- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸਤਰੀ ਅਕਾਲੀ ਦਲ ਵੱਲੋਂ ‘ਮਾਵਾਂ-ਧੀਆਂ ਨੂੰ ਇਨਸਾਫ਼ ਦਿਵਾਓ’ ਰੈਲੀ ਕਰਵਾਈ ਗਈ। ਇਸ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਇਕ ਲੱਖ ਰੁਪਏ ਸ਼ਗਨ ਦਿੱਤਾ ਜਾਵੇਗਾ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਇਸਤਰੀ ਅਕਾਲੀ ਦਲ ਵੱਲੋਂ ‘ਮਾਵਾਂ-ਧੀਆਂ ਨੂੰ ਇਨਸਾਫ਼ ਦਿਵਾਓ’ ਰੈਲੀ ਕਰਵਾਈ ਗਈ। ਇਸ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਗਰੀਬ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਇਕ ਲੱਖ ਰੁਪਏ ਸ਼ਗਨ ਦਿੱਤਾ ਜਾਵੇਗਾ। ਆਟਾ-ਦਾਲ ਸਕੀਮ ਮੁੜ ਸ਼ੁਰੂ ਕਰਕੇ ਹਰ ਪਰਿਵਾਰ ਨੂੰ 50 ਕਿੱਲੋ ਕਣਕ ਦੇਣ ਅਤੇ ਬੁਢਾਪਾ ਪੈਨਸ਼ਨ 3100 ਰੁਪਏ ਕਰਨ ਦਾ ਵੀ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਪੱਕੀਆਂ ਛੱਤਾਂ ਦੇਣ ਦੇ ਨਾਲ ਉਦਯੋਗਿਕ ਨਿਵੇਸ਼ ਲਈ ਵੱਡੀਆਂ ਰਿਆਇਤਾਂ ਦਿੱਤੀਆਂ ਜਾਣਗੀਆਂ, ਪਰ ਨਿਵੇਸ਼ਕਾਂ ਨੂੰ ਪੰਜਾਬੀਆਂ ਨੂੰ ਪਹਿਲ ਦੇ ਆਧਾਰ ’ਤੇ ਰੁਜ਼ਗਾਰ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਸਬੰਧੀ ਰੋਡਮੈਪ ਤਿਆਰ ਕੀਤਾ ਗਿਆ ਹੈ।
ਹਰਸਿਮਰਤ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦਾ ਖ਼ਾਤਮਾ ਕੀਤਾ ਜਾਵੇਗਾ। ਉਨ੍ਹਾਂ ਕਾਂਗਰਸ ਅਤੇ ਮੌਜੂਦਾ ਸਰਕਾਰ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਪਹਿਲਾਂ ਚਾਰ ਹਫ਼ਤਿਆਂ ਅਤੇ ਬਾਅਦ ਵਿੱਚ ਚਾਰ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੇ ਵਾਅਦੇ ਕੀਤੇ ਗਏ, ਪਰ ਇਹ ਪੂਰੇ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਮਹਿਲਾਵਾਂ ਨਾਲ 60 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਹੁਣ ਇਕ ਹਜ਼ਾਰ ਤੋਂ 1500 ਰੁਪਏ ਦੀਆਂ ਕਿਸ਼ਤਾਂ ਦੀ ਗੱਲ ਕੀਤੀ ਜਾ ਰਹੀ ਹੈ। ਉਨ੍ਹਾਂ ਮਹਿਲਾਵਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਅਸਰ ਪਿੰਡਾਂ ਤੱਕ ਪਹੁੰਚ ਚੁੱਕਾ ਹੈ। ਨਸ਼ੇ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ, ਨਸ਼ਾ ਮਾਮਲਿਆਂ ਦੀ ਸਮੇਂਬੱਧ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਲੋੜ ਹੈ।
ਰੈਲੀ ਵਿੱਚ ਪਰਵਿੰਦਰ ਸਿੰਘ ਸੋਹਾਣਾ, ਹਰਜਿੰਦਰ ਕੌਰ ਬੈਦਵਾਨ, ਪਰਮਜੀਤ ਕੌਰ ਲਾਂਡਰਾਂ, ਸਤਵੰਤ ਕੌਰ ਜੌਹਲ, ਐੱਨਕੇ ਸ਼ਰਮਾ, ਸਰਬਜੀਤ ਸਿੰਘ ਪਾਰਸ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।