ਮੁਹਾਲੀ 'ਚ ਗੂੰਜੇਗਾ 'ਮਾਵਾਂ-ਧੀਆਂ ਨੂੰ ਇਨਸਾਫ਼ ਦਿਵਾਓ' ਦਾ ਨਾਅਰਾ, ਬੀਬਾ ਹਰਸਿਮਰਤ ਕੌਰ ਬਾਦਲ ਅੱਜ ਕਰਨਗੇ ਵਿਸ਼ਾਲ ਮਹਿਲਾ ਰੈਲੀ ਨੂੰ ਸੰਬੋਧਨ
ਮਹਿਲਾ ਅਕਾਲੀ ਦਲ ਹਲਕਾ ਮੁਹਾਲੀ ਵੱਲੋਂ ਬੀਬੀ ਹਰਜਿੰਦਰ ਕੌਰ ਬੈਦਵਾਨ ਦੀ ਅਗਵਾਈ ਹੇਠ ਔਰਤਾਂ ਨਾਲ ਜੁੜੇ ਭਖਦੇ ਮੁੱਦਿਆਂ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ‘ਮਾਵਾਂ-ਧੀਆਂ ਨੂੰ ਇਨਸਾਫ਼ ਦਿਵਾਓ’ ਰੈਲੀ ਕੀਤੀ ਜਾ ਰਹੀ ਹੈ।
Publish Date: Sat, 26 Sep 2026 11:11 AM (IST)
Updated Date: Sat, 26 Sep 2026 11:12 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮਹਿਲਾ ਅਕਾਲੀ ਦਲ ਹਲਕਾ ਮੁਹਾਲੀ ਵੱਲੋਂ ਬੀਬੀ ਹਰਜਿੰਦਰ ਕੌਰ ਬੈਦਵਾਨ ਦੀ ਅਗਵਾਈ ਹੇਠ ਔਰਤਾਂ ਨਾਲ ਜੁੜੇ ਭਖਦੇ ਮੁੱਦਿਆਂ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ‘ਮਾਵਾਂ-ਧੀਆਂ ਨੂੰ ਇਨਸਾਫ਼ ਦਿਵਾਓ’ ਰੈਲੀ ਕੀਤੀ ਜਾ ਰਹੀ ਹੈ।
ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਪਾਰਟੀ ਦੀਆਂ ਮਹਿਲਾ ਵਰਕਰਾਂ ਅਤੇ ਪੀੜਤ ਔਰਤਾਂ ਦੇ ਰੂਬਰੂ ਹੋਣਗੇ। ਇਸ ਸਬੰਧੀ ਲਾਂਡਰਾਂ-ਬਨੂੜ ਸੜਕ 'ਤੇ ਸਥਿਤ ਪਿੰਡ ਦੈੜੀ ਦੇ 'ਗਰੈਂਡ ਰੋਮਾਨੀਆ ਪੈਲੇਸ' ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਇੱਥੇ ਸੂਬੇ ਭਰ ਦੀਆਂ ਔਰਤਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇਗਾ।
ਇਸ ਵਿਸ਼ੇਸ਼ ਮਹਿਲਾ ਇਕੱਤਰਤਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਮੁੱਖ ਭੂਮਿਕਾ ਨਿਭਾਉਂਦੇ ਹੋਏ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਰੈਲੀ ਤੋਂ ਬਾਅਦ ਦੁਪਹਿਰ 12 ਵਜੇ ਮੀਡੀਆ ਨਾਲ ਗੱਲ ਕਰਨਗੇ। ਮੀਡੀਆ ਨਾਲ ਰੂ-ਬਰੂ ਹੋ ਕੇ ਔਰਤਾਂ ਦੀ ਸੁਰੱਖਿਆ, ਹੱਕਾਂ ਅਤੇ ਮੌਜੂਦਾ ਹਾਲਾਤਾਂ ਨਾਲ ਜੁੜੇ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਾਲੀ ਦੀ ਧਰਤੀ ਤੋਂ ਔਰਤਾਂ ਦੇ ਮੁੱਦਿਆਂ 'ਤੇ ਇਕ ਵੱਡੀ ਅਤੇ ਪ੍ਰਭਾਵਸ਼ਾਲੀ ਆਵਾਜ਼ ਚੁੱਕੀ ਜਾਵੇਗੀ।