ਮੋਹਾਲੀ ’ਚ ਓਰਲ ਕੈਂਸਰ ਦਾ ਖ਼ਤਰਾ, 42 ਹਜ਼ਾਰ ਲੋਕਾਂ ਦੀ ਜਾਂਚ; ਸਿਹਤ ਵਿਭਾਗ ਦੀ ਚਿਤਾਵਨੀ ਨੂੰ ਨਾ ਕਰੋ ਨਜ਼ਰਅੰਦਾਜ਼ ਜ਼ਿਲ੍ਹੇ ’ਚ ਓਰਲ (ਮੂੰਹ ਦੇ) ਕੈਂਸਰ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਬਿਮਾਰੀ ਦੀ ਸਮੇਂ ਸਿਰ ਪਛਾਣ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਇੱਕ ਵਿਸ਼ੇਸ਼ ਸਕ੍ਰੀਨਿੰਗ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਕਰੀਬ 9 ਲੱਖ ਲੋਕਾਂ ਦੀ ਸਕ੍ਰੀਨਿੰਗ ਦਾ ਟੀਚਾ ਰੱਖਿਆ ਗਿਆ ਹੈ।
Publish Date: Thu, 16 Jul 2026 03:39 PM (IST)
Updated Date: Thu, 16 Jul 2026 03:42 PM (IST)
ਵਿਸ਼ਾਲ ਮਿੱਤਲ, ਮੋਹਾਲੀ। ਜ਼ਿਲ੍ਹੇ ’ਚ ਓਰਲ (ਮੂੰਹ ਦੇ) ਕੈਂਸਰ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਬਿਮਾਰੀ ਦੀ ਸਮੇਂ ਸਿਰ ਪਛਾਣ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਇੱਕ ਵਿਸ਼ੇਸ਼ ਸਕ੍ਰੀਨਿੰਗ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਕਰੀਬ 9 ਲੱਖ ਲੋਕਾਂ ਦੀ ਸਕ੍ਰੀਨਿੰਗ ਦਾ ਟੀਚਾ ਰੱਖਿਆ ਗਿਆ ਹੈ।
ਹੁਣ ਤੱਕ 42 ਹਜ਼ਾਰ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਸੱਤ ਲੋਕਾਂ ਵਿੱਚ ਓਰਲ ਕੈਂਸਰ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਚਾਰ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸ਼ੁਰੂਆਤੀ ਪੜਾਅ ਵਿੱਚ ਬਿਮਾਰੀ ਦਾ ਪਤਾ ਲੱਗਣ ਨਾਲ ਇਲਾਜ ਸਫ਼ਲ ਹੋਣ ਦੀ ਸੰਭਾਵਨਾ ਕਈ ਗੁਣਾ ਵੱਧ ਜਾਂਦੀ ਹੈ।
ਫੇਜ਼-6 ਸਥਿਤ ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ ਦੀ ਡੈਂਟਿਸਟ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਓਰਲ ਕੈਂਸਰ ਭਾਰਤ ਵਿੱਚ ਤੇਜ਼ੀ ਨਾਲ ਵਧਣ ਵਾਲੇ ਕੈਂਸਰਾਂ ਵਿੱਚ ਸ਼ਾਮਲ ਹੈ। ਜ਼ਿਆਦਾਤਰ ਮਰੀਜ਼ ਉਦੋਂ ਹਸਪਤਾਲ ਪਹੁੰਚਦੇ ਹਨ, ਜਦੋਂ ਬਿਮਾਰੀ ਕਾਫ਼ੀ ਵੱਧ ਚੁੱਕੀ ਹੁੰਦੀ ਹੈ। ਇਹੀ ਕਾਰਨ ਹੈ ਕਿ ਜ਼ਿਲ੍ਹੇ ’ਚ ਘਰ-ਘਰ ਅਤੇ ਸਿਹਤ ਸੰਸਥਾਵਾਂ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਸਕ੍ਰੀਨਿੰਗ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਤੰਬਾਕੂ, ਗੁਟਖਾ, ਖ਼ੈਨੀ, ਜ਼ਰਦਾ, ਸੁਪਾਰੀ, ਬੀੜੀ, ਸਿਗਰਟ ਅਤੇ ਸ਼ਰਾਬ ਦਾ ਲਗਾਤਾਰ ਸੇਵਨ ਓਰਲ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ। ਲੰਬੇ ਸਮੇਂ ਤੱਕ ਇਨ੍ਹਾਂ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ ਇਸ ਬਿਮਾਰੀ ਦਾ ਖ਼ਤਰਾ ਕਈ ਗੁਣਾ ਵੱਧ ਜਾਂਦੀ ਹੈ। ਅਜਿਹੇ ਲੋਕਾਂ ਨੂੰ ਨਿਯਮਤ ਰੂਪ ਵਿੱਚ ਓਰਲ ਕੈਂਸਰ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਡਾ. ਹਰਪ੍ਰੀਤ ਨੇ ਦੱਸਿਆ ਕਿ ਜੇਕਰ ਮੂੰਹ ਦਾ ਛਾਲਾ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਠੀਕ ਨਹੀਂ ਹੁੰਦਾ, ਮੂੰਹ ਜਾਂ ਜੀਭ 'ਤੇ ਚਿੱਤੇ ਜਾਂ ਲਾਲ ਧੱਬੇ ਦਿਖਾਈ ਦੇਣ, ਮੂੰਹ ਖੋਲ੍ਹਣ, ਚਬਾਉਣ ਜਾਂ ਲੰਘਾਉਣ ਵਿੱਚ ਪਰੇਸ਼ਾਨੀ ਹੋਵੇ, ਜੀਭ ਜਾਂ ਮੂੰਹ ਵਿੱਚ ਗੰਢ ਜਾਂ ਲਗਾਤਾਰ ਦਰਦ ਬਣਿਆ ਰਹੇ ਜਾਂ ਬਿਨਾਂ ਕਿਸੇ ਕਾਰਨ ਮੂੰਹ ਵਿੱਚੋਂ ਖ਼ੂਨ ਆਵੇ, ਤਾਂ ਇਸ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਅਜਿਹੇ ਲੱਛਣ ਦਿਖਾਈ ਦੇਣ 'ਤੇ ਤੁਰੰਤ ਸਰਕਾਰੀ ਹਸਪਤਾਲ ਜਾਂ ਦੰਦਾਂ ਦੇ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ। ਜ਼ਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਓਰਲ ਕੈਂਸਰ ਦੀ ਮੁਢਲੀ ਸਕ੍ਰੀਨਿੰਗ ਦੀ ਸਹੂਲਤ ਉਪਲਬਧ ਹੈ। ਜਾਂਚ ਦੌਰਾਨ ਸ਼ੱਕੀ ਮਰੀਜ਼ਾਂ ਨੂੰ ਅਗਲੇਰੀ ਜਾਂਚ ਅਤੇ ਇਲਾਜ ਲਈ ਉੱਚ ਸਿਹਤ ਸੰਸਥਾਵਾਂ ਵਿੱਚ ਰੈਫਰ ਕੀਤਾ ਜਾਂਦਾ ਹੈ।
ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਸ਼ੀਸ਼ੇ ਦੇ ਸਾਹਮਣੇ ਆਪਣੇ ਮੂੰਹ ਦੀ ਖ਼ੁਦ ਜਾਂਚ ਕਰਨ ਅਤੇ ਹਰ ਛੇ ਮਹੀਨਿਆਂ ਵਿੱਚ ਇੱਕ ਵਾਰ ਦੰਦਾਂ ਦੇ ਡਾਕਟਰ ਤੋਂ ਜਾਂਚ ਜ਼ਰੂਰ ਕਰਵਾਉਣ। ਵਿਸ਼ੇਸ਼ ਤੌਰ 'ਤੇ ਤੰਬਾਕੂ ਦਾ ਸੇਵਨ ਕਰਨ ਵਾਲੇ ਜਾਂ ਪਹਿਲਾਂ ਕਰ ਚੁੱਕੇ ਲੋਕਾਂ ਨੂੰ ਨਿਯਮਤ ਸਕ੍ਰੀਨਿੰਗ ਕਰਵਾਉਣੀ ਚਾਹੀਦੀ ਹੈ। ਵਿਭਾਗ ਨੇ ਇਹ ਵੀ ਕਿਹਾ ਕਿ ਤੰਬਾਕੂ ਛੱਡਣਾ ਹੀ ਓਰਲ ਕੈਂਸਰ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ।
ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼: ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਮੂੰਹ ਦਾ ਛਾਲਾ ਠੀਕ ਨਾ ਹੋਣਾ।
ਮੂੰਹ ਜਾਂ ਜੀਭ 'ਤੇ ਚਿੱਤੇ, ਲਾਲ ਜਾਂ ਰਲੇ-ਮਿਲੇ ਰੰਗ ਦੇ ਧੱਬੇ।
ਮੂੰਹ ਖੋਲ੍ਹਣ, ਚਬਾਉਣ ਜਾਂ ਲੰਘਾਉਣ ਵਿੱਚ ਪਰੇਸ਼ਾਨੀ।
ਜੀਭ ਜਾਂ ਮੂੰਹ ਵਿੱਚ ਗੰਢ, ਸਖ਼ਤੀ ਜਾਂ ਲਗਾਤਾਰ ਦਰਦ।
ਬਿਨਾਂ ਕਾਰਨ ਮੂੰਹ ਵਿੱਚੋਂ ਖ਼ੂਨ ਆਉਣਾ ਜਾਂ ਲੰਬੇ ਸਮੇਂ ਤੱਕ ਆਵਾਜ਼ ਵਿੱਚ ਬਦਲਾਅ।