ਅਣਦੇਖੀ ਦਾ ਖ਼ਮਿਆਜ਼ਾ: ਖੇਤਾਂ 'ਚ ਡਿੱਗੇ ਬਿਜਲੀ ਦੇ ਖੰਭੇ ਬਣੇ ਮੌਤ ਦਾ ਸੱਦਾ, ਕਿਸਾਨਾਂ 'ਚ ਭਾਰੀ ਰੋਸ ਡੇਰਾਬੱਸੀ-ਖੇੜੀ ਗੁੱਜਰਾਂ ਰੋਡ ’ਤੇ ਸਥਿਤ 'ਅੰਪਾਇਰ ਫੈਕਟਰੀ' ਦੇ ਨੇੜੇ ਖੇਤਾਂ ’ਚ ਡਿੱਗੇ ਬਿਜਲੀ ਦੇ ਖੰਭੇ ਲਗਾਤਾਰ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਪ੍ਰਸ਼ਾਸਨ ਅਤੇ ਪਾਵਰਕਾਮ ਵਿਭਾਗ ਦੀ ਇਸ ਵੱਡੀ ਲਾਪਰਵਾਹੀ ਕਾਰਨ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਜਿਸ ਨੂੰ ਲੈ ਕੇ ਖੇਤਰ ਦੇ ਕਿਸਾਨਾਂ ਵਿਚ ਗੰਭੀਰ ਰੋਸ ਪਾਇਆ ਜਾ ਰਿਹਾ ਹੈ।
Publish Date: Sat, 25 Jul 2026 11:52 AM (IST)
Updated Date: Sat, 25 Jul 2026 11:53 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ-ਖੇੜੀ ਗੁੱਜਰਾਂ ਰੋਡ ’ਤੇ ਸਥਿਤ 'ਅੰਪਾਇਰ ਫੈਕਟਰੀ' ਦੇ ਨੇੜੇ ਖੇਤਾਂ ’ਚ ਡਿੱਗੇ ਬਿਜਲੀ ਦੇ ਖੰਭੇ ਲਗਾਤਾਰ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਪ੍ਰਸ਼ਾਸਨ ਅਤੇ ਪਾਵਰਕਾਮ ਵਿਭਾਗ ਦੀ ਇਸ ਵੱਡੀ ਲਾਪਰਵਾਹੀ ਕਾਰਨ ਕਿਸੇ ਵੀ ਸਮੇਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਜਿਸ ਨੂੰ ਲੈ ਕੇ ਖੇਤਰ ਦੇ ਕਿਸਾਨਾਂ ਵਿਚ ਗੰਭੀਰ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਚੌਧਰੀ ਜਸਬੀਰ ਸਿੰਘ ਨੇ ਦੱਸਿਆ ਕਿ ਖੇਤਾਂ ਵਿਚ ਬਿਜਲੀ ਦੇ ਖੰਭੇ ਅਤੇ ਹਾਈ-ਵੋਲਟੇਜ ਤਾਰਾਂ ਕਾਫ਼ੀ ਸਮੇਂ ਤੋਂ ਡਿੱਗੀਆਂ/ਝੁਕੀਆਂ ਹੋਈਆਂ ਹਨ। ਇਨ੍ਹਾਂ ਵਿਚ ਬਿਜਲੀ ਦੀ ਸਪਲਾਈ ਚੱਲ ਰਹੀ ਹੈ, ਜਿਸ ਕਾਰਨ ਖੇਤਾਂ ਵਿਚ ਕੰਮ ਕਰਦੇ ਕਿਸਾਨਾਂ, ਮਜ਼ਦੂਰਾਂ ਅਤੇ ਲੰਘਣ ਵਾਲੇ ਰਾਹਗੀਰਾਂ ਲਈ ਹਰ ਪਲ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਬਾਰੇ ਬਾਰ-ਬਾਰ ਜਾਣੂ ਕਰਵਾਇਆ ਗਿਆ ਹੈ, ਪਰ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ।
ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਦੇ ਕੰਮਾਂ ਦੌਰਾਨ ਟਰੈਕਟਰ ਜਾਂ ਹੋਰ ਮਸ਼ੀਨਰੀ ਚਲਾਉਂਦੇ ਸਮੇਂ ਇਨ੍ਹਾਂ ਲਟਕਦੀਆਂ ਤਾਰਾਂ ਨਾਲ ਦੁਰਘਟਨਾ ਹੋਣ ਦਾ ਹਮੇਸ਼ਾ ਭੈਅ ਬਣਿਆ ਰਹਿੰਦਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪਾਵਰਕਾਮ ਵਿਭਾਗ ਤੁਰੰਤ ਇਨ੍ਹਾਂ ਖੰਭਿਆਂ ਨੂੰ ਸਿੱਧਾ ਕਰੇ ਅਤੇ ਤਾਰਾਂ ਦੀ ਮੁਰੰਮਤ ਕਰਵਾਏ। ਕਿਸਾਨ ਆਗੂ ਚੌਧਰੀ ਜਸਬੀਰ ਸਿੰਘ ਨੇ ਕਿਹਾ ਕਿ ਜੇਕਰ ਵਿਭਾਗ ਦੀ ਇਸ ਅਣਦੇਖੀ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ। ਜੇਕਰ ਜਲਦ ਹੱਲ ਨਾ ਕੀਤਾ ਗਿਆ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।