- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰਜ਼ੀ ਦੇਣ ਤੋਂ ਲੈ ਕੇ ਫਾਈਨਲ ਰਿਪੋਰਟ ਜਾਰੀ ਹੋਣ ਤੱਕ ਪੂਰੀ ਪ੍ਰਕਿਰਿਆ ਡਿਜੀਟਲ ਈਕੋਸਿਸਟਮ ਰਾਹੀਂ ਹੋਵੇਗੀ, ਜਿਸ ਵਿਚ ਸਿਰਫ਼ ਸਬੰਧਤ ਅਦਾਰੇ ਅਤੇ ਬੋਰਡ ਦੇ ਅਧਿਕਾਰੀ ਹੀ ਸ਼ਾਮਲ ਹੋਣਗੇ। ਜਿਸ ਉਮੀਦਵਾਰ ਦੇ ਸਰਟੀਫਿਕੇਟ ਦੀ ਪੜਤਾਲ ਹੋ ਰਹੀ ਹੈ, ਉਸ ਨੂੰ ਇਸ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਹੈ ਤਾਂ ਜੋ ਸਿਸਟਮ ਨਿਰਪੱਖ ਅਤੇ ਭਰੋਸੇਯੋਗ ਰਹੇ। ਇਸ ਤਰ੍ਹਾਂ ਉਮੀਦਵਾਰ ਦੀ ਬੇਲੋੜੀ ਦਖ਼ਲਅੰਦਾਜ਼ੀ ਖ਼ਤਮ ਹੋਵੇਗੀ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਸਰਟੀਫਿਕੇਟ ਵੈਰੀਫਿਕੇਸ਼ਨ ਪ੍ਰਕਿਰਿਆ ਦੀ ਸੁਰੱਖਿਆ, ਪ੍ਰਮਾਣਿਕਤਾ ਅਤੇ ਪਾਰਦਰਸ਼ਤਾ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਵੱਡਾ ਕਦਮ ਚੁੱਕਦਿਆਂ ਨਵਾਂ ‘ਆਨਲਾਈਨ ਸਰਟੀਫਿਕੇਟ ਵੈਰੀਫਿਕੇਸ਼ਨ ਪੋਰਟਲ’ ਲਾਂਚ ਕੀਤਾ ਹੈ। ਇਹ ਪੋਰਟਲ ਸਰਕਾਰੀ ਵਿਭਾਗਾਂ, ਅਰਧ-ਸਰਕਾਰੀ ਸੰਸਥਾਵਾਂ, ਬੋਰਡਾਂ, ਕਾਰਪੋਰੇਸ਼ਨਾਂ, ਯੂਨੀਵਰਸਿਟੀਆਂ, ਵਿੱਦਿਅਕ ਅਦਾਰਿਆਂ ਅਤੇ ਭਰਤੀ ਏਜੰਸੀਆਂ ਲਈ ਸਿੱਧੇ ਤੌਰ 'ਤੇ ਉਪਲਬਧ ਹੋਵੇਗਾ।
ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਸਿੱਖਿਆ ਬੋਰਡ ਕੋਲ ਹਰੇਕ ਸਾਲ 25,000 ਤੋਂ ਵੱਧ ਸਰਟੀਫਿਕੇਟ ਪੜਤਾਲ ਲਈ ਆਉਂਦੇ ਹਨ। ਪਹਿਲਾਂ ਦੇਖਣ ਵਿਚ ਆਇਆ ਸੀ ਕਿ ਵੈਰੀਫਿਕੇਸ਼ਨ ਰਿਪੋਰਟਾਂ ਭੇਜਣ ਦੌਰਾਨ ਕੁਝ ਅਨਸਰਾਂ ਵੱਲੋਂ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਜਿਸ ਕਾਰਨ ਬੋਰਡ ਨੂੰ ਕਈ ਮਾਮਲਿਆਂ ਵਿਚ ਅਪਰਾਧਿਕ ਕੇਸ ਵੀ ਦਰਜ ਕਰਵਾਉਣੇ ਪਏ ਸਨ। ਇਸ ਗੱਠਜੋੜ ਨੂੰ ਤੋੜਨ ਅਤੇ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਬਣਾਏ ਰੱਖਣ ਲਈ ਬੋਰਡ ਨੇ ਇਹ ਐਂਡ-ਟੂ-ਐਂਡ ਡਿਜੀਟਲ ਸਿਸਟਮ ਤਿਆਰ ਕੀਤਾ ਹੈ।
ਸਿੱਧਾ ਅਤੇ ਪਾਰਦਰਸ਼ੀ ਚੈਨਲ :
ਅਰਜ਼ੀ ਦੇਣ ਤੋਂ ਲੈ ਕੇ ਫਾਈਨਲ ਰਿਪੋਰਟ ਜਾਰੀ ਹੋਣ ਤੱਕ ਪੂਰੀ ਪ੍ਰਕਿਰਿਆ ਡਿਜੀਟਲ ਈਕੋਸਿਸਟਮ ਰਾਹੀਂ ਹੋਵੇਗੀ, ਜਿਸ ਵਿਚ ਸਿਰਫ਼ ਸਬੰਧਤ ਅਦਾਰੇ ਅਤੇ ਬੋਰਡ ਦੇ ਅਧਿਕਾਰੀ ਹੀ ਸ਼ਾਮਲ ਹੋਣਗੇ। ਜਿਸ ਉਮੀਦਵਾਰ ਦੇ ਸਰਟੀਫਿਕੇਟ ਦੀ ਪੜਤਾਲ ਹੋ ਰਹੀ ਹੈ, ਉਸ ਨੂੰ ਇਸ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਹੈ ਤਾਂ ਜੋ ਸਿਸਟਮ ਨਿਰਪੱਖ ਅਤੇ ਭਰੋਸੇਯੋਗ ਰਹੇ। ਇਸ ਤਰ੍ਹਾਂ ਉਮੀਦਵਾਰ ਦੀ ਬੇਲੋੜੀ ਦਖ਼ਲਅੰਦਾਜ਼ੀ ਖ਼ਤਮ ਹੋਵੇਗੀ।
ਚੇਅਰਮੈਨ ਮੁਤਾਬਕ ਅਧਿਕਾਰਤ ਅਧਿਕਾਰੀਆਂ ਲਈ ਆਧਾਰ-ਆਧਾਰਤ ਈ-ਸਾਈਨ ਅਤੇ ਸੁਰੱਖਿਅਤ ਲੌਗਇਨ ਦੀ ਸੁਵਿਧਾ ਹੈ। ਆਨਲਾਈਨ ਫੀਸ ਭੁਗਤਾਨ, ਐੱਸਐੱਮਐੱਸ ਅਤੇ ਈਮੇਲ ਨੋਟੀਫਿਕੇਸ਼ਨ, ਆਨਲਾਈਨ ਇਤਰਾਜ਼/ਜਵਾਬ ਅਤੇ ਰੀਅਲ-ਟਾਈਮ ਸਟੇਟਸ ਟ੍ਰੈਕਿੰਗ ਦੀ ਵਿਵਸਥਾ ਕੀਤੀ ਗਈ ਹੈ।
ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਤਕਨਾਲੋਜੀ 'ਤੇ ਅਧਾਰਿਤ ਇਸ ਪਹਿਲਕਦਮੀ ਨਾਲ ਵਿਚੋਲਿਆਂ ਦਾ ਰੋਲ ਖ਼ਤਮ ਹੋ ਗਿਆ ਹੈ। ਇਸ ਨਾਲ ਪੰਜਾਬ ਬੋਰਡ ਵੱਲੋਂ ਜਾਰੀ ਸਰਟੀਫਿਕੇਟਾਂ ਦੀ ਸ਼ੁੱਧਤਾ ਅਤੇ ਭਰੋਸੇਯੋਗਤਾ 'ਤੇ ਯੂਨੀਵਰਸਿਟੀਆਂ, ਰੋਜ਼ਗਾਰਦਾਤਾਵਾਂ ਅਤੇ ਸਰਕਾਰੀ ਵਿਭਾਗਾਂ ਦਾ ਵਿਸ਼ਵਾਸ ਹੋਰ ਪੱਕਾ ਹੋਵੇਗਾ।