ਤਰਨਤਾਰਨ ਬਲਾਸਟ ਕੇਸ : ਐੱਨਆਈਏ ਨੂੰ ਪਹਿਲੀ ਸਪਲੀਮੈਂਟਰੀ ਚਾਰਜਸ਼ੀਟ ਦੀ ਪ੍ਰਮਾਣਿਤ ਕਾਪੀ ਦੇਣ ਦੇ ਹੁਕਮ ਸਾਲ 2019 ਦੇ ਚਰਚਿਤ ਤਰਨਤਾਰਨ ਧਮਾਕੇ ਦੇ ਮਾਮਲੇ ਵਿਚ ਵਿਸ਼ੇਸ਼ ਐੱਨਆਈਏ ਅਦਾਲਤ ਨੇ ਏਜੰਸੀ ਦੀ ਅਰਜ਼ੀ ਨੂੰ ਪ੍ਰਵਾਨ ਕਰ ਲਿਆ ਹੈ। ਅਦਾਲਤ ਨੇ ਐੱਨਆਈਏ ਨੂੰ ਪਹਿਲੀ ਸਪਲੀਮੈਂਟਰੀ ਚਾਰਜਸ਼ੀਟ ਅਤੇ ਉਸ ਨਾਲ ਸਬੰਧਤ ਸਾਰੇ ਜ਼ਰੂਰੀ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਉਪਲਬਧ ਕਰਵਾਉਣ ਦੇ ਹੁਕਮ ਦਿੱਤੇ ਹਨ। ਐੱਨਆਈਏ ਵੱਲੋਂ ਡਿਪਟੀ ਐੱਸਪੀ ਅਤੇ ਸੀਆਈਓ ਸੌਰਭ ਭਾਰਦਵਾਜ ਨੇ ਸਰਕਾਰੀ ਵਕੀਲ ਰਾਹੀਂ ਅਦਾਲਤ ਵਿਚ ਇਹ ਅਰਜ਼ੀ ਦਾਖ਼ਲ ਕੀਤੀ ਸੀ। ਏਜੰਸੀ ਨੇ ਦੱਸਿਆ ਕਿ ਇਸ ਮਾਮਲੇ ਵਿਚ 11 ਮਾਰਚ 2020 ਨੂੰ ਮੁੱਖ ਚਾਰਜਸ਼ੀਟ ਪਹਿਲਾਂ ਹੀ ਦਾਖ਼ਲ ਕੀਤੀ ਜਾ ਚੁੱਕੀ ਹੈ। ਇਹ ਮਾਮਲਾ 4 ਸਤੰਬਰ 2019 ਨੂੰ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ
Publish Date: Tue, 04 Aug 2026 12:17 PM (IST)
Updated Date: Tue, 04 Aug 2026 12:18 PM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਸਾਲ 2019 ਦੇ ਚਰਚਿਤ ਤਰਨਤਾਰਨ ਧਮਾਕੇ ਦੇ ਮਾਮਲੇ ਵਿਚ ਵਿਸ਼ੇਸ਼ ਐੱਨਆਈਏ ਅਦਾਲਤ ਨੇ ਏਜੰਸੀ ਦੀ ਅਰਜ਼ੀ ਨੂੰ ਪ੍ਰਵਾਨ ਕਰ ਲਿਆ ਹੈ। ਅਦਾਲਤ ਨੇ ਐੱਨਆਈਏ ਨੂੰ ਪਹਿਲੀ ਸਪਲੀਮੈਂਟਰੀ ਚਾਰਜਸ਼ੀਟ ਅਤੇ ਉਸ ਨਾਲ ਸਬੰਧਤ ਸਾਰੇ ਜ਼ਰੂਰੀ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਉਪਲਬਧ ਕਰਵਾਉਣ ਦੇ ਹੁਕਮ ਦਿੱਤੇ ਹਨ। ਐੱਨਆਈਏ ਵੱਲੋਂ ਡਿਪਟੀ ਐੱਸਪੀ ਅਤੇ ਸੀਆਈਓ ਸੌਰਭ ਭਾਰਦਵਾਜ ਨੇ ਸਰਕਾਰੀ ਵਕੀਲ ਰਾਹੀਂ ਅਦਾਲਤ ਵਿਚ ਇਹ ਅਰਜ਼ੀ ਦਾਖ਼ਲ ਕੀਤੀ ਸੀ। ਏਜੰਸੀ ਨੇ ਦੱਸਿਆ ਕਿ ਇਸ ਮਾਮਲੇ ਵਿਚ 11 ਮਾਰਚ 2020 ਨੂੰ ਮੁੱਖ ਚਾਰਜਸ਼ੀਟ ਪਹਿਲਾਂ ਹੀ ਦਾਖ਼ਲ ਕੀਤੀ ਜਾ ਚੁੱਕੀ ਹੈ। ਇਹ ਮਾਮਲਾ 4 ਸਤੰਬਰ 2019 ਨੂੰ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੇ ਬਾਹਰਵਾਰ ਹੋਏ ਧਮਾਕੇ ਨਾਲ ਸਬੰਧਤ ਹੈ, ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇਕ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋਇਆ ਸੀ।
ਜਾਂਚ ਅੱਗੇ ਵਧਣ 'ਤੇ ਐੱਨਆਈਏ ਨੇ 27 ਮਾਰਚ 2023 ਨੂੰ ਮੁਲਜ਼ਮ ਬਿਕਰਮਜੀਤ ਸਿੰਘ ਉਰਫ਼ ਬਿੱਕਰ ਪੰਝਵੜ ਖ਼ਿਲਾਫ਼ ਅਦਾਲਤ ਵਿਚ ਪਹਿਲੀ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕੀਤੀ ਸੀ। ਦੂਜੇ ਪਾਸੇ, ਘਟਨਾ ਦੇ ਸਮੇਂ ਨਾਬਾਲਿਗ ਰਹੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਦਾ ਮਾਮਲਾ ਜੁਵੇਨਾਇਲ ਜਸਟਿਸ ਬੋਰਡ ਰਾਹੀਂ ਇਸ ਵੇਲੇ ਵਧੀਕ ਸੈਸ਼ਨ ਜੱਜ, ਤਰਨਤਾਰਨ ਦੀ ਅਦਾਲਤ ਵਿਚ ਵਿਚਾਰਧੀਨ ਹੈ।
ਐੱਨਆਈਏ ਨੇ ਅਦਾਲਤ ਤੋਂ ਪਹਿਲੀ ਸਪਲੀਮੈਂਟਰੀ ਚਾਰਜਸ਼ੀਟ, ਉਸ ਦੇ ਨੱਥੀ ਦਸਤਾਵੇਜ਼ਾਂ, ਗਵਾਹਾਂ ਦੀ ਸੂਚੀ, ਉਨ੍ਹਾਂ ਦੇ ਬਿਆਨਾਂ ਅਤੇ ਹੋਰ ਰਿਕਾਰਡ ਦੀਆਂ ਪ੍ਰਮਾਣਿਤ ਕਾਪੀਆਂ ਦੀ ਮੰਗ ਕੀਤੀ ਸੀ, ਤਾਂ ਜੋ ਇਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਨਾਲ ਸਬੰਧਤ ਚੱਲ ਰਹੇ ਕੇਸ ਵਿਚ ਪੇਸ਼ ਕੀਤਾ ਜਾ ਸਕੇ। ਵਿਸ਼ੇਸ਼ ਐੱਨਆਈਏ ਅਦਾਲਤ ਨੇ ਸੁਣਵਾਈ ਤੋਂ ਬਾਅਦ ਅਰਜ਼ੀ ਮਨਜ਼ੂਰ ਕਰਦੇ ਹੋਏ ਨਿਯਮਾਂ ਅਨੁਸਾਰ ਸਾਰੇ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।