ਸਤਨਾਮ ਸੰਧੂ ਨੇ ਮੁਹਾਲੀ-ਕੁਰਾਲੀ ਐਕਸਪ੍ਰੈੱਸ-ਵੇਅ ਤੋਂ ਫ਼ਤਹਿਗੜ੍ਹ ਸਾਹਿਬ ਤੱਕ ਸੜਕੀ ਸੰਪਰਕ ਬਿਹਤਰ ਬਣਾਉਣ ਦੀ ਕੀਤੀ ਮੰਗ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਬੁੱਧਵਾਰ ਨੂੰ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਬਜਹੇੜੀ ਟੋਲ ਪਲਾਜ਼ਾ ’ਤੇ ਆਈਟੀ ਸਿਟੀ ਮੁਹਾਲੀ ਤੋਂ ਕੁਰਾਲੀ ਐਕਸਪ੍ਰੈੱਸ-ਵੇਅ ਉੱਤੇ ਐਂਟਰੀ-ਐਗਜ਼ਿਟ ਪੁਆਇੰਟ ਦੇ ਕੇ ਫ਼ਤਹਿਗੜ੍ਹ ਸਾਹਿਬ ਲਈ ਸੜਕੀ ਸੰਪਰਕ ਬਿਹਤਰ ਬਣਾਉਣ ਦਾ ਮੁੱਦਾ ਚੁੱਕਿਆ। ਐਕਸਪ੍ਰੈੱਸ-ਵੇਅ ਉੱਤੇ ਐਂਟਰੀ-ਐਗਜ਼ਿਟ ਪੁਆਇੰਟ ਦੀ ਵਿਵਸਥਾ ਕਿਸਾਨਾਂ ਅਤੇ ਨੇੜਲੇ ਪਿੰਡਾਂ ਪੀਰ ਸੋਹਾਣਾ, ਸਕਰੁਲਾਪੁਰ, ਰੋੜਾ, ਸੋਤਲ, ਬਜਹੇੜੀ, ਘੜੂਆਂ ਅਤੇ ਬੱਤਾ ਸਮੇਤ ਹੋਰਨਾਂ ਵਸਨੀਕਾਂ ਅਤੇ ਰਾਹਗੀਰਾਂ ਦੀ ਅਹਿਮ ਮੰਗ ਹੈ ਅਤੇ ਇਹ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਲਾਭਦਾਇਕ ਸਿੱਧ ਹੋਵੇਗੀ।
Publish Date: Thu, 06 Aug 2026 11:28 AM (IST)
Updated Date: Thu, 06 Aug 2026 11:29 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਬੁੱਧਵਾਰ ਨੂੰ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਬਜਹੇੜੀ ਟੋਲ ਪਲਾਜ਼ਾ ’ਤੇ ਆਈਟੀ ਸਿਟੀ ਮੁਹਾਲੀ ਤੋਂ ਕੁਰਾਲੀ ਐਕਸਪ੍ਰੈੱਸ-ਵੇਅ ਉੱਤੇ ਐਂਟਰੀ-ਐਗਜ਼ਿਟ ਪੁਆਇੰਟ ਦੇ ਕੇ ਫ਼ਤਹਿਗੜ੍ਹ ਸਾਹਿਬ ਲਈ ਸੜਕੀ ਸੰਪਰਕ ਬਿਹਤਰ ਬਣਾਉਣ ਦਾ ਮੁੱਦਾ ਚੁੱਕਿਆ। ਐਕਸਪ੍ਰੈੱਸ-ਵੇਅ ਉੱਤੇ ਐਂਟਰੀ-ਐਗਜ਼ਿਟ ਪੁਆਇੰਟ ਦੀ ਵਿਵਸਥਾ ਕਿਸਾਨਾਂ ਅਤੇ ਨੇੜਲੇ ਪਿੰਡਾਂ ਪੀਰ ਸੋਹਾਣਾ, ਸਕਰੁਲਾਪੁਰ, ਰੋੜਾ, ਸੋਤਲ, ਬਜਹੇੜੀ, ਘੜੂਆਂ ਅਤੇ ਬੱਤਾ ਸਮੇਤ ਹੋਰਨਾਂ ਵਸਨੀਕਾਂ ਅਤੇ ਰਾਹਗੀਰਾਂ ਦੀ ਅਹਿਮ ਮੰਗ ਹੈ ਅਤੇ ਇਹ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਲਾਭਦਾਇਕ ਸਿੱਧ ਹੋਵੇਗੀ।
ਸਤਨਾਮ ਸੰਧੂ ਨੇ ਬਜਹੇੜੀ ਟੋਲ ਪਲਾਜ਼ਾ ਦੇ ਨੇੜੇ ਪੈਂਦੇ 7 ਪਿੰਡਾਂ ਦੇ ਸਥਾਨਕ ਵਸਨੀਕਾਂ ਦੀ ਚਿੰਤਾ ਸਦਨ ਵਿਚ ਰੱਖੀ, ਜਿਨ੍ਹਾਂ ਨੂੰ ਨਵੇਂ ਬਣੇ ਆਈਟੀ ਸਿਟੀ ਮੁਹਾਲੀ ਤੋਂ ਕੁਰਾਲੀ ਐਕਸਪ੍ਰੈੱਸ-ਵੇਅ ਉੱਤੇ ਕੋਈ ਐਂਟਰੀ-ਐਗਜ਼ਿਟ ਪੁਆਇੰਟ ਨਾ ਹੋਣ ਕਾਰਨ ਨੇੜਲੇ ਸ਼ਹਿਰਾਂ ਖਰੜ, ਕੁਰਾਲੀ ਅਤੇ ਮੁਹਾਲੀ ਨਾਲ ਸਿੱਧੀ ਸੰਪਰਕ ਸਹੂਲਤ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ, “ਬਜਹੇੜੀ ਟੋਲ ਪਲਾਜ਼ਾ ਨੇੜੇ ਸਿੱਧੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਅਤੇ ਸੰਪਰਕ ਸੜਕ ਦੀ ਅਣਹੋਂਦ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸਕ ਤੀਰਥ ਨਗਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ, ਜਿੱਥੇ ਹਰ ਸਾਲ 5 ਤੋਂ 10 ਲੱਖ ਸ਼ਰਧਾਲੂ ਪਹੁੰਚਦੇ ਹਨ ਅਤੇ ਨਾਲ ਹੀ ਰੋਜ਼ਾਨਾ ਸਫ਼ਰ ਕਰਨ ਵਾਲੇ ਹਜ਼ਾਰਾਂ ਯਾਤਰੀਆਂ ਲਈ ਵੱਡੀ ਪਰੇਸ਼ਾਨੀ ਬਣ ਗਈ ਹੈ, ਜਿਨ੍ਹਾਂ ਨੂੰ ਮਜਬੂਰਨ ਕਿਤੇ ਵੱਧ ਲੰਮਾ ਰਸਤਾ ਤੈਅ ਕਰਨਾ ਪੈਂਦਾ ਹੈ।”
ਸੰਸਦ ਮੈਂਬਰ ਸੰਧੂ ਨੇ ਕਿਹਾ, “ਇਹ ਪਵਿੱਤਰ ਨਗਰ ਪੂਰੀ ਦੁਨੀਆ ਵਿਚ ਉਸ ਅਸਥਾਨ ਵਜੋਂ ਸਤਿਕਾਰਿਆ ਜਾਂਦਾ ਹੈ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਹਰ ਸਾਲ ਪੰਜ ਲੱਖ ਤੋਂ ਦਸ ਲੱਖ ਸ਼ਰਧਾਲੂ ਸਾਲਾਨਾ ਸ਼ਹੀਦੀ ਸਭਾ ਵਿਚ ਸ਼ਾਮਲ ਹੁੰਦੇ ਹਨ, ਜੋ ਦੇਸ਼ ਦੇ ਸਭ ਤੋਂ ਵੱਡੇ ਸਿੱਖ ਧਾਰਮਿਕ ਇਕੱਠਾਂ ’ਚੋਂ ਇਕ ਹੈ।”
