ਤਹਿਸੀਲ ਰੋਡ 'ਤੇ ਟ੍ਰੈਫਿਕ ਜਾਮ ਦਾ ਨਰਕ: ਐਂਬੂਲੈਂਸਾਂ ਵੀ ਫਸੀਆਂ ਵਿਚਕਾਰ, ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗੀ ਸਖ਼ਤ ਕਾਰਵਾਈ
ਡੇਰਾਬੱਸੀ ਦੀ ਤਹਿਸੀਲ ਰੋਡ 'ਤੇ ਸਕੂਲ ਦੀ ਛੁੱਟੀ ਦੇ ਸਮੇਂ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸੜਕ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਕਾਰਨ ਰੋਜ਼ਾਨਾ ਭਾਰੀ ਟ੍ਰੈਫਿਕ ਜਾਮ ਲੱਗ ਜਾਂਦਾ ਹੈ, ਜਿਸ ਨਾਲ ਸਕੂਲੀ ਬੱਸਾਂ ਵਿਚ ਘਰ ਪਰਤ ਰਹੇ ਬੱਚਿਆਂ ਅਤੇ ਤਹਿਸੀਲ ਦੇ ਕੰਮਕਾਜ ਲਈ ਆਉਣ ਵਾਲੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Publish Date: Tue, 11 Aug 2026 11:24 AM (IST)
Updated Date: Tue, 11 Aug 2026 11:26 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੀ ਤਹਿਸੀਲ ਰੋਡ 'ਤੇ ਸਕੂਲ ਦੀ ਛੁੱਟੀ ਦੇ ਸਮੇਂ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸੜਕ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਕਾਰਨ ਰੋਜ਼ਾਨਾ ਭਾਰੀ ਟ੍ਰੈਫਿਕ ਜਾਮ ਲੱਗ ਜਾਂਦਾ ਹੈ, ਜਿਸ ਨਾਲ ਸਕੂਲੀ ਬੱਸਾਂ ਵਿਚ ਘਰ ਪਰਤ ਰਹੇ ਬੱਚਿਆਂ ਅਤੇ ਤਹਿਸੀਲ ਦੇ ਕੰਮਕਾਜ ਲਈ ਆਉਣ ਵਾਲੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਕ ਵਸਨੀਕਾਂ ਅਨੁਸਾਰ, ਭੀੜ-ਭੜੱਕੇ ਦੇ ਸਮੇਂ ਸਥਿਤੀ ਇੰਨੀ ਗੰਭੀਰ ਹੋ ਜਾਂਦੀ ਹੈ ਕਿ ਕਈ ਵਾਰ ਐਂਬੂਲੈਂਸਾਂ ਵੀ ਜਾਮ ਵਿਚ ਫਸ ਜਾਂਦੀਆਂ ਹਨ। ਇਸ ਕਾਰਨ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਟ੍ਰੈਫਿਕ ਜਾਮ ਦਾ ਸਭ ਤੋਂ ਵੱਡਾ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀ ਬੇਤਰਤੀਬੇ ਢੰਗ ਨਾਲ ਕੀਤੀ ਜਾਂਦੀ ਪਾਰਕਿੰਗ ਹੈ। ਤਹਿਸੀਲ ਵਿਚ ਕੰਮ ਲਈ ਆਉਣ ਵਾਲੇ ਲੋਕ ਸੜਕ ਕਿਨਾਰੇ ਵਾਹਨ ਖੜ੍ਹੇ ਕਰਕੇ ਘੰਟਿਆਂਬੱਧੀ ਚਲੇ ਜਾਂਦੇ ਹਨ, ਜਿਸ ਨਾਲ ਲੰਘਣ ਲਈ ਥਾਂ ਨਹੀਂ ਬਚਦੀ। ਆਲੇ-ਦੁਆਲੇ ਦੀਆਂ ਗਲੀਆਂ ਅਤੇ ਘਰਾਂ ਦੇ ਬਾਹਰ ਵਾਹਨ ਖੜ੍ਹੇ ਹੋਣ ਕਾਰਨ ਸਮੱਸਿਆ ਹੋਰ ਵੱਧ ਜਾਂਦੀ ਹੈ। ਬੱਸ ਸਟੈਂਡ ਦੇ ਨੇੜੇ ਨਿਰਧਾਰਤ ਪਾਰਕਿੰਗ ਹੋਣ ਦੇ ਬਾਵਜੂਦ ਲੋਕ ਉੱਥੇ ਵਾਹਨ ਖੜ੍ਹੇ ਕਰਨ ਦੀ ਬਜਾਏ ਤਹਿਸੀਲ ਰੋਡ ਅਤੇ ਗਲੀਆਂ ਵਿਚ ਪਾਰਕਿੰਗ ਕਰ ਰਹੇ ਹਨ। "ਨੋ ਪਾਰਕਿੰਗ" ਦੇ ਬੋਰਡ ਲੱਗੇ ਹੋਣ ਦੇ ਬਾਵਜੂਦ ਨਿਯਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੁਪਹਿਰ ਦੇ ਸਮੇਂ ਤਹਿਸੀਲ ਰੋਡ 'ਤੇ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਜਾਣ ਅਤੇ ਨਾਜਾਇਜ਼ ਪਾਰਕਿੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਸਕੂਲ ਬੱਸਾਂ ਅਤੇ ਐਂਬੂਲੈਂਸਾਂ ਨੂੰ ਸੁਚਾਰੂ ਰਸਤਾ ਮਿਲ ਸਕੇ।
ਇਸ ਸਬੰਧੀ ਟ੍ਰੈਫਿਕ ਇੰਚਾਰਜ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਤਹਿਸੀਲ ਰੋਡ 'ਤੇ "ਨੋ ਪਾਰਕਿੰਗ" ਸਮੇਤ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੱਟੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਾਰਕਿੰਗ ਦੇ ਚਿੰਨ੍ਹ ਲੱਗੇ ਹੋਣ ਦੇ ਬਾਵਜੂਦ ਕੁੱਝ ਲੋਕ ਗ਼ਲਤ ਜਗ੍ਹਾ ਵਾਹਨ ਪਾਰਕ ਕਰ ਦਿੰਦੇ ਹਨ, ਪਰ ਪੁਲਿਸ ਅਜਿਹੇ ਅਨੁਸ਼ਾਸਨਹੀਣ ਡਰਾਈਵਰਾਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੀ ਹੈ।