- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਫ਼ਲਤਾ ਦਾ ਅਸਲ ਮੂਲ ਮੰਤਰ ਸਾਂਝਾ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੀਤਾ ਗਿਆ ਕੰਮ ਇਨਸਾਨ ਨੂੰ ਉਸ ਦੀ ਮੰਜ਼ਿਲ ਤੱਕ ਜ਼ਰੂਰ ਪਹੁੰਚਾਉਂਦਾ ਹੈ। ਉਹ ਅੱਜ ਇੱਥੇ 'ਪੰਜਾਬੀ ਜਾਗਰਣ' ਵੱਲੋਂ ਕਰਵਾਏ ਗਏ ਵੱਕਾਰੀ ਚੌਥੇ "ਰਤਨ ਪੰਜਾਬ ਦੇ" ਸੂਬਾ ਪੱਧਰੀ ਐਵਾਰਡ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ।

ਦਰਸ਼ਨ ਸਿੰਘ ਸੋਢੀ/ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਫ਼ਲਤਾ ਦਾ ਅਸਲ ਮੂਲ ਮੰਤਰ ਸਾਂਝਾ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕੀਤਾ ਗਿਆ ਕੰਮ ਇਨਸਾਨ ਨੂੰ ਉਸ ਦੀ ਮੰਜ਼ਿਲ ਤੱਕ ਜ਼ਰੂਰ ਪਹੁੰਚਾਉਂਦਾ ਹੈ। ਉਹ ਅੱਜ ਇੱਥੇ 'ਪੰਜਾਬੀ ਜਾਗਰਣ' ਵੱਲੋਂ ਕਰਵਾਏ ਗਏ ਵੱਕਾਰੀ ਚੌਥੇ "ਰਤਨ ਪੰਜਾਬ ਦੇ" ਸੂਬਾ ਪੱਧਰੀ ਐਵਾਰਡ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ।
ਆਪਣੇ ਸੰਬੋਧਨ ਵਿਚ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਵਾਰਡ ਹਾਸਲ ਕਰਨ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ‘ਪੰਜਾਬੀ ਜਾਗਰਣ’ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਭਰ 'ਚੋਂ ਆਪੋ-ਆਪਣੇ ਖੇਤਰਾਂ ਵਿੱਚ ਸ਼ਲਾਘਾਯੋਗ ਅਤੇ ਵੱਖਰਾ ਕੰਮ ਕਰਨ ਵਾਲੇ ਅਸਲ ਹੀਰਿਆਂ ਦੀ ਚੋਣ ਕਰ ਕੇ ਉਨ੍ਹਾਂ ਦਾ ਸਨਮਾਨ ਕਰਨਾ ਇਕ ਬਹੁਤ ਹੀ ਪ੍ਰਸ਼ੰਸਾਯੋਗ ਕਦਮ ਹੈ।
ਵਿੱਤ ਮੰਤਰੀ ਨੇ ਆਪਣੇ ਨਿੱਜੀ ਅਤੇ ਸਿਆਸੀ ਜੀਵਨ ਦੀ ਉਦਾਹਰਣ ਦਿੰਦਿਆਂ ਸਨਮਾਨਿਤ ਸ਼ਖ਼ਸੀਅਤਾਂ ਅਤੇ ਸਮਾਜ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਰਾਜਨੀਤੀ ’ਚ ਪੈਰ ਰੱਖਣ ਤੋਂ ਪਹਿਲਾਂ ਉਹ ਅਦਾਲਤ ’ਚ ਬਤੌਰ ਵਕੀਲ ਸੇਵਾਵਾਂ ਨਿਭਾਉਂਦੇ ਸਨ। ਵਕਾਲਤ ਦੌਰਾਨ ਹੀ ਉਨ੍ਹਾਂ ਦੇ ਕੰਮ ਅਤੇ ਲਗਨ ਨੂੰ ਵੇਖਦਿਆਂ ਵਕੀਲਾਂ ਦੀ ਜਥੇਬੰਦੀ ਨੇ ਉਨ੍ਹਾਂ ਨੂੰ ਪਹਿਲਾਂ ਮੀਤ ਪ੍ਰਧਾਨ ਅਤੇ ਬਾਅਦ ’ਚ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਕੇ ਜਨਤਕ ਸੇਵਾ ਦਾ ਸਫ਼ਰ ਸ਼ੁਰੂ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ ਤਾਂ ਉਹ ਇਸ ਨਾਲ ਜੁੜੇ ਅਤੇ ਵਿਧਾਨ ਸਭਾ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ। ਪਾਰਟੀ ਨੇ ਉਨ੍ਹਾਂ ਦੀ ਸਖ਼ਤ ਮਿਹਨਤ, ਲਗਨ, ਵਫ਼ਾਦਾਰੀ ਅਤੇ ਸੇਵਾ ਭਾਵਨਾ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪੰਜਾਬੁ ਵਿਧਾਨ ਸਭਾ ਵਿੱਚ 'ਨੇਤਾ ਵਿਰੋਧੀ ਧਿਰ' ਦੀ ਅਹਿਮ ਜ਼ਿੰਮੇਵਾਰੀ ਦਿੱਤੀ ਅਤੇ ਅੱਜ ਉਹ ਪੰਜਾਬ ਸਰਕਾਰ ’ਚ ਕੈਬਨਿਟ ਮੰਤਰੀ ਦੇ ਅਹੁਦੇ 'ਤੇ ਸੇਵਾਵਾਂ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨਸਾਨ ਪੂਰੀ ਲਗਨ, ਇਮਾਨਦਾਰੀ ਅਤੇ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧੇ ਤਾਂ ਕੋਈ ਵੀ ਟੀਚਾ ਅਸੰਭਵ ਨਹੀਂ ਹੁੰਦਾ। ਇਸ ਲਈ ਇਨਸਾਫ਼ ਨੂੰ ਆਪਣੇ ਟੀਚੇ ਦੀ ਪ੍ਰਾਪਤੀ ਲਈ ਅੱਗੇ ਵਧਦੇ ਰਹਿਣਾ ਚਾਹੀਦਾ ਹੈ।
ਪੰਜਾਬੀ ਜਾਗਰਣ ਸਮੂਹ ਵੱਲੋਂ ਲਗਾਤਾਰ ਚੌਥੇ ਸਾਲ "ਰਤਨ ਪੰਜਾਬ ਦੇ" ਐਵਾਰਡ ਸਮਾਰੋਹ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਹੈ। ਇਸ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਭਰ ’ਚੋਂ ਸਿੱਖਿਆ, ਉਦਯੋਗ, ਰੀਅਲ ਅਸਟੇਟ, ਸਮਾਜਿਕ ਸੇਵਾਵਾਂ ਅਤੇ ਹੋਰ ਵੱਖ-ਵੱਖ ਖੇਤਰਾਂ ਵਿਚ ਨਿਰੰਤਰ ਬਿਹਤਰੀਨ ਯੋਗਦਾਨ ਪਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੋ ਲੋਕ ਆਪਣਾ ਕੀਮਤੀ ਸਮਾਂ ਅਤੇ ਸਰਮਾਇਆ ਸਮਾਜ ਦੀ ਭਲਾਈ ਅਤੇ ਤਰੱਕੀ ਲਈ ਲਗਾਉਂਦੇ ਹਨ, ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਨਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਹੋਰਨਾਂ ਲੋਕਾਂ ਨੂੰ ਵੀ ਇਸ ਤੋਂ ਪ੍ਰੇਰਨਾ ਮਿਲ ਸਕੇ।
