ਬੱਸ ਤੇ ਟਰੈਕਟਰ-ਟਰਾਲੀ ’ਚ ਜ਼ਬਰਦਸਤ ਟੱਕਰ, 15 ਜ਼ਖ਼ਮੀ
ਬੱਸ ਅਤੇ ਟਰੈਕਟਰ-ਟਰਾਲੀ ਵਿਚਕਾਰ ਜ਼ਬਰਦਸਤ ਟੱਕਰ, 15 ਜ਼ਖ਼ਮੀ
Publish Date: Sun, 28 Jun 2026 05:11 PM (IST)
Updated Date: Sun, 28 Jun 2026 05:13 PM (IST)

ਪੱਤਰ ਪ੍ਰਰੇਕ, ਪੰਜਾਬੀ ਜਾਗਰਣ, ਮਲੋਟ : ਮਲੋਟ ’ਚ ਬਠਿੰਡਾ ਰੋਡ ’ਤੇ ਸ਼ਨੀਵਾਰ ਦੇਰ ਰਾਤ ਕਰੀਬ 10 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਚੰਡੀਗੜ੍ਹ ਤੋਂ ਫ਼ਾਜ਼ਿਲਕਾ ਵੱਲ ਜਾ ਰਹੀ ਪੀਆਰਟੀਸੀ ਦੀ ਬੱਸ ਦੀ ਇੱਕ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ’ਚ ਬੱਸ ਸਵਾਰੀਆਂ ਸਮੇਤ 15 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਲੋਟ ਵਿਖੇ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਚੰਨੂ ਢਾਬੇ ਦੇ ਨੇੜੇ ਵਾਪਰਿਆ। ਚੰਡੀਗੜ੍ਹ ਤੋਂ ਅਬੋਹਰ-ਫ਼ਾਜ਼ਿਲਕਾ ਰੂਟ ’ਤੇ ਜਾ ਰਹੀ ਬੱਸ ਦੀ ਟਰੈਕਟਰ-ਟਰਾਲੀ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੀਆਂ ਲਾਈਟਾਂ ਬੰਦ ਹੋ ਗਈਆਂ ਅਤੇ ਬੱਸ ਬੇਕਾਬੂ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਬੱਸ ’ਚ 40 ਤੋਂ ਵੱਧ ਸਵਾਰੀਆਂ ਮੌਜੂਦ ਸਨ। ਹਾਦਸੇ ’ਚ ਬੱਸ ਚਾਲਕ ਰਵਿੰਦਰ ਮੋਹਨ ਅਤੇ ਟਰੈਕਟਰ ਚਾਲਕ ਮਹਿੰਦਰ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ। ਦੋਵਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਬੱਸ ’ਚ ਸਵਾਰ ਜ਼ਖ਼ਮੀਆਂ ’ਚ ਸੁਰਿੰਦਰ ਕੁਮਾਰ (45), ਪ੍ਰਵੀਨ (34), ਅਮਨਦੀਪ (27), ਅਜੀਤ ਸਿੰਘ, ਸੋਨੀਆ (34) ਪਤਨੀ ਰਾਜੀਵ, ਰਾਜੀਵ, ਮੇਹਰਾ, ਅਭਿਰਾਜ (5), ਨੀਤੂ, ਨੀਰੂ (55) ਅਤੇ ਜਸਪ੍ਰੀਤ (24) ਸ਼ਾਮਲ ਹਨ। ਇਨ੍ਹਾਂ ਸਭ ਦਾ ਸਿਵਲ ਹਸਪਤਾਲ ਮਲੋਟ ਵਿਖੇ ਇਲਾਜ ਚੱਲ ਰਿਆ ਹੈ। ਜ਼ਖ਼ਮੀਆਂ ’ਚ ਪੰਜ ਅਤੇ ਅੱਠ ਸਾਲ ਦੇ ਬੱਚੇ ਵੀ ਸ਼ਾਮਲ ਹਨ। ਇਸਤੋਂ ਇਲਾਵਾ ਕੁਝ ਮੁਸਾਫ਼ਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਜਿਨ੍ਹਾਂ ਨੂੰ ਮੁਢਲੀ ਸਹਾਇਤਾ (ਫਸਟ ਏਡ) ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਸਿਵਲ ਹਸਪਤਾਲ ’ਚ ਭਰਤੀ ਅਬੋਹਰ ਦੀ ਰਹਿਣ ਵਾਲੀ ਮਾਹੀ ਨੇ ਦੱਸਿਆ ਕਿ ਬੱਸ ਚੰਡੀਗੜ੍ਹ ਤੋਂ ਅਬੋਹਰ ਜਾ ਰਹੀ ਸੀ ਅਤੇ ਉਹ ਬਠਿੰਡਾ ਤੋਂ ਬੱਸ ’ਚ ਸਵਾਰ ਹੋਈ ਸੀ। ਜਦੋਂ ਬੱਸ ਮਲੋਟ ’ਚ ਬਠਿੰਡਾ ਰੋਡ ’ਤੇ ਪਹੁੰਚੀ ਤਾਂ ਟਰੈਕਟਰ-ਟਰਾਲੀ ਨਾਲ ਸਿੱਧੀ ਟੱਕਰ ਹੋ ਗਈ ਅਤੇ ਬੱਸ ਦੀਆਂ ਲਾਈਟਾਂ ਇੱਕਦਮ ਬੰਦ ਹੋ ਗਈਆਂ। ਟੱਕਰ ਤੋਂ ਬਾਅਦ ਬੱਸ ਬੇਕਾਬੂ ਹੋ ਗਈ। ਹਾਦਸੇ ਦੇ ਸਮੇਂ ਬੱਸ ’ਚ 40 ਤੋਂ ਵੱਧ ਲੋਕ ਸਵਾਰ ਸਨ। ਡਰਾਈਵਰ ਨੇ ਬੜੀ ਮੁਸ਼ਕਲ ਨਾਲ ਬੱਸ ’ਤੇ ਕਾਬੂ ਪਾਇਆ, ਪਰ ਫਿਰ ਵੀ 15 ਤੋਂ ਵੱਧ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜਦੋਂ ਇਹ ਟੱਕਰ ਹੋਈ ਤਾਂ ਬੱਸ ਵਿੱਚ ਚੀਕ-ਚਿਹਾੜਾ ਮਚ ਗਿਆ ਅਤੇ ਲੋਕ ਇੱਕ-ਦੂਜੇ ਦੇ ਉੱਪਰ ਜਾ ਡਿੱਗੇ। ਕਈਆਂ ਦੇ ਸਿਰ, ਮੱਥੇ, ਲੱਤਾਂ, ਬਾਂਹਾਂ ਅਤੇ ਮੂੰਹ ਸਮੇਤ ਸਰੀਰ ਦੇ ਹੋਰ ਹਿੱਸਿਆਂ ਤੇ ਗੰਭੀਰ ਸੱਟਾਂ ਲੱਗੀਆਂ ਹਨ। ਪਿੰਡ ਮਿੱਡਾ ਦੀ ਰਹਿਣ ਵਾਲੀ ਮੀਨੂ ਰਾਣੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਬੱਸ ’ਚ ਬੈਠੇ ਸਨ। ਮਲੋਟ ’ਚ ਬੱਸ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ, ਜਿਸ ਕਾਰਨ ਮੇਰੇ ਸੱਟਾਂ ਲੱਗੀਆਂ ਹਨ ਅਤੇ ਮੇਰਾ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਬੱਸ ਪੂਰੀ ਤਰ੍ਹਾਂ ਬੇਕਾਬੂ ਹੋ ਗਈ ਸੀ। ਪੁਲਿਸ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਡੀਐਸਪੀ ਜਸਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।