ਨੀਟ ਤੇ ਜੇਈਈ 'ਚ ਸ਼ਾਨਦਾਰ ਪ੍ਰਦਰਸ਼ਨ : ਪੰਜਾਬ ਸਰਕਾਰ ਵੱਲੋਂ 300 ਤੋਂ ਵੱਧ ਪ੍ਰਿੰਸੀਪਲਾਂ ਦਾ ਵਿਸ਼ੇਸ਼ ਸਨਮਾਨ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਅਤੇ ਬੱਚਿਆਂ ਦੇ ਬਿਹਤਰੀਨ ਮਾਰਗਦਰਸ਼ਨ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ 300 ਤੋਂ ਵੱਧ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਪ੍ਰਿੰਸੀਪਲ ਉਨ੍ਹਾਂ ਸਕੂਲਾਂ ਨਾਲ ਸਬੰਧਤ ਹਨ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਜੇਈਈ (ਮੇਨ), ਜੇਈਈ (ਐਡਵਾਂਸਡ) ਅਤੇ ਨੀਟ-ਯੂਜੀ 2026 ਦੀਆਂ ਪ੍ਰੀਖਿਆਵਾਂ ਵਿਚ ਰਿਕਾਰਡਤੋੜ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਮੁਹਾਲੀ ਕਲੱਬ ਵਿਖੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ।
Publish Date: Fri, 31 Jul 2026 11:25 AM (IST)
Updated Date: Fri, 31 Jul 2026 11:27 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਅਤੇ ਬੱਚਿਆਂ ਦੇ ਬਿਹਤਰੀਨ ਮਾਰਗਦਰਸ਼ਨ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ 300 ਤੋਂ ਵੱਧ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਪ੍ਰਿੰਸੀਪਲ ਉਨ੍ਹਾਂ ਸਕੂਲਾਂ ਨਾਲ ਸਬੰਧਤ ਹਨ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਜੇਈਈ (ਮੇਨ), ਜੇਈਈ (ਐਡਵਾਂਸਡ) ਅਤੇ ਨੀਟ-ਯੂਜੀ 2026 ਦੀਆਂ ਪ੍ਰੀਖਿਆਵਾਂ ਵਿਚ ਰਿਕਾਰਡਤੋੜ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਮੁਹਾਲੀ ਕਲੱਬ ਵਿਖੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ।
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਇਸ ਸਾਲ 361 ਵਿਦਿਆਰਥੀਆਂ ਨੇ ਜੇਈਈ ਮੇਨ ਪਾਸ ਕੀਤੀ ਹੈ, ਜੋ ਪਿਛਲੇ ਸਾਲ ਨਾਲੋਂ 35.2 ਫੀਸਦੀ ਵੱਧ ਹੈ। ਜਦੋਕਿ 64 ਵਿਦਿਆਰਥੀਆਂ ਨੇ ਜੇਈਈ ਐਡਵਾਂਸਡ ’ਚ ਝੰਡੇ ਗੱਡੇ ਹਨ। ਜਿਸ ’ਚ 45.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰੀ ਸਕੂਲਾਂ ਦੇ 882 ਵਿਦਿਆਰਥੀਆਂ ਨੇ ਨੀਟ-ਯੂ.ਜੀ. 2026 ਦੀ ਪ੍ਰੀਖਿਆ ਪਾਸ ਕੀਤੀ ਹੈ। ਇਹ ਗਿਣਤੀ ਸਾਲ 2025 ਵਿਚ 847 ਅਤੇ 2024 ਵਿਚ 437 ਸੀ, ਜਿਸ ਤੋਂ ਸਾਫ਼ ਹੁੰਦਾ ਹੈ ਮਹਿਜ਼ ਦੋ ਸਾਲਾਂ ਵਿਚ ਇਹ ਸਫਲਤਾ 100 ਫੀਸਦੀ ਤੋਂ ਵੱਧ ਵਧੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ 10 ਵਿਦਿਆਰਥੀ ਆਈਆਈਟੀ, 36 ਵਿਦਿਆਰਥੀ ਐਨਆਈਟੀ ਅਤੇ 90 ਤੋਂ ਵੱਧ ਵਿਦਿਆਰਥੀ ਦੇਸ਼ ਦੇ ਸਰਕਾਰੀ ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖਲਾ ਲੈਣ 'ਚ ਸਫ਼ਲ ਰਹੇ ਹਨ।
ਪ੍ਰਿੰਸੀਪਲਾਂ ਦੀ ਅਹਿਮ ਭੂਮਿਕਾ 'ਤੇ ਜ਼ੋਰ ਦਿੰਦਿਆਂ ਹਰਜੋਤ ਬੈਂਸ ਨੇ ਕਿਹਾ, "ਸਕੂਲ ਦੀ ਕਾਇਆ-ਕਲਪ ਵਿਚ ਪ੍ਰਿੰਸੀਪਲ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ। ਇੱਕ ਸਮਰਪਿਤ ਪ੍ਰਿੰਸੀਪਲ ਟੁੱਟੀ-ਭੱਜੀ ਇਮਾਰਤ ਨੂੰ ਵੀ 'ਵਿੱਦਿਆ ਦੇ ਮੰਦਰ' ਵਿਚ ਬਦਲ ਸਕਦਾ ਹੈ।" ਉਨ੍ਹਾਂ ਦੱਸਿਆ ਕਿ ਜੂਨ 2026 ਦੌਰਾਨ ਮੁਹਾਲੀ ਸਮੇਤ ਅੰਮ੍ਰਿਤਸਰ, ਬਠਿੰਡਾ ਅਤੇ ਜਲੰਧਰ ਵਿਚ 3000 ਵਿਦਿਆਰਥੀਆਂ ਲਈ ਰਿਹਾਇਸ਼ੀ ਕੋਚਿੰਗ ਕੈਂਪ ਲਗਾਏ ਗਏ ਸਨ, ਜਿਨ੍ਹਾਂ ਨੇ ਬੱਚਿਆਂ ਦੀ ਤਿਆਰੀ ਵਿਚ ਵੱਡਾ ਯੋਗਦਾਨ ਪਾਇਆ। ਇਸ ਮੌਕੇ ਪੀਡੀਸੀ ਮੈਂਬਰ ਅਨੁਰਾਗ ਕੁੰਡੂ, ਡੀਪੀਆਈ ਐਸਐਸ ਬੱਲ ਸਮੇਤ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ।
ਸਿਰਫ਼ ਇਮਾਰਤ ਨਾਲ ਹੀ ਸਕੂਲ ਨਹੀਂ ਬਣਦੇ : ਸਿਸੋਦੀਆ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਿਰਫ਼ ਇਮਾਰਤ ਨਾਲ ਸਕੂਲ ਨਹੀਂ ਬਣਦਾ, ਸਗੋਂ ਅਧਿਆਪਕ ਹੀ ਇਸ ਨੂੰ ਸਿੱਖਿਆ ਅਤੇ ਉਮੀਦ ਦਾ ਕੇਂਦਰ ਬਣਾਉਂਦੇ ਹਨ। ਪੰਜਾਬ ਸਿੱਖਿਆ ਕ੍ਰਾਂਤੀ ਨੇ ਸਰਕਾਰੀ ਸਕੂਲਾਂ ਨੂੰ ਬਿਹਤਰ ਬੁਨਿਆਦੀ ਢਾਂਚਾ ਅਤੇ ਮਿਆਰੀ ਕੋਚਿੰਗ ਨਾਲ ਜੋੜ ਕੇ ਵਿਦਿਆਰਥੀਆਂ ਲਈ ਦੇਸ਼ ਦੇ ਚੋਟੀ ਦੇ ਅਦਾਰਿਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਹੁਣ ਸਰਕਾਰੀ ਸਕੂਲ ਕਿਸੇ ਲਈ ਮਜਬੂਰੀ ਨਹੀਂ, ਸਗੋਂ ਸੁਨਹਿਰੀ ਭਵਿੱਖ ਦਾ ਰਾਹ ਬਣ ਚੁੱਕੇ ਹਨ।