- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਸਟੱਡ ਫਾਰਮ ਅਤੇ ਘੋੜਾ ਸਿਖਲਾਈ ਕੇਂਦਰ ਇਸ ਦਿਸ਼ਾ 'ਚ ਨਵੀਂ ਮਿਸਾਲ ਬਣਦਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇੱਥੇ ਘੋੜਿਆਂ ਦੀ ਦੇਖਭਾਲ ਤੇ ਉਨ੍ਹਾਂ ਦੀ ਟ੍ਰੇਨਿੰਗ ਵਿਗਿਆਨਕ ਤਰੀਕੇ ਨਾਲ ਕੀਤੀ ਜਾ ਰਹੀ ਹੈ, ਜਿੱਥੇ ਹੁਣ 'ਐਥਲੀਟ ਘੋੜੇ' ਤਿਆਰ ਹੋ ਰਹੇ ਹਨ। ਪੁਰਾਣੇ ਸਮੇਂ 'ਚ ਜਿੱਥੇ ਘੋੜਾ ਪਾਲਣ ਸੀਮਤ ਸਾਧਨਾਂ 'ਤੇ ਅਧਾਰਤ ਸੀ, ਉੱਥੇ ਹੁਣ

ਜਾਗਰਣ ਸੰਵਾਦਦਾਤਾ, ਸ੍ਰੀ ਮੁਕਤਸਰ ਸਾਹਿਬ: ਪੰਜਾਬ 'ਚ ਘੁੜਸਵਾਰੀ ਤੇ ਘੋੜਾ ਪਾਲਣ ਸਿਰਫ਼ ਸ਼ੌਕ ਨਹੀਂ, ਸਗੋਂ ਕਾਰੋਬਾਰ ਦੇ ਨਾਲ-ਨਾਲ ਇਕ ਅਮੀਰ ਪਰੰਪਰਾ ਵੀ ਹੈ। ਹੁਣ ਇਸੇ ਪਰੰਪਰਾ ਨੂੰ ਆਧੁਨਿਕ ਤਕਨੀਕ ਨਾਲ ਜੋੜ ਕੇ ਇਕ ਨਵਾਂ ਆਯਾਮ ਦਿੱਤਾ ਜਾ ਰਿਹਾ ਹੈ।
ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਸਟੱਡ ਫਾਰਮ ਅਤੇ ਘੋੜਾ ਸਿਖਲਾਈ ਕੇਂਦਰ ਇਸ ਦਿਸ਼ਾ 'ਚ ਨਵੀਂ ਮਿਸਾਲ ਬਣਦਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇੱਥੇ ਘੋੜਿਆਂ ਦੀ ਦੇਖਭਾਲ ਤੇ ਉਨ੍ਹਾਂ ਦੀ ਟ੍ਰੇਨਿੰਗ ਵਿਗਿਆਨਕ ਤਰੀਕੇ ਨਾਲ ਕੀਤੀ ਜਾ ਰਹੀ ਹੈ, ਜਿੱਥੇ ਹੁਣ 'ਐਥਲੀਟ ਘੋੜੇ' ਤਿਆਰ ਹੋ ਰਹੇ ਹਨ। ਪੁਰਾਣੇ ਸਮੇਂ 'ਚ ਜਿੱਥੇ ਘੋੜਾ ਪਾਲਣ ਸੀਮਤ ਸਾਧਨਾਂ 'ਤੇ ਅਧਾਰਤ ਸੀ, ਉੱਥੇ ਹੁਣ ਇਸ ਵਿਚ ਆਧੁਨਿਕ ਤਕਨੀਕ ਦਾ ਵੀ ਸੁਮੇਲ ਹੋ ਚੁੱਕਾ ਹੈ। ਇਸ ਕੇਂਦਰ 'ਚ ਘੋੜਿਆਂ ਦੀ ਨਸਲ ਸੁਧਾਰ, ਸਿਹਤ ਜਾਂਚ ਤੇ ਸੰਤੁਲਿਤ ਖ਼ੁਰਾਕ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।
ਇੱਥੇ ਘੋੜਿਆਂ ਨੂੰ ਐਥਲੀਟਾਂ ਵਾਂਗ ਤਿਆਰ ਕੀਤਾ ਜਾਂਦਾ ਹੈ। ਇੱਥੇ ਮਾਰਵਾੜੀ, ਨੁਕਰਾ, ਥਾਨਾ ਬੇਲਾ, ਅਤੇ ਅਮਰੀਕਨ ਮਿਨੀਏਚਰ ਵਰਗੀਆਂ ਖਾਸ ਨਸਲਾਂ ਦੇ 90 ਤੋਂ ਵੱਧ ਘੋੜੇ ਹਨ। ਢਾਈ ਸਾਲ ਦੀ ਉਮਰ ਤੋਂ ਬਾਅਦ ਘੋੜਿਆਂ ਨੂੰ 'ਥਰੋਟ' ਅਤੇ 'ਕੈਂਟਰ' ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਤਿੰਨ ਸਾਲ ਪੂਰੇ ਹੋਣ ਤੋਂ ਬਾਅਦ ਉਨ੍ਹਾਂ ਦੀ ਰਾਈਡਿੰਗ ਸ਼ੁਰੂ ਕਰਵਾਈ ਜਾਂਦੀ ਹੈ।
