ਮੋਹਾਲੀ 'ਚ ਕਾਰੋਬਾਰੀ ਦੇ ਘਰ 'ਤੇ ਫਾਇਰਿੰਗ ਕੇਸ ਦਾ ਮੁਲਜ਼ਮ ਪੁਲਿਸ ਮੁਕਾਬਲੇ 'ਚੋਂ ਬਚ ਨਿਕਲਿਆ, ਹੱਥ ਤੇ ਢਿੱਡ 'ਚ ਲੱਗੀ ਗੋਲੀ
ਮਨੀਸ਼ ਨੂੰ ਫੇਜ਼-10 ’ਚ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਲੋੜੀਂਦਾ ਹੋਣ ਦੀ ਸੂਚਨਾ ਦੇ ਆਧਾਰ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ ਲੱਭ ਰਹੀ ਸੀ। ਸ਼ੁੱਕਰਵਾਰ ਰਾਤ ਲਗਪਗ 11:15 ਵਜੇ ਉਹ ਸੈਕਟਰ-52 ਸਥਿਤ ਪੈਟਰੋਲ ਪੰਪ 'ਤੇ ਫੋਰਡ ਐਂਡੇਵਰ ਗੱਡੀ ’ਚ ਤੇਲ ਭਰਵਾਉਣ ਲਈ ਰੁਕਿਆ। ਟੀਮ ਨੇ ਆਪਣੀਆਂ ਗੱਡੀਆਂ ਨਾਲ ਐਂਡੇਵਰ ਨੂੰ ਘੇਰ ਲਿਆ।
Publish Date: Sun, 13 Sep 2026 03:05 PM (IST)
Updated Date: Sun, 13 Sep 2026 03:08 PM (IST)
ਜਾਗਰਣ ਸੰਵਾਦਦਾਤਾ, ਚੰਡੀਗੜ੍ਹ। ਫੇਜ਼-10 ਵਿੱਚ ਕਾਰੋਬਾਰੀ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ’ਚ ਲੋੜੀਂਦਾ 25 ਸਾਲਾ ਮਨੀਸ਼ ਪੁਲਿਸ ਮੁਕਾਬਲੇ ਵਿੱਚ ਵੀ ਬਚ ਨਿਕਲਿਆ। ਹਾਲਾਂਕਿ, ਉਸਦੇ ਹੱਥ ਅਤੇ ਢਿੱਡ ਵਿੱਚ ਗੋਲੀਆਂ ਲੱਗਣ ਤੋਂ ਬਾਅਦ ਉਸਦੇ ਦੋਸਤਾਂ ਨੇ ਉਸਨੂੰ ਪੀ.ਜੀ.ਆਈ. (PGI) ’ਚ ਭਰਤੀ ਕਰਵਾਇਆ। ਸੂਚਨਾ ਮਿਲਣ 'ਤੇ ਪੁਲਿਸ ਨੇ ਉਸਦੀ ਸ਼ਨਾਖਤ ਕੀਤੀ।
ਮਨੀਸ਼ ਨੂੰ ਫੇਜ਼-10 ’ਚ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਲੋੜੀਂਦਾ ਹੋਣ ਦੀ ਸੂਚਨਾ ਦੇ ਆਧਾਰ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ ਲੱਭ ਰਹੀ ਸੀ। ਸ਼ੁੱਕਰਵਾਰ ਰਾਤ ਲਗਪਗ 11:15 ਵਜੇ ਉਹ ਸੈਕਟਰ-52 ਸਥਿਤ ਪੈਟਰੋਲ ਪੰਪ 'ਤੇ ਫੋਰਡ ਐਂਡੇਵਰ ਗੱਡੀ ’ਚ ਤੇਲ ਭਰਵਾਉਣ ਲਈ ਰੁਕਿਆ। ਟੀਮ ਨੇ ਆਪਣੀਆਂ ਗੱਡੀਆਂ ਨਾਲ ਐਂਡੇਵਰ ਨੂੰ ਘੇਰ ਲਿਆ।
ਮਨੀਸ਼ ਨੇ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਮਾਰ ਕੇ ਉੱਥੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟੀਮ ਨੇ ਆਤਮ-ਰੱਖਿਆ ਵਿੱਚ ਲਗਪਗ ਚਾਰ ਰਾਊਂਡ ਫਾਇਰ ਕੀਤੇ। ਮਨੀਸ਼ ਦੇ ਹੱਥ ਅਤੇ ਢਿੱਡ ਵਿੱਚ ਗੋਲੀ ਲੱਗੀ। ਜ਼ਖਮੀ ਹੋਣ ਦੇ ਬਾਵਜੂਦ ਉਹ ਫੋਰਡ ਐਂਡੇਵਰ ਗੱਡੀ ਲੈ ਕੇ ਉੱਥੋਂ ਨਿਕਲ ਗਿਆ। ਭੱਜਣ ਦੌਰਾਨ ਉਸਦੀ ਗੱਡੀ ਨੇ ਪੈਟਰੋਲ ਪੰਪ 'ਤੇ ਖੜ੍ਹੇ ਇੱਕ ਮੋਟਰਸਾਈਕਲ ਨੂੰ ਵੀ ਟੱਕਰ ਮਾਰ ਦਿੱਤੀ।
