ਨੈਸ਼ਨਲ ਹਾਈਵੇਅ 'ਤੇ ਬੇਸਹਾਰਾ ਪਸ਼ੂ ਬਣੇ ਮੁਸੀਬਤ, ਡਿਵਾਈਡਰਾਂ ’ਤੇ ਬੈਠ ਕੇ ਦੇ ਰਹੇ ਭਿਆਨਕ ਹਾਦਸਿਆਂ ਨੂੰ ਸੱਦਾ ਅੰਬਾਲਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਅਤੇ ਆਸ-ਪਾਸ ਦੇ ਖੇਤਰਾਂ ਦੀਆਂ ਸੜਕਾਂ ਅਤੇ ਗਲੀਆਂ ’ਚ ਬੇਸਹਾਰਾ ਘੁੰਮ ਰਹੇ ਪਸ਼ੂ ਆਮ ਲੋਕਾਂ ਅਤੇ ਵਾਹਨ ਚਾਲਕਾਂ ਲਈ ਜਾਨ ਦਾ ਖ਼ੌਫ਼ ਬਣ ਚੁੱਕੇ ਹਨ। ਹਾਈਵੇ ਦੇ ਡਿਵਾਈਡਰਾਂ 'ਤੇ ਬੈਠੇ ਇਹ ਬੇਸਹਾਰਾ ਪਸ਼ੂ ਰੋਜ਼ਾਨਾ ਭਿਆਨਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਪਰ ਨਗਰ ਕੌਂਸਲ ਦੇ ਅਧਿਕਾਰੀ ਸਭ ਕੁਝ ਦੇਖ ਕੇ ਵੀ ਅੱਖਾਂ ਮੀਚੀ ਬੈਠੇ ਹਨ।
Publish Date: Wed, 12 Aug 2026 01:05 PM (IST)
Updated Date: Wed, 12 Aug 2026 01:06 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਅੰਬਾਲਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਅਤੇ ਆਸ-ਪਾਸ ਦੇ ਖੇਤਰਾਂ ਦੀਆਂ ਸੜਕਾਂ ਅਤੇ ਗਲੀਆਂ ’ਚ ਬੇਸਹਾਰਾ ਘੁੰਮ ਰਹੇ ਪਸ਼ੂ ਆਮ ਲੋਕਾਂ ਅਤੇ ਵਾਹਨ ਚਾਲਕਾਂ ਲਈ ਜਾਨ ਦਾ ਖ਼ੌਫ਼ ਬਣ ਚੁੱਕੇ ਹਨ। ਹਾਈਵੇ ਦੇ ਡਿਵਾਈਡਰਾਂ 'ਤੇ ਬੈਠੇ ਇਹ ਬੇਸਹਾਰਾ ਪਸ਼ੂ ਰੋਜ਼ਾਨਾ ਭਿਆਨਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਪਰ ਨਗਰ ਕੌਂਸਲ ਦੇ ਅਧਿਕਾਰੀ ਸਭ ਕੁਝ ਦੇਖ ਕੇ ਵੀ ਅੱਖਾਂ ਮੀਚੀ ਬੈਠੇ ਹਨ।
ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਵਿਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਨਗਰ ਕੌਂਸਲ ਵੱਲੋਂ ਵੱਖ-ਵੱਖ ਮਾਧਿਅਮਾਂ ਰਾਹੀਂ ਲੱਖਾਂ ਰੁਪਏ ਦਾ 'ਗਊ ਸੈੱਸ' ਇਕੱਠਾ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਇਨ੍ਹਾਂ ਬੇਸਹਾਰਾ ਪਸ਼ੂਆਂ ਦੇ ਗਲ ਵਿਚ ਸਰਕਾਰੀ ਰੱਸਾ ਨਹੀਂ ਪੈ ਰਿਹਾ, ਯਾਨੀ ਇਨ੍ਹਾਂ ਨੂੰ ਸੰਭਾਲਣ ਜਾਂ ਗਊਸ਼ਾਲਾਵਾਂ ਤੱਕ ਪਹੁੰਚਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਦਿਨ ਹੋਵੇ ਜਾਂ ਰਾਤ, ਹਾਈਵੇ 'ਤੇ ਤੇਜ਼ ਰਫ਼ਤਾਰ ਵਾਹਨਾਂ ਦੇ ਅਚਾਨਕ ਸਾਹਮਣੇ ਪਸ਼ੂ ਆ ਜਾਣ ਕਾਰਨ ਰੋਜ਼ਾਨਾ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ। ਰਾਤ ਦੇ ਸਮੇਂ ਹਨੇਰੇ ਵਿਚ ਡਿਵਾਈਡਰਾਂ ਦੇ ਨਾਲ ਜਾਂ ਸੜਕ ਵਿਚਕਾਰ ਬੈਠੇ ਪਸ਼ੂ ਵਾਹਨ ਚਾਲਕਾਂ ਨੂੰ ਨਜ਼ਰ ਨਹੀਂ ਆਉਂਦੇ, ਜਿਸ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਕਈ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਚੁੱਕੇ ਹਨ।
ਇਸ ਤੋਂ ਇਲਾਵਾ ਸ਼ਹਿਰ ਦੀਆਂ ਅੰਦਰੂਨੀ ਗਲੀਆਂ-ਮੁਹੱਲਿਆਂ ਵਿਚ ਵੀ ਇਹ ਪਸ਼ੂ ਆਪਸ ’ਚ ਲੜਦੇ ਰਹਿੰਦੇ ਹਨ, ਜਿਸ ਨਾਲ ਪੈਦਲ ਚੱਲਣ ਵਾਲੇ ਲੋਕਾਂ ਅਤੇ ਬੱਚਿਆਂ ਲਈ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਨਗਰ ਕੌਂਸਲ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਕੱਠੇ ਕੀਤੇ ਗਏ 'ਗਊ ਸੈੱਸ' ਦਾ ਸਹੀ ਵਰਤੋਂ ਕਰਦਿਆਂ ਇਨ੍ਹਾਂ ਪਸ਼ੂਆਂ ਨੂੰ ਤੁਰੰਤ ਗਊਸ਼ਾਲਾਵਾਂ ਵਿਚ ਸ਼ਿਫਟ ਕੀਤਾ ਜਾਵੇ। ਜਦੋਂ ਇਸ ਨਗਰ ਕੌਂਸਲ ਡੇਰਾਬੱਸੀ ਦੇ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਜਲਦ ਹੀ ਬੇਸਹਾਰਾ ਪਸ਼ੂਆਂ ਨੂੰ ਫੜਕੇ ਗਊਸ਼ਾਲਾ ਵਿਚ ਭੇਜਿਆ ਜਾਵੇਗਾ।