ਮੌਨਸੂਨ ਸੈਸ਼ਨ 'ਚ ਛਾਏ ਸਤਨਾਮ ਸੰਧੂ, 29 ਸਵਾਲਾਂ ਤੇ 11 ਬਹਿਸਾਂ ਰਾਹੀਂ ਉਠਾਏ ਪੰਜਾਬ ਦੇ ਮੁੱਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਹਾਲ ਹੀ ’ਚ ਸਮਾਪਤ ਹੋਏ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਲਗਾਤਾਰ ਉਠਾਉਣ ਅਤੇ ਸੰਸਦੀ ਕਾਰਵਾਈ ’ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਮੈਂਬਰਾਂ ’ਚ ਸ਼ਾਮਲ ਰਹੇ। ਸੈਸ਼ਨ ਦੌਰਾਨ ਉਨ੍ਹਾਂ ਨੇ ਸਾਰੀਆਂ 19 ਬੈਠਕਾਂ ’ਚ ਹਾਜ਼ਰੀ ਦਰਜ ਕਰਵਾਈ। ਉਨ੍ਹਾਂ ਨੇ 11 ਬਹਿਸਾਂ ’ਚ ਹਿੱਸਾ ਲਿਆ ਅਤੇ 29 ਸਵਾਲ ਉਠਾਏ।
Publish Date: Tue, 25 Aug 2026 09:40 AM (IST)
Updated Date: Tue, 25 Aug 2026 09:41 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਤੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਹਾਲ ਹੀ ’ਚ ਸਮਾਪਤ ਹੋਏ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਲਗਾਤਾਰ ਉਠਾਉਣ ਅਤੇ ਸੰਸਦੀ ਕਾਰਵਾਈ ’ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਮੈਂਬਰਾਂ ’ਚ ਸ਼ਾਮਲ ਰਹੇ। ਸੈਸ਼ਨ ਦੌਰਾਨ ਉਨ੍ਹਾਂ ਨੇ ਸਾਰੀਆਂ 19 ਬੈਠਕਾਂ ’ਚ ਹਾਜ਼ਰੀ ਦਰਜ ਕਰਵਾਈ। ਉਨ੍ਹਾਂ ਨੇ 11 ਬਹਿਸਾਂ ’ਚ ਹਿੱਸਾ ਲਿਆ ਅਤੇ 29 ਸਵਾਲ ਉਠਾਏ।
ਸੈਸ਼ਨ ਦੌਰਾਨ ਸੰਸਦ ’ਚ ਕਈ ਵਾਰ ਵਿਘਨ ਪੈਣ ਦੇ ਬਾਵਜੂਦ ਸੰਧੂ ਦੀ ਹਾਜ਼ਰੀ 100 ਫ਼ੀਸਦੀ ਰਹੀ। ਜਨਵਰੀ 2024 ’ਚ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਔਸਤ ਹਾਜ਼ਰੀ 92 ਫ਼ੀਸਦੀ ਰਹੀ ਹੈ, ਜੋ 80 ਫ਼ੀਸਦੀ ਦੀ ਰਾਸ਼ਟਰੀ ਔਸਤ ਤੋਂ ਵੱਧ ਦੱਸੀ ਗਈ ਹੈ। ਇਸ ਦੌਰਾਨ ਚਾਰ ਸੈਸ਼ਨਾਂ ’ਚ ਉਨ੍ਹਾਂ ਦੀ ਹਾਜ਼ਰੀ 100 ਫ਼ੀਸਦੀ ਰਹੀ।
ਪੰਜਾਬ ਦੇ ਮੁੱਦਿਆਂ ’ਤੇ ਸਰਗਰਮ ਸੰਧੂ ਨੇ ਸੈਸ਼ਨ ਦੌਰਾਨ ਪੰਜਾਬ ਨਾਲ ਸਬੰਧਤ ਖੇਤੀਬਾੜੀ, ਜਲ ਸੁਰੱਖਿਆ, ਸਿਹਤ, ਬੁਨਿਆਦੀ ਢਾਂਚੇ, ਸਿੱਖਿਆ ਅਤੇ ਸੰਪਰਕ ਸਹੂਲਤਾਂ ਵਰਗੇ ਮੁੱਦੇ ਉਠਾਏ। ਉਨ੍ਹਾਂ ਜਲ ਸਰੋਤਾਂ ਦੀ ਸੰਭਾਲ, ਪੰਜਾਬ ਦੀ ਨਹਿਰੀ ਪ੍ਰਣਾਲੀ ਦੇ ਆਧੁਨਿਕੀਕਰਨ ਅਤੇ ਵੈੱਟਲੈਂਡਜ਼ ਦੇ ਪੁਨਰ-ਸੁਰਜੀਤੀਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਪੰਜਾਬ ’ਚ ਨਸ਼ਿਆਂ ਦੀ ਸਮੱਸਿਆ, ਅਨਾਜ ਭੰਡਾਰਨ ਦੀ ਘਾਟ, ਸਹਿਕਾਰੀ ਖੰਡ ਮਿੱਲਾਂ, ਕੈਂਸਰ ਇਲਾਜ ਲਈ ਬਿਹਤਰ ਸਿਹਤ ਬੁਨਿਆਦੀ ਢਾਂਚੇ ਅਤੇ ਚੰਡੀਗੜ੍ਹ ਤੋਂ ਕੌਮਾਂਤਰੀ ਹਵਾਈ ਸੰਪਰਕ ਵਰਗੇ ਮੁੱਦੇ ਵੀ ਸੰਸਦ ’ਚ ਚੁੱਕੇ। ਇਸ ਤੋਂ ਇਲਾਵਾ ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਵਿਰਾਸਤੀ ਸਥਾਨਾਂ ਦੀ ਸਾਂਭ-ਸੰਭਾਲ ਦੀ ਲੋੜ ਵੱਲ ਵੀ ਧਿਆਨ ਦਿਵਾਇਆ।
ਪੰਜਾਬ ਦੇ ਹੋਰ ਸੰਸਦ ਮੈਂਬਰਾਂ ਦੀ ਹਾਜ਼ਰੀ ਸਤਨਾਮ ਸੰਧੂ, ਅਸ਼ੋਕ ਮਿੱਤਲ, ਮਾਲਵਿੰਦਰ ਸਿੰਘ ਕੰਗ ਅਤੇ ਗੁਰਜੀਤ ਸਿੰਘ ਔਜਲਾ ਨੇ ਮੌਨਸੂਨ ਸੈਸ਼ਨ ਦੀਆਂ ਸਾਰੀਆਂ 19 ਬੈਠਕਾਂ ’ਚ ਹਾਜ਼ਰੀ ਦਰਜ ਕਰਵਾਈ। ਰਾਘਵ ਚੱਢਾ ਦੀ ਹਾਜ਼ਰੀ 94.73 ਫ਼ੀਸਦੀ, ਜਦਕਿ ਡਾ. ਅਮਰ ਸਿੰਘ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ 89.4 ਫ਼ੀਸਦੀ ਰਹੀ।