ਵੋਕੇਸ਼ਨਲ ਟੀਚਰਜ਼ ਫਰੰਟ ਦਾ ਸਿੱਖਿਆ ਭਵਨ ਬਾਹਰ ਧਰਨਾ: 'ਹੁਣ ਲਾਰੇ-ਲੱਪੇ ਨਹੀਂ, ਮੰਗਾਂ ਦਾ ਚਾਹੀਦਾ ਹੈ ਪੱਕਾ ਹੱਲ'
ਸਿੱਖਿਆ ਵਿਭਾਗ ਅਤੇ ਸਰਕਾਰ ਨਾਲ ਅਣਗਿਣਤ ਮੀਟਿੰਗਾਂ ਕਰਨ ਉਪਰੰਤ ਵੀ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਣ ਅਤੇ ਲਾਅਰੇ ਲਾਉਣ ਦੀ ਨੀਤੀ ਦਾ ਵਿਰੋਧ ਕੀਤਾ ਗਿਆ ਅਤੇ ਇਹ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਇਨ੍ਹਾਂ ਅਧਿਆਪਕਾਂ ਦੀ ਮੰਗਾਂ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾਂਦਾ, ਹੁਣ ਤੱਕ ਇਹ ਪੱਕਾ ਧਰਨਾ ਜਾਰੀ ਰਹੇਗਾ। ਇਸ ਪੱਕੇ ਧਰਨੇ ਦੌਰਾਨ ਜੇ ਕਿਸੇ ਤਰੀਕੇ ਦੀ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਸਰਕਾਰ ਅਤੇ ਵਿਭਾਗ ਦੀ ਹੋਵੇਗੀ।
Publish Date: Fri, 09 Oct 2026 04:21 PM (IST)
Updated Date: Fri, 09 Oct 2026 04:36 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਤੋਂ ਤੰਗ ਆ ਕੇ ਐੱਨ.ਐੱਸ.ਕਿਊ.ਐੱਫ. ਵੋਕੇਸ਼ਨਲ ਟੀਚਰਜ਼ ਫਰੰਟ, ਪੰਜਾਬ ਵੱਲੋਂ ਸਿੱਖਿਆ ਭਵਨ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਭਰ ’ਚੋਂ ਅਧਿਆਪਕ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਬਾਹਰ ਇਕੱਠੇ ਹੋਏ। ਜਿੱਥੋਂ ਉਹ ਰੋਸ ਮਾਰਚ ਕਰਦੇ ਹੋਏ ਸਿੱਖਿਆ ਭਵਨ ਦੇ ਬਾਹਰ ਪਹੁੰਚੇ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਉਹ ਮੁੱਖ ਗੇਟ ਦੇ ਬਾਹਰ ਪੱਕਾ ਧਰਨਾ ਲਗਾ ਕੇ ਬੈਠ ਗਏ।
ਸਿੱਖਿਆ ਵਿਭਾਗ ਅਤੇ ਸਰਕਾਰ ਨਾਲ ਅਣਗਿਣਤ ਮੀਟਿੰਗਾਂ ਕਰਨ ਉਪਰੰਤ ਵੀ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਣ ਅਤੇ ਲਾਅਰੇ ਲਾਉਣ ਦੀ ਨੀਤੀ ਦਾ ਵਿਰੋਧ ਕੀਤਾ ਗਿਆ ਅਤੇ ਇਹ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਇਨ੍ਹਾਂ ਅਧਿਆਪਕਾਂ ਦੀ ਮੰਗਾਂ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾਂਦਾ, ਹੁਣ ਤੱਕ ਇਹ ਪੱਕਾ ਧਰਨਾ ਜਾਰੀ ਰਹੇਗਾ। ਇਸ ਪੱਕੇ ਧਰਨੇ ਦੌਰਾਨ ਜੇ ਕਿਸੇ ਤਰੀਕੇ ਦੀ ਕੋਈ ਦੁਰਘਟਨਾ ਹੁੰਦੀ ਹੈ ਤਾਂ ਉਸਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਸਰਕਾਰ ਅਤੇ ਵਿਭਾਗ ਦੀ ਹੋਵੇਗੀ।
ਅਧਿਆਪਕਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ’ਚ 3720 ਕੰਮ ਕਰ ਰਹੇ ਵੋਕੇਸ਼ਨਲ ਅਧਿਆਪਕ ਪੰਜਾਬ ਸਰਕਾਰ ਨੇ ਆਊਟਸੋਰਸ/ਕੰਪਨੀਆਂ ਅਧੀਨ ਭਰਤੀ ਕੀਤਾ ਹੋਇਆ ਹੈ। ਸਰਕਾਰ ਨੂੰ 12 ਸਾਲਾਂ ਤੋਂ ਹੋ ਰਹੇ ਸ਼ੋਸ਼ਣ ਬਾਰੇ ਜਾਣੂ ਕਰਵਾਇਆ ਜਾਂਦਾ ਹੈ ਪਰ ਇਨ੍ਹਾਂ ਕੰਪਨੀਆਂ ਤੋਂ ਮਿਲਣ ਵਾਲੇ ਕਮਿਸ਼ਨ ਕਾਰਨ ਸਰਕਾਰ ਇਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕਰਦੀ।
ਮੀਟਿੰਗ ਕਰਨ ਉਪਰੰਤ ਵੀ ਸਰਕਾਰ ਅਤੇ ਵਿਭਾਗ ਵੱਲੋਂ ਅਜੇ ਤੱਕ ਇਨ੍ਹਾਂ ਅਧਿਆਪਕਾਂ ਦੇ ਹੱਕ ਵਿੱਚ ਕੋਈ ਪਾਲਿਸੀ ਨਹੀਂ ਬਣਾਈ ਗਈ।
ਫ਼ਰੰਟ ਦੇ ਆਗੂਆਂ ਨੇ ਦਸਿਆ ਕਿ ਉਨ੍ਹਾਂ ਵੱਲੋਂ ਵਾਰ-ਵਾਰ ਰੈਲੀ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਦਿੜ੍ਹਬਾ, ਸੰਗਰੂਰ ਅਤੇ ਗੰਭੀਰਪੁਰ ਰੈਲੀ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਸਿਰਫ ਲਾਅਰੇ ਮਿਲ ਰਹੇ ਹਨ ਪਰ ਹੁਣ ਇਹ ਪੱਕਾ ਧਰਨਾ ਮੰਗਾਂ ਪੂਰੀਆਂ ਹੋਣ ਤੱਕ ਲਗਾਤਾਰ ਜਾਰੀ ਰਹੇਗਾ। NSQF ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ।
ਇਸ ਮੌਕੇ ਸਟੇਟ ਕਮੇਟੀ ਮੈਂਬਰ ਰਣਜੀਤ ਸਿੰਘ ਬਰਨਾਲਾ, ਭੁਪਿੰਦਰ ਸਿੰਘ ਰੋਪੜ੍ਹ, ਰਣਜੀਤ ਸਿੰਘ ਨਵਾਂਸ਼ਹਿਰ ,ਗੁਰਜੀਤ ਸਿੰਘ ਬਠਿੰਡਾ, ਮਹਿਤਾਬ ਸਿੰਘ ਫਿਰੋਜ਼ਪੁਰ, ਮਨਪ੍ਰੀਤ ਸਿੰਘ ਮੁਕਤਸਰ ਸਾਹਿਬ ਅਤੇ ਪਟਿਆਲਾ ਜਿਲ੍ਹੇ ਦੇ ਕਮੇਟੀ ਮੈਂਬਰ ਹੇਮੰਤ, ਮੈਡਮ ਨਵਨੀਤ ਕੌਰ, ਵਰਿੰਦਰ ਸਿੰਘ ਤੇ ਗੁਰਿੰਦਰ ਕੌਰ ਸਮੇਤ ਸਮੂਹ ਜਿਲਿਆਂ ਦੇ ਪ੍ਰਧਾਨ ਮੌਜੂਦ ਰਹੇ।