ਘਰੇਲੂ ਵਿਵਾਦ ਨੇ ਧਾਰਿਆ ਖ਼ਤਰਨਾਕ ਰੂਪ: ਚੱਲੀਆਂ ਤਾਬੜਤੋੜ ਗੋਲ਼ੀਆਂ, ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਕਾਰ ਰਾਹੀਂ ਫ਼ਰਾਰ ਹੋਏ ਮੁਲਜ਼ਮ
ਜਾਂਚ ਅਧਿਕਾਰੀ ਏ.ਐੱਸ.ਆਈ. ਗੁਲਾਬ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਵਾਸੀ ਪਿੰਡ ਬੇਹੜਾ ਡੇਰਾਬੱਸੀ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਭੈਣ ਸਿਮਰਨਜੀਤ ਕੌਰ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਹੈ, ਜਿਸ ਕਰ ਕੇ ਉਹ ਆਪਣੇ ਪੇਕੇ ਘਰ ਹੀ ਰਹਿ ਰਹੀ ਹੈ।
Publish Date: Mon, 24 Aug 2026 01:06 PM (IST)
Updated Date: Mon, 24 Aug 2026 01:09 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ। ਪਿੰਡ ਬੇਹੜਾ ’ਚ ਘਰੇਲੂ ਕਲੇਸ਼ ਕਾਰਨ ਗੋਲ਼ੀ ਚਲਾਉਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਏ.ਐੱਸ.ਆਈ. ਗੁਲਾਬ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਵਿੰਦਰ ਸਿੰਘ ਵਾਸੀ ਪਿੰਡ ਬੇਹੜਾ ਡੇਰਾਬੱਸੀ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਭੈਣ ਸਿਮਰਨਜੀਤ ਕੌਰ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਹੈ, ਜਿਸ ਕਰ ਕੇ ਉਹ ਆਪਣੇ ਪੇਕੇ ਘਰ ਹੀ ਰਹਿ ਰਹੀ ਹੈ।
ਲੰਘੀ 21 ਅਗਸਤ ਦੀ ਰਾਤ ਜਦੋਂ ਪਰਿਵਾਰ ਘਰ ’ਚ ਮੌਜੂਦ ਸੀ ਤਾਂ ਉਸ ਦੇ ਜੀਜੇ ਰੋਸ਼ਨ ਸਿੰਘ ਦਾ ਜੀਜਾ ਅਰਜਨ ਸਿੰਘ, ਭੈਣ ਸੰਦੀਪ ਕੌਰ ਅਤੇ ਕਜ਼ਨ ਮਾਮਾ ਜਸਵਿੰਦਰ ਸਿੰਘ ਆਪਣੀ ਕਾਰ ’ਚ ਆਏ। ਆਉਂਦਿਆਂ ਹੀ ਉਨ੍ਹਾਂ ਬਿਨਾਂ ਕਿਸੇ ਵਜ੍ਹਾ ਗਾਲੀ-ਗਲੋਚ ਸ਼ੁਰੂ ਕਰ ਦਿੱਤੀ।
ਜਦੋਂ ਪਰਿਵਾਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਰਜਨ ਸਿੰਘ ਨੇ ਆਪਣੇ ਡੱਬ ’ਚੋਂ ਪਿਸਤੌਲ ਕੱਢ ਕੇ ਇਕ ਫਾਇਰ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਕਾਰ ’ਚ ਫ਼ਰਾਰ ਹੋ ਗਏ।
ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ’ਤੇ ਅਰਜਨ ਸਿੰਘ ਵਾਸੀ ਪਿੰਡ ਲੱਖੋਵਾਲ ਮਾਛੀਵਾੜਾ, ਸੰਦੀਪ ਕੌਰ ਪਤਨੀ ਅਰਜਨ ਸਿੰਘ ਵਾਸੀ ਪਿੰਡ ਲੱਖੋਵਾਲ ਮਾਛੀਵਾੜਾ, ਜਸਵਿੰਦਰ ਸਿੰਘ ਵਾਸੀ ਪਿੰਡ ਕੂੰਮ ਕਲਾਂ, ਲੁਧਿਆਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਫਿਲਹਾਲ ਸਾਰੇ ਮੁਲਜ਼ਮ ਫ਼ਰਾਰ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।