋਂ ਆਪ ਕੌਂਸਲਰ ਗੀਤਾਂਸ਼ੂ ਬੁੱਟਰ ਗੈਰ ਹਾਜਰ ਰਹੇ, ਇਸ ਮੌਕੇ ਵਿਧਾਇਕ ਡਿੰਪੀ ਢਿੱਲੋਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਅਹੁਦੇ ਅਤੇ ਕੁਰਸੀ ਦੀ ਚਾਹ ਹੁੰਦੀ ਹੈ ਅਤੇ ਆਪਣੀ ਦਾਅਵੇਦਾਰੀ ਪੇਸ਼ ਕਰਨਾ ਹਰ ਇਕ ਦਾ ਅਧਿਕਾਰ ਹੈ ਪਰੰਤੂ ਨਵੇਂ ਚੁਣੇ ਪ੍ਰਧਾਨ ਗੌਰਵ ਜੈਨ ਚੀਨੂੰ ਬੀਤੇ ਲੰਬੇ ਸਮੇਂ ਤੋਂ ਸ਼ਹਿਰ ਦੀ ਸੇਵਾ ਕਰ ਰਹੇ ਸਨ ਅਤੇ ਉਹ ਇਸ ਅਹੁਦੇ ਦੇ ਹੱਕਦਾਰ ਸਨ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਕੋਈ ਕੌਂਸਲਰ ਅਹੁਦਾ ਨਾ ਮਿਲਣ ਕਾਰਨ ਨਾਰਾਜ ਹੋਇਆ ਹੈ, ਤਾਂ ਉਹ ਖੁਦ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਮੰਨਾਉਣਗੇ। ਇਸ ਮੌਕੇ ਪ੍ਰਧਾਨ ਗੌਰਵ ਜੈਨ ਚੀਨੂੰ ਨੇ ਕਿਹਾ ਕਿ ਸ਼ਹਿਰ ਦਾ ਵਿਕਾਸ ਬਿਨਾਂ ਕਿਸੇ ਪੱਖਪਾਤ ਦੇ ਪਹਿਲ ਦੇ ਆਧਾਰ ਤੇ ਕਰਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੋਵੇਗੀ ਅਤੇ ਉਹ ਪੂਰੇ ਹਾਊਸ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੁਨੀਲ ਦੱਤ ਵਰਮਾ , ਸੰਦੀਪ ਸਿੰਘ ਸਨੀ ਢਿੱਲੋ,ਜਿਲਾ ਪ੍ਰੀਸ਼ਦ ਮੈਂਬਰ ਸ਼ਮਿੰਦਰ ਕੋਟਲੀ, ਚਰਨਜੀਤ ਲੁਹਾਰਾ ਨਵੀ ਮਧੀਰ ਵੀ ਹਾਜ਼ਰ ਸਨ।