ਜ਼ੀਰਕਪੁਰ ਦਾ ਦਰਦਨਾਕ ਕਾਂਡ: ਸੀਏ ਰਾਜੀਵ ਬਾਲੀ ਅਤੇ ਪਤਨੀ ਦੀਆਂ ਲਾਸ਼ਾਂ ਨਹਿਰਾਂ 'ਚੋਂ ਬਰਾਮਦ, ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਦਾ ਸ਼ੱਕ ਜ਼ੀਰਕਪੁਰ ਦੇ ਰਹਿਣ ਵਾਲੇ ਪ੍ਰਸਿੱਧ ਚਾਰਟਰਡ ਅਕਾਊਂਟੈਂਟ (ਸੀਏ) ਰਾਜੀਵ ਬਾਲੀ ਅਤੇ ਉਨ੍ਹਾਂ ਦੀ ਪਤਨੀ ਨੀਰਜਾ ਬਾਲੀ ਦੀ ਅਚਾਨਕ ਹੋਈ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। 21 ਜੁਲਾਈ ਤੋਂ ਲਾਪਤਾ ਇਸ ਜੋੜੇ (ਪਤੀ-ਪਤਨੀ) ਦੀਆਂ ਮ੍ਰਿਤਕ ਦੇਹਾਂ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਨਹਿਰਾਂ ਵਿਚੋਂ ਬਰਾਮਦ ਹੋਈਆਂ ਹਨ। ਮੁੱਢਲੀ ਜਾਂਚ ਦੌਰਾਨ ਪੁਲਿਸ ਆਰਥਿਕ ਦਬਾਅ ਅਤੇ ਮਾਨਸਿਕ ਤਣਾਅ ਸਮੇਤ ਵੱਖ-ਵੱਖ ਪੱਖਾਂ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Publish Date: Sat, 25 Jul 2026 11:59 AM (IST)
Updated Date: Sat, 25 Jul 2026 12:01 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਜ਼ੀਰਕਪੁਰ ਦੇ ਰਹਿਣ ਵਾਲੇ ਪ੍ਰਸਿੱਧ ਚਾਰਟਰਡ ਅਕਾਊਂਟੈਂਟ (ਸੀਏ) ਰਾਜੀਵ ਬਾਲੀ ਅਤੇ ਉਨ੍ਹਾਂ ਦੀ ਪਤਨੀ ਨੀਰਜਾ ਬਾਲੀ ਦੀ ਅਚਾਨਕ ਹੋਈ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। 21 ਜੁਲਾਈ ਤੋਂ ਲਾਪਤਾ ਇਸ ਜੋੜੇ (ਪਤੀ-ਪਤਨੀ) ਦੀਆਂ ਮ੍ਰਿਤਕ ਦੇਹਾਂ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਨਹਿਰਾਂ ਵਿਚੋਂ ਬਰਾਮਦ ਹੋਈਆਂ ਹਨ। ਮੁੱਢਲੀ ਜਾਂਚ ਦੌਰਾਨ ਪੁਲਿਸ ਆਰਥਿਕ ਦਬਾਅ ਅਤੇ ਮਾਨਸਿਕ ਤਣਾਅ ਸਮੇਤ ਵੱਖ-ਵੱਖ ਪੱਖਾਂ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਭਾਖੜਾ ਨਹਿਰ ਦੇ ਪੁਲ 'ਤੇ ਮਿਲੀ ਸੀ ਲਾਵਾਰਿਸ ਕਾਰ : ਪੁਲਿਸ ਅਨੁਸਾਰ 22 ਜੁਲਾਈ ਨੂੰ ਰਾਜਪੁਰਾ ਨੇੜੇ ਭਾਖੜਾ ਨਹਿਰ ਦੇ ਪੁਲ 'ਤੇ ਇਕ ਕਾਰ ਲਾਵਾਰਿਸ ਹਾਲਤ ਵਿਚ ਖੜ੍ਹੀ ਮਿਲੀ ਸੀ। ਗੱਡੀ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਵਿੱਚੋਂ 4 ਮੋਬਾਈਲ ਫੋਨ ਅਤੇ ਇਕ ਲੈਪਟਾਪ ਬਰਾਮਦ ਹੋਇਆ। ਮੋਬਾਈਲ ਨੰਬਰਾਂ ਦੀ ਮਦਦ ਨਾਲ ਪਰਿਵਾਰ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਕਾਰ ਦੀ ਪਛਾਣ ਜ਼ੀਰਕਪੁਰ ਨਿਵਾਸੀ ਸੀਏ ਰਾਜੀਵ ਬਾਲੀ ਦੀ ਵਜੋਂ ਹੋਈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਭਾਖੜਾ ਨਹਿਰ ਵਿਚ ਤੁਰੰਤ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਰਾਜਪੁਰਾ ਦੇ ਖੇੜੀ ਪਿੰਡ ਨੇੜੇ ਨਹਿਰ ਵਿਚੋਂ ਰਾਜੀਵ ਬਾਲੀ ਦੀ ਲਾਸ਼ ਬਰਾਮਦ ਕਰ ਲਈ ਗਈ।
ਹਰਿਆਣਾ ਦੇ ਕੁਰੂਕਸ਼ੇਤਰ 'ਚੋਂ ਮਿਲੀ ਪਤਨੀ ਨੀਰਜਾ ਦੀ ਲਾਸ਼ : ਪਰਿਵਾਰ ਨੇ ਦੱਸਿਆ ਸੀ ਕਿ ਰਾਜੀਵ ਬਾਲੀ ਅਤੇ ਉਨ੍ਹਾਂ ਦੀ ਪਤਨੀ ਨੀਰਜਾ ਬਾਲੀ 21 ਜੁਲਾਈ ਨੂੰ ਘਰੋਂ ਨਿਕਲੇ ਸਨ, ਪਰ ਵਾਪਸ ਨਹੀਂ ਪਰਤੇ। ਰਾਜੀਵ ਦੀ ਲਾਸ਼ ਮਿਲਣ ਤੋਂ ਬਾਅਦ ਨੀਰਜਾ ਦੀ ਭਾਲ ਤੇਜ਼ ਕਰ ਦਿੱਤੀ ਗਈ ਸੀ। ਇਸੇ ਦੌਰਾਨ 23 ਜੁਲਾਈ ਨੂੰ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਜੋਤੀਸਰ ਨੇੜੇ ਸਰਸਵਤੀ ਫੀਡਰ ਨਹਿਰ ਵਿਚੋਂ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ। ਪੁਲਿਸ ਵੱਲੋਂ ਜਾਰੀ ਕੀਤੀ ਗਈ ਫੋਟੋ ਦੇਖ ਕੇ ਡੇਰਾਬੱਸੀ ਨਿਵਾਸੀ ਦਿਨੇਸ਼ ਚਾਵਲਾ ਨੇ ਮ੍ਰਿਤਕ ਦੀ ਪਛਾਣ ਆਪਣੀ ਭੈਣ ਨੀਰਜਾ ਬਾਲੀ ਵਜੋਂ ਕੀਤੀ।
ਆਰਥਿਕ ਦਬਾਅ ਕਾਰਨ ਮਾਨਸਿਕ ਤਣਾਅ 'ਚ ਸੀ ਪਰਿਵਾਰ : ਨੀਰਜਾ ਬਾਲੀ ਦੇ ਭਰਾ ਦਿਨੇਸ਼ ਚਾਵਲਾ ਅਨੁਸਾਰ ਰਾਜੀਵ ਬਾਲੀ ਜ਼ੀਰਕਪੁਰ ਦੇ ਇਕ ਮਾਲ ਵਿਚ ਆਪਣਾ ਸੀਏ ਦਫ਼ਤਰ ਚਲਾਉਂਦੇ ਸਨ। ਉਹ ਪਿਛਲੇ ਕੁਝ ਸਮੇਂ ਤੋਂ ਭਾਰੀ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਸਨ, ਜਿਸ ਕਾਰਨ ਉਹ ਗੰਭੀਰ ਮਾਨਸਿਕ ਤਣਾਅ ਵਿਚ ਸੀ। ਹਾਲਾਂਕਿ ਪਰਿਵਾਰ ਨੇ ਕਿਸੇ 'ਤੇ ਕੋਈ ਸ਼ੱਕ ਨਹੀਂ ਜਤਾਇਆ ਹੈ।
ਮਾਸੂਮ ਬੱਚਿਆਂ 'ਤੇ ਟੁੱਟਿਆ ਦੁੱਖਾਂ ਦਾ ਪਹਾੜ : ਰਾਜੀਵ ਅਤੇ ਨੀਰਜਾ ਦਾ ਵਿਆਹ ਸਾਲ 2003 ਵਿਚ ਹੋਇਆ ਸੀ। ਉਨ੍ਹਾਂ ਦਾ 17 ਸਾਲ ਦਾ ਪੁੱਤਰ (12ਵੀਂ ਜਮਾਤ) ਅਤੇ 13 ਸਾਲ ਦੀ ਧੀ (10ਵੀਂ ਜਮਾਤ) ਹੈ, ਜੋ ਇਸ ਸਮੇਂ ਆਪਣੀ ਦਾਦੀ ਨਾਲ ਰਹਿ ਰਹੇ ਹਨ। ਮਾਤਾ-ਪਿਤਾ ਦੇ ਅਚਾਨਕ ਵਿਛੋੜੇ ਨਾਲ ਬੱਚੇ ਡੂੰਘੇ ਸਦਮੇ ਵਿਚ ਹਨ।
ਪੰਜਾਬ ਪੁਲਿਸ ਕਰ ਰਹੀ ਹੈ ਮਾਮਲੇ ਦੀ ਅਗਲੇਰੀ ਜਾਂਚ : ਕੁਰੂਕਸ਼ੇਤਰ ਪੁਲਿਸ ਨੇ ਦੱਸਿਆ ਕਿ ਮਹਿਲਾ ਦੀ ਲਾਸ਼ ਦਾ ਪੋਸਟਮਾਰਟਮ ਕੁਰੂਕਸ਼ੇਤਰ ਵਿਚ ਕਰਵਾਇਆ ਗਿਆ ਹੈ ਅਤੇ ਸਾਰੇ ਦਸਤਾਵੇਜ਼ ਪੰਜਾਬ ਪੁਲਿਸ ਨੂੰ ਸੌਂਪੇ ਜਾ ਰਹੇ ਹਨ ਕਿਉਂਕਿ ਦੋਵੇਂ ਪਤੀ-ਪਤਨੀ ਜ਼ੀਰਕਪੁਰ ਤੋਂ ਲਾਪਤਾ ਹੋਇਆ ਸੀ ਅਤੇ ਕਾਰ ਰਾਜਪੁਰਾ ਤੋਂ ਮਿਲੀ ਸੀ, ਇਸ ਲਈ ਮੁੱਖ ਜਾਂਚ ਪੰਜਾਬ ਪੁਲਿਸ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ, ਮੋਬਾਈਲ ਅਤੇ ਲੈਪਟਾਪ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਸਪੱਸ਼ਟ ਖ਼ੁਲਾਸਾ ਹੋਵੇਗਾ।