ਮੁਹਾਲੀ ਤੋਂ ਕੁਰਾਲੀ ਛੇ-ਮਾਰਗੀ 30 ਕਿੱਲੋਮਾਜਰੀ ਗਰੀਨਫੀਲਡ ਐਕਸਪ੍ਰੈੱਸ-ਵੇਅ ਲਈ 2300 ਕਰੋੜ ਖ਼ਰਚ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਸੰਸਦ ਮੈਂਬਰ ਸਤਨਾਮ ਸੰਧੂ ਨੇ ਕਿਹਾ, “ਇਸ ਪ੍ਰੋਜੈਕਟ ਨੇ ਸੰਪਰਕ ਸਹੂਲਤ ਵਿਚ ਕਾਫ਼ੀ ਸੁਧਾਰ ਕੀਤਾ ਹੈ। ਮੁਹਾਲੀ-ਚੰਡੀਗੜ੍ਹ ਖੇਤਰ ਵਿਚ ਟ੍ਰੈਫਿਕ ਭੀੜ ਘਟਾਉਣ ਵਿਚ ਮਦਦ ਕੀਤੀ ਹੈ ਪਰ ਸ੍ਰੀ ਫ਼ਤਹਿਗੜ੍ਹ ਸਾਹਿਬ ਵੱਲ ਜਾਣ ਵਾਲੀ ਸੜਕ ਬਜਹੇੜੀ ਟੋਲ ਪਲਾਜ਼ਾ ਦੇ ਹੇਠੋਂ ਲੰਘਦੀ ਹੈ, ਜਿੱਥੇ ਦਾਖ਼ਲੇ ਜਾਂ ਨਿਕਾਸ ਦੀ ਕੋਈ ਵਿਵਸਥਾ ਨਹੀਂ ਹੈ।
ਰਾਜ ਸਭਾ ਵਿਚ ਇਸ ਮੁੱਦੇ ’ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸਦਨ ਨੂੰ ਭਰੋਸਾ ਦਿੱਤਾ ਕਿ ਉਹ ਖ਼ੁਦ ਇਸ ਮਾਮਲੇ ਦੀ ਪੜਤਾਲ ਕਰਨਗੇ। ਉਨ੍ਹਾਂ ਨੇ ਫ਼ੈਸਲਾ ਲੈਣ ਤੋਂ ਪਹਿਲਾਂ ਮੁੱਦੇ ਨੂੰ ਵਿਸਥਾਰ ਨਾਲ ਸਮਝਣ ਲਈ ਪ੍ਰਸ਼ਨ ਕਾਲ ਤੋਂ ਬਾਅਦ ਵਿਸਥਾਰ ਚਰਚਾ ਕਰਨ ਲਈ ਸੰਸਦ ਮੈਂਬਰ ਸਤਨਾਮ ਸੰਧੂ ਨੂੰ ਬੈਠਕ ਲਈ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਨ ਕਾਲ ਤੋਂ ਤੁਰੰਤ ਬਾਅਦ ਸਬੰਧਤ ਅਧਿਕਾਰੀਆਂ ਨੂੰ ਬੁਲਾ ਕੇ ਅਧਿਐਨ ਕਰਨਗੇ ਅਤੇ ਸਮੱਸਿਆ ਦੀ ਅਸਲ ਪ੍ਰਕਿਰਤੀ ਨੂੰ ਸਮਝਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰਨ ਤੋਂ ਬਾਅਦ ਮੰਤਰਾਲਾ ਢੁਕਵਾਂ ਹੱਲ ਕੱਢਣ ਲਈ ਹਰ ਸੰਭਵ ਯਤਨ ਕਰੇਗਾ।