ਰਾਜ ਪੱਧਰੀ ਸਕੂਲ ਖੇਡਾਂ : ਬਾਸਕਟਬਾਲ 'ਚ ਲੁਧਿਆਣਾ ਦੀ ਟੀਮ ਚੈਂਪੀਅਨ, ਮੋਹਾਲੀ ਨੂੰ ਹਰਾ ਕੇ ਜਿੱਤੀ ਟਰਾਫ਼ੀ
ਪਹਿਲਾਂ ਬੱਲੇਬਾਜ਼ੀ ਕਰਦਿਆਂ ਲੁਧਿਆਣਾ ਦੀ ਟੀਮ ਨੇ ਨਿਰਧਾਰਿਤ ਓਵਰਾਂ ਵਿੱਚ ਕੇਵਲ 71 ਦੌੜਾਂ ਬਣਾਈਆਂ ਜਦਕਿ ਪਟਿਆਲਾ ਦੀ ਟੀਮ ਨੇ 14.1 ਓਵਰਾਂ ਵਿੱਚ ਜੇਤੂ ਟੀਚਾ ਪੂਰਾ ਕਰਦਿਆਂ ਚਾਰ ਵਿਕਟਾਂ ਨਾਲ ਜਿੱਤ ਦਰਜ਼ ਕੀਤੀ ਅਤੇ ਫਾਈਨਲ ਵਿੱਚ ਥਾਂ ਪੱਕੀ ਕੀਤੀ
Publish Date: Thu, 01 Oct 2026 03:26 PM (IST)
Updated Date: Thu, 01 Oct 2026 03:32 PM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੋਹਾਲੀ : ਇੱਥੇ ਚੱਲ ਰਹੀਆਂ ਰਾਜ ਪੱਧਰੀ ਸਕੂਲ ਖੇਡਾਂ ਦੌਰਾਨ ਮੁਕੰਮਲ ਹੋਏ ਕੁੜੀਆਂ ਦੇ 17 ਸਾਲ ਵਰਗ ਦੇ ਬਾਸਕਟਬਾਲ ਮੁਕਾਬਲੇ ਵਿੱਚ ਲੁਧਿਆਣਾ ਦੀ ਟੀਮ ਚੈਂਪੀਅਨ ਬਣੀ ਜਦਕਿ ਮੇਜ਼ਬਾਨ ਮੋਹਾਲੀ ਦੀ ਟੀਮ ਉੱਪ ਜੇਤੂ ਰਹੀ।
ਇੱਥੇ ਚੱਲ ਰਹੀਆਂ ਰਾਜ ਪੱਧਰੀ ਖੇਡਾਂ ਦੌਰਾਨ ਕੁੜੀਆਂ ਦੇ 17 ਸਾਲ ਵਰਗ ਦੇ ਬਾਸਕਟਕਬਾਲ ਦੇ ਮੁਕਾਬਲੇ ਸੈਕਟਰ 78 ਦੇ ਬਹੁਮੰਤਵੀ ਖੇਡ ਕੰਪਲੈਕਸ ਵਿੱਚ ਮੁਕੰਮਲ ਹੋਏ। ਫਾਈਨਲ ਮੈਚ ਮੋਹਾਲੀ ਅਤੇ ਲੁਧਿਆਣਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਫਸਵੇਂ ਫਾਈਨਲ ਵਿੱਚ ਲੁਧਿਆਣਾ ਦੀ ਟੀਮ ਨੇ 62-57 ਦੇ ਅੰਤਰ ਨਾਲ ਜਿੱਤ ਦਰਜ਼ ਕਰਕੇ ਟਰਾਫ਼ੀ ਆਪਣੇ ਨਾਂ ਕੀਤੀ। ਮੋਹਾਲੀ ਦੀ ਟੀਮ ਉੱਪ ਜੇਤੂ ਬਣੀ। ਬਾਸਕਟਬਾਲ ਦੇ ਤੀਜੇ ਤੇ ਚੌਥੇ ਸਥਾਨ ਲਈ ਮੈਚ ਪਟਿਆਲਾ ਤੇ ਮਾਨਸਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਮਾਨਸਾ ਦੀ ਟੀਮ ਨੇ ਪਟਿਆਲਾ ਨੂੰ 67-48 ਦੇ ਅੰਤਰ ਨਾਲ ਹਰਾ ਕੇ ਤੀਜੇ ਸਥਾਨ ‘ਤੇ ਕਬਜ਼ਾ ਕੀਤਾ।
ਇਸੇ ਦੌਰਾਨ ਚੱਪੜਚਿੜੀ ਦੇ ਚੈਂਪੀਅਨਜ਼ ਕ੍ਰਿਕਟ ਅਕੈਡਮੀ ਮੈਦਾਨ ਵਿੱਚ ਚੱਲ ਰਹੇ 17 ਸਾਲ ਵਰਗ ਦੀਆਂ ਕੁੜੀਆਂ ਦੇ ਕ੍ਰਿਕਟ ਮੁਕਾਬਲਿਆਂ ਦੇ ਸੈਮੀਫਾਈਨਲ ਗੇੜ ਦੇ ਮੈਚ ਖੇਡੇ ਗਏ। ਪਹਿਲਾ ਸੈਮੀਫਾਈਨਲ ਪਟਿਆਲਾ ਤੇ ਲੁਧਿਆਣਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਲੁਧਿਆਣਾ ਦੀ ਟੀਮ ਨੇ ਨਿਰਧਾਰਿਤ ਓਵਰਾਂ ਵਿੱਚ ਕੇਵਲ 71 ਦੌੜਾਂ ਬਣਾਈਆਂ ਜਦਕਿ ਪਟਿਆਲਾ ਦੀ ਟੀਮ ਨੇ 14.1 ਓਵਰਾਂ ਵਿੱਚ ਜੇਤੂ ਟੀਚਾ ਪੂਰਾ ਕਰਦਿਆਂ ਚਾਰ ਵਿਕਟਾਂ ਨਾਲ ਜਿੱਤ ਦਰਜ਼ ਕੀਤੀ ਅਤੇ ਫਾਈਨਲ ਵਿੱਚ ਥਾਂ ਪੱਕੀ ਕੀਤੀ। ਦੂਜਾ ਸੈਮੀਫਾਈਨਲ ਮੋਹਾਲੀ ਤੇ ਸੰਗਰੂਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿੱਚ ਮੋਹਾਲੀ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ 186 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਜਿਸ ਵਿੱਚ ਅਮੰਨਿਆ ਦੀ 65 ਦੌੜਾਂ ਅਤੇ ਸੁਖਮਨਲੀਨ ਦੀ 67 ਦੌੜਾਂ ਦੀ ਧੂੰਆਂਧਾਰ ਪਾਰੀ ਸ਼ਾਮਲ ਸੀ। ਇਸ ਦੇ ਜਵਾਬ ਵਿੱਚ ਸੰਗਰੂਰ ਦੀ ਟੀਮ ਕੇਵਲ 62 ਦੌੜਾਂ ਹੀ ਬਣਾ ਸਕੀ। ਮੋਹਾਲੀ ਦੀ ਟੀਮ ਨੇ ਇਹ ਮੈਚ 124 ਦੌੜਾਂ ਦੇ ਵੱਡੇ ਅੰਤਰ ਨਾਲ ਜਿੱਤ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।
ਬਾਸਕਟਬਾਲ ਮੁਕਾਬਲਿਆਂ ਦੇ ਇਨਾਮ ਵੰਡ ਸਮਾਗਮ ਦੌਰਾਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਡਾ. ਇੰਦ ਬਾਲਾ ਨੇ ਦੱਸਿਆ ਕਿ ਜੇਤੂ ਟੀਮ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਕੁਮਾਰ ਨਾਢਾ, ਮਨਪ੍ਰੀਤ ਸਿੰਘ ਗੋਸਲਾਂ, ਬਾਕਸਟਕਾਲ ਕੋਚ ਯਾਦਵਿੰਦਰ ਗੌੜ, ਅਮਨਦੀਪ ਕੌਰ, ਰਵਿੰਦਰ ਸਿੰਘ, ਸੀਮਾ ਧਾਰੀਵਾਲ, ਸਵੀਟੀ ਰਾਣਾ, ਨਿਤਿਨ ਰਾਏ, ਰਵਿੰਦਰ ਕੁਮਾਰ, ਸੰਦੀਪ ਖਾਨ, ਆਰਜ਼ੂ ਆਦਿ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆ ਤੋਂ ਆਏ ਖੇਡ ਅਧਿਆਪਕ ਹਾਜ਼ਰ ਸਨ।