ਅਦਾਰਾ 'ਪੰਜਾਬੀ ਜਾਗਰਣ' ਦੀ ਪ੍ਰਸ਼ੰਸਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸਮੂਹ ਪੰਜਾਬ ਦੇ ਲੋਕਾਂ ਅਤੇ ਪੰਜਾਬੀ ਮਾਂ-ਬੋਲੀ ਦੀ ਨਿਰੰਤਰ ਅਤੇ ਨਿਸ਼ਕਾਮ ਸੇਵਾ ਕਰ ਰਿਹਾ ਹੈ। ਇਹ ਅਦਾਰਾ ਸਮਾਜ ਦੇ ਉਨ੍ਹਾਂ ਅਣਗੌਲੇ ਪੱਖਾਂ ਅਤੇ ਅਹਿਮ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਜਨਤਾ ਅਤੇ ਸਰਕਾਰ ਸਾਹਮਣੇ ਲਿਆਉਂਦਾ ਹੈ, ਜੋ ਅਕਸਰ ਮੁੱਖ ਧਾਰਾ ਦੀ ਪੱਤਰਕਾਰੀ ਅਤੇ ਕਿਸੇ ਕਾਰਨ ਸਰਕਾਰੀ ਪੱਧਰ ’ਤੇ ਛੁੱਟ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਜਾਗਰਣ ਸਮੂਹ ਨੇ ਆਪਣੀ ਸਫ਼ਰ ਦੀ ਸ਼ੁਰੂਆਤ ਸਾਲ 1942 ਵਿੱਚ ਕੀਤੀ ਸੀ। ਸ਼ੁਰੂਆਤੀ ਦੌਰ ਵਿੱਚ ਕਈ ਔਕੜਾਂ, ਉਤਾਰ-ਚੜ੍ਹਾਅ ਅਤੇ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣੀ ਮੰਜ਼ਿਲ ਵੱਲ ਵਧਦਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਜਾਗਰਣ ਸਮੂਹ ਪੰਜ ਵੱਖ-ਵੱਖ ਭਾਸ਼ਾਵਾਂ ਵਿੱਚ ਆਪਣੇ ਪ੍ਰਕਾਸ਼ਨਾਂ ਰਾਹੀਂ ਕਰੋੜਾਂ ਪਾਠਕਾਂ ਤੱਕ ਪਹੁੰਚ ਰਿਹਾ ਹੈ ਅਤੇ ਪੰਜਾਬੀ ਜਾਗਰਣ ਨੇ ਪੱਤਰਕਾਰੀ ਦੇ ਖੇਤਰ ਵਿੱਚ ਇੱਕ ਵੱਡਾ ਮੁਕਾਮ ਹਾਸਲ ਕੀਤਾ ਹੈ।
ਪੰਜਾਬੀ ਜਾਗਰਣ ਵੱਲੋਂ ਸੋਮਵਾਰ ਨੂੰ ‘ਰਤਨ ਪੰਜਾਬ ਦੇ’ ਸਮਾਗਮ ਦਾ ਚੌਥਾ ਐਡੀਸ਼ਨ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਯਤਨਸ਼ੀਲ ਅਤੇ ਸਮਾਜ ਨੂੰ ਪ੍ਰੇਰਣਾ ਦੇਣ ਵਾਲੇ 54 ਵਿਅਕਤੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ, ਆਬਕਾਰੀ ਤੇ ਕਰ ਵਿਭਾਗ, ਯੋਜਨਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਅਤੇ ਸਨਮਾਨਿਤ ਵਿਅਕਤੀਆਂ ਨੂੰ ਐਵਾਰਡ ਪ੍ਰਦਾਨ ਕੀਤੇ।
ਇਸ ਸਮਾਗਮ ਦੇ ਪ੍ਰਾਯੋਜਕ ਏਜੀਆਈ ਰਹੇ। ਇਸ ਦੇ ਨਾਲ ਹੀ ਸਹਿ-ਪ੍ਰਾਯੋਜਕ ਜੇਐਲਪੀਐਲ, ਪੈਕਸਨ (ਇੰਪੈਕਸ ਪ੍ਰਾਈਵੇਟ ਲਿਮਟਿਡ, ਲੁਧਿਆਣਾ), ਬੋਪਾਰਾਏ ਅਤੇ ਵਿਨੀਤ ਇਨਫਰਾ ਰਹੇ। ਅਖੀਰ ਵਿਚ ਜਾਗਰਣ ਸਮੂਹ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਯਾਦਗਾਰੀ ਚਿੰਨ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
