ਮੱਛਲੀ ਕਲਾਂ ਟੋਲ ਪਲਾਜ਼ੇ ’ਤੇ ਪਿੰਡ ਵਾਸੀਆਂ ਦਾ ਪ੍ਰਦਰਸ਼ਨ, ਮੰਗਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ
ਇਸ ਮੌਕੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕੁਲਦੀਪ ਸਿੰਘ ਪੂਨੀਆ ਭਾਗੋਮਾਜਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਪਿੰਡ ਵਾਸੀਆਂ ਦੀਆਂ ਮੰਗ ਨੂੰ ਜਾਇਜ਼ ਦੱਸਦਿਆਂ ਭਾਰਤ ਮਾਲਾ ਹਾਈਵੇਅ ਤੋਂ ਪਿੰਡਾਂ ਦੇ ਲਾਂਘੇ ਲਈ ਸਲਿੱਪ ਰੋਡ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
Publish Date: Tue, 25 Aug 2026 03:12 PM (IST)
Updated Date: Tue, 25 Aug 2026 03:15 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਤੋਂ ਸਾਧੂਗੜ੍ਹ (ਸਰਹਿੰਦ) ਹਾਈਵੇਅ ’ਤੇ ਸਥਿਤ ਪਿੰਡ ਮੱਛਲੀ ਕਲਾਂ ਟੋਲ ਪਲਾਜ਼ਾ ’ਤੇ ਇਲਾਕੇ ਦੇ ਕਿਸਾਨਾਂ ਨੇ ਧਰਨਾ ਲਾਇਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਇਸ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਜਿਸ ਕਾਰਨ ਰਾਜਪੁਰਾ ਪਟਿਆਲਾ ਅਤੇ ਸਰਹਿੰਦ ਜਾਣ ਵਾਲੇ ਰਾਹਗੀਰਾਂ ਨੂੰ ਵਾਇਆ ਦੈੜੀ ਤੋਂ ਬਨੂੜ ਅਤੇ ਖਰੜ ਤੋਂ ਚੂੰਨੀ ਰਾਹੀਂ ਹੋ ਕੇ ਅੱਗੇ ਲੰਘਣਾ ਪਿਆ।
ਇਸ ਮੌਕੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕੁਲਦੀਪ ਸਿੰਘ ਪੂਨੀਆ ਭਾਗੋਮਾਜਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਪਿੰਡ ਵਾਸੀਆਂ ਦੀਆਂ ਮੰਗ ਨੂੰ ਜਾਇਜ਼ ਦੱਸਦਿਆਂ ਭਾਰਤ ਮਾਲਾ ਹਾਈਵੇਅ ਤੋਂ ਪਿੰਡਾਂ ਦੇ ਲਾਂਘੇ ਲਈ ਸਲਿੱਪ ਰੋਡ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਕਿਸਾਨ ਆਗੂ ਕੁਲਦੀਪ ਸਿੰਘ ਪੂਨੀਆ ਨੇ ਕਿਹਾ ਕਿ ਭਾਰਤ ਮਾਲਾ ਹਾਈਅਵੇ ਦੇ ਨਾਲ ਪੈਂਦੇ ਪਿੰਡਾਂ ਦੇ ਕਿਸਾਨਾਂ ਅਤੇ ਆਮ ਨਾਗਰਿਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸੜਕ ਤੋਂ ਲੋੜ ਮੁਤਾਬਕ ਲਾਂਘੇ ਦਿੱਤੇ ਜਾਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਜੋ ਪੁਲੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ’ਚੋਂ ਵੀ ਸਹੀ ਤਰੀਕੇ ਨਾਲ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ।
ਇਲਾਕਾ ਵਾਸੀਆਂ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸੁਖਦੇਵ ਸਿੰਘ ਪਵਾਲਾ, ਕਰਮਜੀਤ ਸਿੰਘ ਸਰਪੰਚ ਮੱਛਲੀ ਕਲਾਂ, ਸਾਬਕਾ ਸਰਪੰਚ ਦਵਿੰਦਰ ਸ਼ਰਮਾ, ਦਰਸ਼ਨ ਸਿੰਘ, ਕੁਲਵੀਰ ਸਿੰਘ, ਰਾਮ ਸਿੰਘ, ਓਮ ਪਾਲ ਰਾਣਾ, ਰਾਮ ਕੁਮਾਰ ਰਾਣਾ, ਵਰਿੰਦਰ ਰਾਣਾ ਅਤੇ ਮਨੋਜ ਰਾਣਾ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।