ਪੈਟਰੋਲ ਪੰਪ 'ਤੇ ਅਚਾਨਕ ਗੋਲੀਆਂ ਚੱਲਣ ਅਤੇ ਗੱਡੀਆਂ ਦੀ ਟੱਕਰ ਨਾਲ ਉੱਥੇ ਮੌਜੂਦ ਲੋਕਾਂ ’ਚ ਭਾਜੜ ਪੈ ਗਈ। ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਦੀ ਜਾਂਚ ਸ਼ੁਰੂ ਕਰਨ ਦੇ ਨਾਲ ਪੈਟਰੋਲ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲਈ।
ਹਸਪਤਾਲ ਪਹੁੰਚਣ 'ਤੇ ਹੋਈ ਮੁਲਜ਼ਮ ਦੀ ਸ਼ਨਾਖਤ
ਇਸੇ ਦੌਰਾਨ ਸੈਕਟਰ-36 ਥਾਣਾ ਪੁਲਿਸ ਨੂੰ ਸੂਚਨਾ ਮਿਲੀ ਕਿ ਹੱਥ ਅਤੇ ਢਿੱਡ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਇੱਕ ਨੌਜਵਾਨ ਨੂੰ ਜੀ.ਐੱਮ.ਐੱਸ.ਐੱਚ.-16 (GMSH-16) ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਟੀਮ ਹਸਪਤਾਲ ਪਹੁੰਚੀ ਤਾਂ ਉਸਦੀ ਸ਼ਨਾਖਤ ਮਨੀਸ਼ ਦੇ ਰੂਪ ਵਿੱਚ ਹੋਈ। ਉਸਦੇ ਦੋਸਤ ਉਸਨੂੰ ਹਸਪਤਾਲ ਲੈ ਕੇ ਪਹੁੰਚੇ ਸਨ। ਮੁੱਢਲੇ ਇਲਾਜ ਤੋਂ ਬਾਅਦ ਉਸਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ। ਡਾਕਟਰਾਂ ਅਨੁਸਾਰ ਉਸਦੀ ਹਾਲਤ ਖਤਰੇ ਤੋਂ ਬਾਹਰ ਹੈ।
ਫੇਜ਼-10 'ਚ ਕਾਰੋਬਾਰੀ ਦੇ ਘਰ ਦੇ ਬਾਹਰ ਹੋਈ ਸੀ ਫਾਇਰਿੰਗ
ਸੋਮਵਾਰ ਰਾਤ ਮੋਹਾਲੀ ਦੇ ਫੇਜ਼-10 ਵਿੱਚ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਦੋ ਅਣਪਛਾਤੇ ਨੌਜਵਾਨਾਂ ਨੇ ਕਈ ਰੋਊਂਡ ਫਾਇਰ ਕੀਤੇ ਸਨ। ਦੋਵੇਂ ਮੁਲਜ਼ਮ ਮੋਟਰਸਾਈਕਲ 'ਤੇ ਫਰਾਰ ਹੋ ਗਏ ਸਨ। ਖਰੜ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੂੰ ਮਨੀਸ਼ ਨੇ ਪਨਾਹ ਦਿੱਤੀ ਸੀ।
ਬਾਜਵਾ ਦੀ ਸ਼ਿਕਾਇਤ 'ਤੇ ਮਨੀਸ਼ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ-36 ਥਾਣੇ ਵਿੱਚ ਕਤਲ ਦੀ ਕੋਸ਼ਿਸ਼, ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਸਰਕਾਰੀ ਕਰਮਚਾਰੀਆਂ ਨੂੰ ਡਿਊਟੀ ਤੋਂ ਰੋਕਣ ਸਮੇਤ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮਨੀਸ਼ ਨੂੰ ਰਸਮੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਜਾਵੇਗਾ।
ਉੱਥੇ ਹੀ, ਮਨੀਸ਼ ਨਾਲ ਮੌਜੂਦ ਉਸਦੀ ਮਹਿਲਾ ਦੋਸਤ ਹਰਮਨ ਨੇ ਪੁਲਿਸ ਦੀ ਕਹਾਣੀ 'ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਹੈ ਕਿ ਸਿਵਲ ਕੱਪੜਿਆਂ ਵਿੱਚ ਆਏ ਲਗਭਗ ਪੰਜ ਨੌਜਵਾਨਾਂ ਨੇ ਅਚਾਨਕ ਮਨੀਸ਼ ਨੂੰ ਘੇਰ ਕੇ ਉਸ 'ਤੇ ਗੋਲੀਆਂ ਚਲਾਈਆਂ। ਹਰਮਨ ਅਨੁਸਾਰ ਇਹਨਾਂ ਵਿੱਚੋਂ ਕੁਝ ਨੌਜਵਾਨ ਪੁਲਿਸ ਮੁਲਾਜ਼ਮਾਂ ਵਰਗੇ ਦਿਖਾਈ ਦੇ ਰਹੇ ਸਨ।