---
ਬਿਹਤਰ ਕੰਮ ਕਰ ਰਹੇ ਲੋਕਾਂ ਨੂੰ ਪਛਾਣ ਤੇ ਮੰਚ ਪ੍ਰਦਾਨ ਕਰਨਾ ਵੀ ਜਾਗਰਣ ਦੀ ਜ਼ਿੰਮੇਵਾਰੀ : ਮੋਹਿੰਦਰ ਕੁਮਾਰ
‘ਰਤਨ ਪੰਜਾਬ ਦੇ’ ਐਵਾਰਡ ਸਮਾਗਮ ਦਾ ਆਯੋਜਨ ਚੰਡੀਗੜ੍ਹ ਆਈਟੀ ਪਾਰਕ ਸਥਿਤ ਹੋਟਲ ਦਿ ਲਲਿਤ ਵਿੱਚ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ਼ਮਾਂ ਰੋਸ਼ਨ ਨਾਲ ਹੋਈ। ਸਮਾਗਮ ਨੂੰ ਸੰਬੋਧਨ ਕਰਦਿਆਂ ਗ੍ਰੇਟਰ ਪੰਜਾਬ ਦੇ ਚੀਫ ਜਨਰਲ ਮੈਨੇਜਰ ਮੋਹਿੰਦਰ ਕੁਮਾਰ ਨੇ ਕਿਹਾ ਕਿ ਜਾਗਰਣ ਦੀ ਕੋਸ਼ਿਸ਼ ਸਿਰਫ਼ ਖ਼ਬਰਾਂ ਲੋਕਾਂ ਤੱਕ ਪਹੁੰਚਾਉਣ ਤੱਕ ਸੀਮਤ ਨਹੀਂ ਹੈ, ਸਗੋਂ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਬਿਹਤਰ ਕੰਮ ਕਰ ਰਹੇ ਲੋਕਾਂ ਨੂੰ ਪਛਾਣ ਅਤੇ ਮੰਚ ਪ੍ਰਦਾਨ ਕਰਨਾ ਵੀ ਉਸ ਦੀ ਜ਼ਿੰਮੇਵਾਰੀ ਹੈ। ਇਸੇ ਉਦੇਸ਼ ਤਹਿਤ ਜਾਗਰਣ ਜ਼ਿਲ੍ਹਿਆਂ ਅਤੇ ਵੱਖ-ਵੱਖ ਖੇਤਰਾਂ ਤੱਕ ਪਹੁੰਚ ਕਰਕੇ ਉੱਥੇ ਦੀਆਂ ਪ੍ਰਤਿਭਾਵਾਂ ਅਤੇ ਸਮਾਜ ਲਈ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਮੌਜੂਦ ਹਰ ਸਨਮਾਨਿਤ ਵਿਅਕਤੀ ਨੇ ਆਪਣੇ-ਆਪਣੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਮਿਹਨਤ, ਪ੍ਰਤਿਭਾ ਅਤੇ ਪ੍ਰਾਪਤੀਆਂ ਨੂੰ ਸਾਹਮਣੇ ਲਿਆਉਣਾ ਅਤੇ ਉਨ੍ਹਾਂ ਨੂੰ ਸਨਮਾਨ ਦੇਣਾ ਸਮਾਜ ਦੇ ਹੋਰ ਲੋਕਾਂ ਲਈ ਵੀ ਪ੍ਰੇਰਣਾ ਦਾ ਕੰਮ ਕਰਦਾ ਹੈ।
---
ਉੱਦਮਸ਼ੀਲਤਾ ਤੇ ਮਿਹਨਤ ਨਾਲ ਹੈ ਪੰਜਾਬ ਦੀ ਪਛਾਣ : ਇੰਦਰਪ੍ਰੀਤ ਸਿੰਘ
ਪੰਜਾਬੀ ਜਾਗਰਣ ਦੇ ਸੰਪਾਦਕ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਪਛਾਣ ਉਸ ਦੀ ਉੱਦਮਸ਼ੀਲਤਾ ਅਤੇ ਮਿਹਨਤ ਨਾਲ ਹੈ। ਵੱਡੇ ਸ਼ਹਿਰਾਂ ਦੀਆਂ ਪ੍ਰਤਿਭਾਵਾਂ ਤਾਂ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਸਾਹਮਣੇ ਆ ਜਾਂਦੀਆਂ ਹਨ, ਪਰ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਕੰਮ ਕਰ ਰਹੇ ਲੋਕਾਂ ਦੀ ਆਵਾਜ਼ ਅਤੇ ਹੁਨਰ ਨੂੰ ਵੀ ਅੱਗੇ ਲਿਆਉਣ ਦੀ ਲੋੜ ਹੈ। ‘ਰਤਨ ਪੰਜਾਬ ਦੇ’ ਸਨਮਾਨ ਅਜਿਹੇ ਲੋਕਾਂ ਨੂੰ ਪਛਾਣ ਅਤੇ ਮੰਚ ਪ੍ਰਦਾਨ ਕਰਨ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਵਿੱਤ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਪ੍ਰਤਿਭਾਸ਼ਾਲੀ ਲੋਕਾਂ ਅਤੇ ਛੋਟੇ ਉਦਯੋਗਾਂ ਨੂੰ ਅੱਗੇ ਵਧਾਉਣ ਲਈ ਸਰਕਾਰ ਨੂੰ ਵਿਸ਼ੇਸ਼ ਨੀਤੀਆਂ ਬਣਾਉਣ ’ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਨਾਲ ਪੰਜਾਬ ਦੀਆਂ ਪ੍ਰਤਿਭਾਵਾਂ ਨੂੰ ਮੌਕੇ ਮਿਲਣਗੇ ਅਤੇ ਸੂਬੇ ਨੂੰ ਵਿਕਾਸ ਦੇ ਖੇਤਰ ਵਿੱਚ ਅੱਗੇ ਵਧਾਉਣ ਵਿੱਚ ਮਦਦ ਮਿਲੇਗੀ।
ਫੋਟੋ ਕੈਪਸ਼ਨ : ਚੌਥੇ ‘ਰਤਨ ਪੰਜਾਬ ਦੇ’ ਐਵਾਰਡ ਸਮਾਰੋਹ ਦੌਰਾਨ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜਾਗਰਣ ਸਮੂਹ ਦੇ ਗ੍ਰੇਟਰ ਪੰਜਾਬ ਦੇ ਸੀਜੀਐਮ ਮੋਹਿੰਦਰ ਕੁਮਾਰ ਅਤੇ ਸੰਪਾਦਕ ਇੰਦਰਪ੍ਰੀਤ ਸਿੰਘ। ਫੋਟੋ: ਓਪੇਂਦਰਸੇਨ ਗੁਪਤਾ। 12ਪੀ
ਫੋਟੋ ਕੈਪਸ਼ਨ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਨਮਾਨਿਤ ਕਰਦੇ ਹੋਏ ਜਾਗਰਣ ਸਮੂਹ ਦੇ ਗ੍ਰੇਟਰ ਪੰਜਾਬ ਦੇ ਸੀਜੀਐਮ ਮੋਹਿੰਦਰ ਕੁਮਾਰ ਅਤੇ ਸੰਪਾਦਕ ਇੰਦਰਪ੍ਰੀਤ ਸਿੰਘ। ਫੋਟੋ: ਓਪੇਂਦਰਸੇਨ ਗੁਪਤਾ। 13ਪੀ
ਫੋਟੋ ਕੈਪਸ਼ਨ: ਚੌਥੇ ‘ਰਤਨ ਪੰਜਾਬ ਦੇ’ ਐਵਾਰਡ ਸਮਾਰੋਹ ਮੌਕੇ ਸ਼ਮਾਂ ਰੋਸ਼ਨ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ। ਫੋਟੋ: ਓਪੇਂਦਰਸੇਨ ਗੁਪਤਾ। 14ਪੀ
ਫੋਟੋ ਕੈਪਸ਼ਨ : ਚੌਥੇ ‘ਰਤਨ ਪੰਜਾਬ ਦੇ’ ਐਵਾਰਡ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਓਪੇਂਦਰਸੇਨ ਗੁਪਤਾ। 15ਪੀ
ਫੋਟੋ ਕੈਪਸ਼ਨ : ਚੌਥੇ ‘ਰਤਨ ਪੰਜਾਬ ਦੇ’ ਐਵਾਰਡ ਸਮਾਰੋਹ ’ਚ ਪਹੁੰਚਣ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਸਵਾਗਤ ਕਰਦੇ ਹੋਏ ਸੀਜੀਐਮ ਮੋਹਿੰਦਰ ਕੁਮਾਰ, ਸੰਪਾਦਕ ਇੰਦਰਪ੍ਰੀਤ ਸਿੰਘ ਅਤੇ ਜੈ ਸਿੰਘ ਛਿੱਬਰ। ਫੋਟੋ: ਓਪੇਂਦਰਸੇਨ ਗੁਪਤਾ। 16ਪੀ