ਪੰਜਾਬ 'ਚ ਦਰਦਨਾਕ ਸੜਕ ਹਾਦਸਾ, ਤੇਜ਼ ਰਫ਼ਤਾਰ ਥਾਰ ਗੱਡੀਆਂ ਨੇ ਦੋ ਨੌਜਵਾਨਾਂ ਨੂੰ ਦਰੜਿਆ, ਮੌਕੇ ’ਤੇ ਹੀ ਹੋਈ ਮੌਤ ਏਅਰੋਸਿਟੀ ਦੇ ਜੀ ਬਲਾਕ ਨੇੜੇ ਐਤਵਾਰ ਰਾਤ ਦੋ ਤੇਜ਼ ਰਫ਼ਤਾਰ ਥਾਰ ਗੱਡੀਆਂ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਦੋਵੇਂ ਥਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Tue, 17 Nov 2026 11:30 AM (IST)
Updated Date: Tue, 17 Nov 2026 11:31 AM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਜ਼ੀਰਕਪੁਰ : ਏਅਰੋਸਿਟੀ ਦੇ ਜੀ ਬਲਾਕ ਨੇੜੇ ਐਤਵਾਰ ਰਾਤ ਦੋ ਤੇਜ਼ ਰਫ਼ਤਾਰ ਥਾਰ ਗੱਡੀਆਂ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਦੋਵੇਂ ਥਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ’ਚ ਮ੍ਰਿਤਕਾਂ ਦੇ ਦੋਸਤ ਸੂਰਿਆਂਸ਼ ਸ਼ਰਮਾ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ 10:50 ਵਜੇ ਉਹ ਆਪਣੇ ਦੋਸਤਾਂ ਨਾਲ ਮੁਹਾਲੀ ਤੋਂ ਜ਼ੀਰਕਪੁਰ ਜਾ ਰਹੇ ਸਨ। ਉਹ ਦੋ ਮੋਟਰਸਾਈਕਲਾਂ 'ਤੇ ਸਵਾਰ ਸਨ। ਕੇਟੀਐੱਮ ਡਿਊਕ ਮੋਟਰਸਾਈਕਲ ਸੰਸਕਾਰ ਸੋਨੀ ਚਲਾ ਰਿਹਾ ਸੀ, ਜਦਕਿ ਰੋਹਿਤ ਕੁਮਾਰ ਨੇਗੀ ਉਸ ਦੇ ਪਿੱਛੇ ਬੈਠਾ ਸੀ। ਦੂਜੇ ਰੋਇਲ ਐਨਫੀਲਡ ਮੋਟਰਸਾਈਕਲ 'ਤੇ ਸੂਰਿਆਂਸ਼ ਅਤੇ ਅਰਚਿਤ ਸਵਾਰ ਸਨ।
ਜੀ ਬਲਾਕ ਦੀਆਂ ਲਾਈਟਾਂ ਨੇੜੇ ਪਹੁੰਚਣ 'ਤੇ ਇਕ ਚੰਡੀਗੜ੍ਹ ਨੰਬਰ ਦੀ ਥਾਰ ਗੱਡੀ ਤੇਜ਼ ਰਫ਼ਤਾਰ ਨਾਲ ਆਈ ਅਤੇ ਅਚਾਨਕ ਮੁੱਖ ਸੜਕ 'ਤੇ ਚੜ੍ਹ ਗਈ। ਇਸ ਦੌਰਾਨ ਸੰਸਕਾਰ ਦੀ ਬਾਈਕ ਥਾਰ ਨਾਲ ਟਕਰਾ ਗਈ ਅਤੇ ਦੋਵੇਂ ਨੌਜਵਾਨ ਸੜਕ 'ਤੇ ਡਿੱਗ ਪਏ। ਇਸੇ ਦੌਰਾਨ ਪਿੱਛੋਂ ਆਈ ਇਕ ਹੋਰ ਤੇਜ਼ ਰਫ਼ਤਾਰ ਥਾਰ ਨੇ ਸੜਕ 'ਤੇ ਡਿੱਗੇ ਦੋਵਾਂ ਨੌਜਵਾਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਦੋਸਤਾਂ ਨੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਫੇਜ਼-6 ਮੁਹਾਲੀ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ੀਰਕਪੁਰ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਵੇਂ ਥਾਰ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਫ਼ਰਾਰ ਚਾਲਕਾਂ ਦੀ ਪਛਾਣ ਅਤੇ ਦੂਜੀ ਗੱਡੀ ਦੇ ਨੰਬਰ ਦਾ ਪਤਾ ਲਗਾਉਣ ਲਈ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚੀ ਜਾ ਰਹੀ ਹੈ।