Mohali News : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰ ਦੀ ਗ਼ੈਰ-ਕਾਨੂੰਨੀ ਉਸਾਰੀ ਢਾਹੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ। ਇਹ ਕਾਰਵਾਈ ਐੱਸਪੀ (ਪੀਬੀਆਈ) ਮਿਸ. ਦੀਪੀਕਾ ਸਿੰਘ ਸੇਖੋਂ ਅਤੇ ਡੀਐੱਸਪੀ ਇਸ਼ਾਨ ਸਿੰਗਲਾ ਸਮੇਤ ਇੰਸਪੈਕਟਰ ਪੈਰੀਵਿੰਕਲ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ਗਰਾਮ ਪੰਚਾਇਤ ਬੜਮਾਜਰਾ ਵੱਲੋਂ ਥਾਣਾ ਬਲੌਂਗੀ ਦੇ ਖੇਤਰ ਵਿਚ ਪੈਂਦੀ ਸ਼ਿਵ ਕਾਲੋਨੀ ਵਿਖੇ ਨਸ਼ਾ ਤਸਕਰ ਅਨਿਲ ਦੀ ਅਣ-ਅਧਿਕਾਰਤ ਉਸਾਰੀ ਨੂੰ ਢਾਹ ਦਿੱਤਾ ਗਿਆ।
Publish Date: Thu, 06 Aug 2026 11:03 AM (IST)
Updated Date: Thu, 06 Aug 2026 11:04 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ। ਇਹ ਕਾਰਵਾਈ ਐੱਸਪੀ (ਪੀਬੀਆਈ) ਮਿਸ. ਦੀਪੀਕਾ ਸਿੰਘ ਸੇਖੋਂ ਅਤੇ ਡੀਐੱਸਪੀ ਇਸ਼ਾਨ ਸਿੰਗਲਾ ਸਮੇਤ ਇੰਸਪੈਕਟਰ ਪੈਰੀਵਿੰਕਲ ਸਿੰਘ ਗਰੇਵਾਲ ਦੀ ਰਹਿਨੁਮਾਈ ਹੇਠ ਗਰਾਮ ਪੰਚਾਇਤ ਬੜਮਾਜਰਾ ਵੱਲੋਂ ਥਾਣਾ ਬਲੌਂਗੀ ਦੇ ਖੇਤਰ ਵਿਚ ਪੈਂਦੀ ਸ਼ਿਵ ਕਾਲੋਨੀ ਵਿਖੇ ਨਸ਼ਾ ਤਸਕਰ ਅਨਿਲ ਦੀ ਅਣ-ਅਧਿਕਾਰਤ ਉਸਾਰੀ ਨੂੰ ਢਾਹ ਦਿੱਤਾ ਗਿਆ।
ਡੀਐੱਸਪੀ ਇਸ਼ਾਨ ਸਿੰਗਲਾ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਹਿਲਾਂ ਵੀ ਕਈ ਵਾਰ ਨਸ਼ਾ ਤਸਕਰੀ ਕਰਨ ਤੋਂ ਰੋਕਿਆ ਗਿਆ ਸੀ, ਪਰ ਇਸ ਨੇ ਆਪਣਾ ਗ਼ੈਰ-ਕਾਨੂੰਨੀ ਧੰਦਾ ਬੰਦ ਨਹੀਂ ਕੀਤਾ ਅਤੇ ਆਪਣੇ ਮਕਾਨ ਨੂੰ ਨਸ਼ੇ ਦੇ ਅੱਡੇ ਵਜੋਂ ਵਰਤਦਾ ਰਿਹਾ। ਇਹ ਮਕਾਨ ਉਸ ਨੇ ਨਸ਼ੇ ਦੀ ਕਾਲੀ ਕਮਾਈ ਨਾਲ ਪੰਚਾਇਤੀ ਸ਼ਾਮਲਾਟ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਕੇ ਬਣਾਇਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਨਿਲ ਖ਼ਿਲਾਫ਼ ਥਾਣਾ ਬਲੌਂਗੀ ਵਿਖੇ ਐੱਨਡੀਪੀਐੱਸ ਐਕਟ ਤਹਿਤ 10 ਜੁਲਾਈ 2026 ਨੂੰ ਦਰਜ ਕੀਤਾ ਸੀ, ਜੋਕਿ ਮੁਲਜ਼ਮ ਇਸ ਸਮੇਂ ਜੇਲ੍ਹ ਵਿਚ ਬੰਦ ਹੈ।
ਇਸ ਤੋਂ ਇਲਾਵਾ, ਥਾਣਾ ਬਲੌਂਗੀ ਦੇ ਮੁੱਖ ਅਫ਼ਸਰ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਵੱਲੋਂ ਮਹੀਨਾ ਦਸੰਬਰ 2025 ਤੋਂ ਹੁਣ ਤੱਕ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਇਲਾਕਾ ਵਾਸੀਆਂ ਦੀ ਮਦਦ ਨਾਲ ਐੱਨਡੀਪੀਐੱਸ ਐਕਟ ਤਹਿਤ 70 ਮੁਕੱਦਮੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ 103 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ।
ਇਸ ਦੇ ਨਾਲ ਹੀ, 'ਵਿਲੇਜ ਡਿਫੈਂਸ ਕਮੇਟੀ' ਦੇ ਮੈਂਬਰਾਂ ਅਤੇ ਸਥਾਨਕ ਲੋਕਾਂ ਨਾਲ ਬੈਠਕਾਂ ਕਰਕੇ ਜਾਗਰੂਕਤਾ ਅਭਿਆਨ ਚਲਾਏ ਗਏ ਅਤੇ ਨਸ਼ਾ ਪੀੜਤਾਂ ਨੂੰ 'ਓਓਏਟੀ' ਸੈਂਟਰਾਂ ਵਿਚ ਦਾਖ਼ਲ ਕਰਵਾ ਕੇ ਨਸ਼ਾ ਛੁਡਾਉਣ ਵਿਚ ਮਦਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਨਾਲ ਇਲਾਕੇ ਵਿਚ ਚੋਰੀ ਅਤੇ ਖੋਹ ਦੀਆਂ ਵਾਰਦਾਤਾਂ ਵਿਚ ਵੱਡੀ ਕਮੀ ਆਈ ਹੈ ਅਤੇ ਆਮ ਲੋਕਾਂ ਦਾ ਪੁਲਿਸ ਪ੍ਰਸ਼ਾਸਨ 'ਤੇ ਭਰੋਸਾ ਹੋਰ ਮਜ਼ਬੂਤ ਹੋਇਆ ਹੈ। ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਇਹ ਜੰਗ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਖ਼ਤੀ ਨਾਲ ਜਾਰੀ ਰਹੇਗੀ।