ਜਾਗਰਣ ਪੱਤਰ ਪ੍ਰੇਰਕ, ਮੁਹਾਲੀ : ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਪੇਟ ਦੀ ਸਮੱਸਿਆ ਤੋਂ ਬਾਅਦ ਸ਼ਨਿਚਰਵਾਰ ਦੇਰ ਸ਼ਾਮ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੂਤਰਾਂ ਅਨੁਸਾਰ 95 ਸਾਲਾ ਪ੍ਰਕਾਸ਼ ਸਿੰਘ ਬਾਦਲ ਨੂੰ ਪੇਟ ਸਬੰਧੀ ਕੁਝ ਸਮੱਸਿਆਵਾਂ ਸਨ ਪਰ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।

ਇਸ ਤੋਂ ਪਹਿਲਾਂ 6 ਜੂਨ ਨੂੰ ਪੇਟ ਅਤੇ ਛਾਤੀ ਵਿੱਚ ਦਰਦ ਕਾਰਨ ਬਾਦਲ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਪਰ 7 ਜੂਨ ਨੂੰ ਛੁੱਟੀ ਦੇ ਦਿੱਤੀ ਗਈ ਸੀ। ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਕੋਵਿਡ ਸੀ। ਫਰਵਰੀ ਵਿੱਚ ਵੀ ਸਾਬਕਾ ਮੁੱਖ ਮੰਤਰੀ ਨੂੰ ਕੋਵਿਡ ਤੋਂ ਬਾਅਦ ਸਿਹਤ ਜਾਂਚ ਲਈ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਸੀ।

ਪ੍ਰਕਾਸ਼ ਸਿੰਘ ਬਾਦਲ ਦੇਸ਼ ਦੇ ਦਿੱਗਜ ਨੇਤਾਵਾਂ ਵਿੱਚੋਂ ਇੱਕ ਹਨ। ਬਾਦਲ ਨੇ ਆਪਣਾ ਸਿਆਸੀ ਜੀਵਨ ਪਿੰਡ ਬਾਦਲ ਦੇ ਸਰਪੰਚ ਵਜੋਂ ਸ਼ੁਰੂ ਕੀਤਾ। ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਸਮੇਂ ਵਿੱਚ ਇੱਕੋ ਇੱਕ ਅਜਿਹੇ ਆਗੂ ਹਨ ਜੋ ਸਾਂਝੇ ਪੰਜਾਬ ਵਿੱਚ ਅਤੇ ਪੰਜਾਬ ਦੀ ਵੰਡ ਤੋਂ ਬਾਅਦ ਵੀ ਵਿਧਾਇਕ ਰਹੇ।

ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1957 ਵਿੱਚ ਵਿਧਾਨ ਸਭਾ ਪੁੱਜੇ ਸਨ। ਉਦੋਂ ਪੰਜਾਬ ਤੇ ਹਰਿਆਣਾ ਇੱਕ ਸਨ। ਬਾਦਲ 11 ਵਾਰ ਵਿਧਾਇਕ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ। ਅਜੇ ਵੀ ਰਾਜਨੀਤੀ ਵਿੱਚ ਸਰਗਰਮ ਹਨ। ਸਾਲ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਬਾਦਲ ਨੇ ਆਪਣੀ ਕਿਸਮਤ ਅਜ਼ਮਾਈ ਸੀ ਪਰ ਆਮ ਆਦਮੀ ਪਾਰਟੀ ਦੀ ਲਹਿਰ ਵਿਚ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।

1927 ਵਿਚ ਜਨਮੇ ਪ੍ਰਕਾਸ਼ ਸਿੰਘ ਬਾਦਲ ਆਜ਼ਾਦੀ ਦੀ ਲਹਿਰ ਵਿਚ ਵੀ ਕਾਫੀ ਸਰਗਰਮ ਰਹੇ। ਆਜ਼ਾਦੀ ਤੋਂ ਬਾਅਦ ਹੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਿੰਡ ਤੋਂ ਸਰਪੰਚੀ ਦੀ ਚੋਣ ਲੜ ਕੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਉਹ ਹਰ ਰੋਜ਼ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦੇ ਹਨ।

ਪ੍ਰਕਾਸ਼ ਸਿੰਘ ਬਾਦਲ 1970 ਵਿੱਚ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਬਾਅਦ ਉਹ ਸਾਲ 1977, 1997, 2007 ਅਤੇ ਫਿਰ 2012 ਵਿੱਚ ਮੁੱਖ ਮੰਤਰੀ ਬਣੇ। ਸਾਲ 1977 ਵਿੱਚ ਪ੍ਰਕਾਸ਼ ਸਿੰਘ ਬਾਦਲ ਫਰੀਦਕੋਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਵੀ ਚੁਣੇ ਗਏ ਸਨ। ਉਹ ਭਾਈਚਾਰਕ ਵਿਕਾਸ, ਪੰਚਾਇਤੀ ਰਾਜ, ਪਸ਼ੂ ਪਾਲਣ, ਡੇਅਰੀ ਮੰਤਰੀ ਵੀ ਰਹਿ ਚੁੱਕੇ ਹਨ।

Posted By: Jagjit Singh