ਗਲੀਆਂ ਜਾਂ ਖੱਡੇ? ਖਸਤਾ ਹਾਲਤ ਸੜਕਾਂ ਵਿਰੁੱਧ ਲੋਕਾਂ ਦਾ ਗੁੱਸਾ ਫੁੱਟਿਆ, ਵੀਡੀਓ ਬਣਾ ਕੇ ਪ੍ਰਸ਼ਾਸਨ ਕੋਲੋਂ ਮੰਗਿਆ ਇਨਸਾਫ਼ ਨਗਰ ਕੌਂਸਲ ਡੇਰਾਬੱਸੀ ਅਧੀਨ ਆਉਂਦੇ ਮੁਬਾਰਕਪੁਰ ਖੇਤਰ ਦੀ 'ਵਿਸ਼ਾਲ ਇਨਕਲੇਵ' ਦੇ ਨਿਵਾਸੀ ਖੇਤਰ ਦੀਆਂ ਸੜਕਾਂ ਅਤੇ ਗਲੀਆਂ ਦੀ ਮਾੜੀ ਹਾਲਤ ਤੋਂ ਬੇਹੱਦ ਪਰੇਸ਼ਾਨ ਹਨ। ਟੋਇਆਂ ਵਿਚ ਤਬਦੀਲ ਹੋ ਚੁੱਕੀਆਂ ਸੜਕਾਂ ਅਤੇ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਸਥਾਨਕ ਲੋਕਾਂ ਦਾ ਜੀਵਨ ਦੁੱਭਰ ਹੋਇਆ ਪਿਆ ਹੈ। ਪ੍ਰਸ਼ਾਸਨ ਦੀ ਅਣਦੇਖੀ ਤੋਂ ਤੰਗ ਆ ਕੇ ਹੁਣ ਖੇਤਰ ਨਿਵਾਸੀਆਂ ਨੇ ਖੇਤਰ ਦੀਆਂ ਖਸਤਾਹਾਲ ਸੜਕਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਉੱਚ ਅਧਿਕਾਰੀਆਂ ਅਤੇ ਸਬੰਧਤ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਸੁਧਾਰ ਕਰਨ ਦੀ ਗੁਹਾਰ ਲਗਾਈ ਹੈ।
Publish Date: Sun, 09 Aug 2026 11:24 AM (IST)
Updated Date: Sun, 09 Aug 2026 11:25 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਨਗਰ ਕੌਂਸਲ ਡੇਰਾਬੱਸੀ ਅਧੀਨ ਆਉਂਦੇ ਮੁਬਾਰਕਪੁਰ ਖੇਤਰ ਦੀ 'ਵਿਸ਼ਾਲ ਇਨਕਲੇਵ' ਦੇ ਨਿਵਾਸੀ ਖੇਤਰ ਦੀਆਂ ਸੜਕਾਂ ਅਤੇ ਗਲੀਆਂ ਦੀ ਮਾੜੀ ਹਾਲਤ ਤੋਂ ਬੇਹੱਦ ਪਰੇਸ਼ਾਨ ਹਨ। ਟੋਇਆਂ ਵਿਚ ਤਬਦੀਲ ਹੋ ਚੁੱਕੀਆਂ ਸੜਕਾਂ ਅਤੇ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਸਥਾਨਕ ਲੋਕਾਂ ਦਾ ਜੀਵਨ ਦੁੱਭਰ ਹੋਇਆ ਪਿਆ ਹੈ। ਪ੍ਰਸ਼ਾਸਨ ਦੀ ਅਣਦੇਖੀ ਤੋਂ ਤੰਗ ਆ ਕੇ ਹੁਣ ਖੇਤਰ ਨਿਵਾਸੀਆਂ ਨੇ ਖੇਤਰ ਦੀਆਂ ਖਸਤਾਹਾਲ ਸੜਕਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਉੱਚ ਅਧਿਕਾਰੀਆਂ ਅਤੇ ਸਬੰਧਤ ਪ੍ਰਸ਼ਾਸਨ ਤੋਂ ਜਲਦ ਤੋਂ ਜਲਦ ਸੁਧਾਰ ਕਰਨ ਦੀ ਗੁਹਾਰ ਲਗਾਈ ਹੈ।
ਸਥਾਨਕ ਨਿਵਾਸੀਆਂ ਅਨੁਸਾਰ ਥੋੜ੍ਹਾ ਜਿਹਾ ਮੀਂਹ ਪੈਣ 'ਤੇ ਹੀ ਗਲੀਆਂ ਅਤੇ ਸੜਕਾਂ ਛੱਪੜ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਨਿਕਾਸੀ ਦਾ ਯੋਗ ਪ੍ਰਬੰਧ ਨਾ ਹੋਣ ਕਰਕੇ ਗੰਦਾ ਪਾਣੀ ਦਿਨਾਂ-ਬੱਧੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਬੱਦਬੂ ਤਾਂ ਫ਼ੈਲਦੀ ਹੀ ਹੈ, ਨਾਲ ਹੀ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਲਗਾਤਾਰ ਮੰਡਰਾ ਰਿਹਾ ਹੈ। ਸਕੂਲ ਜਾਣ ਵਾਲੇ ਬੱਚਿਆਂ, ਬਜ਼ੁਰਗਾਂ ਅਤੇ ਵਾਹਨ ਚਾਲਕਾਂ ਨੂੰ ਇਨ੍ਹਾਂ ਰਸਤਿਆਂ ਤੋਂ ਲੰਘਣ ਵੇਲੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਸਬੰਧਤ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਮੱਸਿਆ ਤੋਂ ਜਾਣੂ ਕਰਵਾ ਚੁੱਕੇ ਹਾਂ, ਪਰ ਹਰ ਵਾਰ ਭਰੋਸੇ ਤੋਂ ਇਲਾਵਾ ਕੁੱਝ ਨਹੀਂ ਮਿਲਿਆ।
ਮਜ਼ਬੂਰਨ ਸਾਨੂੰ ਵੀਡੀਓ ਬਣਾ ਕੇ ਵਾਇਰਲ ਕਰਨੀ ਪਈ ਤਾਂ ਜੋ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਖੁੱਲ੍ਹ ਸਕੇ। ਖੱਡਿਆਂ ਵਿਚ ਬਦਲ ਚੁੱਕੀਆਂ ਸੜਕਾਂ ਅਤੇ ਗਲੀਆਂ ਦੀ ਤੁਰੰਤ ਮੁਰੰਮਤ ਜਾਂ ਨਵਾਂ ਨਿਰਮਾਣ ਕੀਤਾ ਜਾਵੇ। ਗੰਦੇ ਪਾਣੀ ਦੇ ਨਿਕਾਸ ਲਈ ਨਾਲੀਆਂ ਅਤੇ ਸੀਵਰੇਜ ਸਿਸਟਮ ਨੂੰ ਸੁਚਾਰੂ ਬਣਾਇਆ ਜਾਵੇ। ਇਲਾਕੇ ਵਿਚ ਨਿਯਮਤ ਰੂਪ ਵਿਚ ਸਫ਼ਾਈ ਕਰਵਾਈ ਜਾਵੇ। ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।