ਇਹ ਫਾਰਮ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਟੱਡ ਫਾਰਮ ਹੈ, ਜਿੱਥੇ ਮਾਰਵਾੜੀ ਤੇ ਨੁਕਰਾ ਨਸਲ ਦੇ ਘੋੜਿਆਂ ਨੂੰ ਬੜੇ ਸ਼ੌਕ ਨਾਲ ਪਾਲਿਆ ਗਿਆ ਹੈ। 21 ਕਰੋੜ ਰੁਪਏ ਦੀ ਕੀਮਤ ਵਾਲਾ ਮਾਰਵਾੜੀ ਘੋੜਾ 'ਡੇਵਿਡ' ਵੀ ਇੱਥੇ ਹੀ ਹੈ, ਜਿਸ ਦੀ ਲੰਬਾਈ 72 ਇੰਚ ਹੈ।
ਸਟੱਡ ਫਾਰਮ ਦੇ ਸੰਚਾਲਕ ਵਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਮੇਂ ਬਾਦਲ ਸਟੱਡ ਫਾਰਮ 'ਚ ਦੋ ਨਸਲਾਂ (ਮਾਰਵਾੜੀ ਅਤੇ ਨੁਕਰਾ) ਦੇ 23 ਘੋੜੇ ਹਨ। ਸਟੱਡ 'ਚ ਘੋੜਿਆਂ ਦੇ ਖਾਣ-ਪੀਣ ਤੋਂ ਲੈ ਕੇ ਸਾਫ਼-ਸਫ਼ਾਈ ਤਕ ਹਰ ਚੀਜ਼ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਲਗਪਗ 20 ਸਾਲ ਪੁਰਾਣੇ ਇਸ ਸਟੱਡ ਫਾਰਮ ਵਿੱਚ ਘੋੜਿਆਂ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਘੋੜਿਆਂ ਨੂੰ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੀ ਚਾਲ, ਸਟੈਮਿਨਾ ਤੇ ਪ੍ਰਦਰਸ਼ਨ ਲਈ ਸਿਖਲਾਈ ਦਿੱਤੀ ਜਾਂਦੀ ਹੈ। ਇੱਥੇ ਪ੍ਰਸਿੱਧ 'ਡੇਵਿਡ' ਵਰਗੇ ਘੋੜਿਆਂ ਨੂੰ ਘੋੜ ਦੌੜ, ਚਾਲ ਅਤੇ ਵਫ਼ਾਦਾਰੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਸ ਵਿਚ ਅਕਸਰ 15-20 ਦਿਨਾਂ ਦਾ ਗਹਿਰਾ ਸੈਸ਼ਨ ਸ਼ਾਮਲ ਹੁੰਦਾ ਹੈ।
ਬਰਾੜ ਨੇ ਦੱਸਿਆ ਕਿ ਮਾਘੀ ਦੇ ਮੌਕੇ ਮੁਕਤਸਰ ਦੀ ਲੰਬੀ ਢਾਬ 'ਚ ਪਸ਼ੂ ਮੰਡੀ ਲੱਗਦੀ ਹੈ, ਜਿੱਥੇ ਉਹ ਆਪਣੇ ਘੋੜਿਆਂ ਨੂੰ ਪ੍ਰਦਰਸ਼ਿਤ ਕਰਨ ਲਈ ਲੈ ਕੇ ਜਾਂਦੇ ਹਨ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਲੱਗਣ ਵਾਲੇ ਪਸ਼ੂ ਮੇਲਿਆਂ 'ਚ ਵੀ ਘੋੜੇ ਲਿਜਾਏ ਜਾਂਦੇ ਹਨ। ਹੁਣ ਸਤੰਬਰ 'ਚ ਰਾਜਸਥਾਨ 'ਚ ਲੱਗਣ ਵਾਲੇ ਪਸ਼ੂ ਮੇਲੇ ਵਿੱਚ ਵੀ ਉਹ ਆਪਣੇ ਘੋੜਿਆਂ ਨੂੰ ਲੈ ਕੇ ਜਾਣਗੇ।