ਬੱਸ ਸਟੈਂਡ ਨੇੜੇ ਪਾਰਕਿੰਗ ਨੂੰ ਲੈ ਕੇ ਲੋਕ ਪਰੇਸ਼ਾਨ, ਬਿਨਾਂ ਚਿਤਾਵਨੀ ਚਾਲਾਨ ਕੱਟੇ ਜਾਣ 'ਤੇ ਉੱਠੇ ਸਵਾਲ; ਪ੍ਰਸ਼ਾਸਨ ਪਹਿਲਾਂ ਚਲਾਏ ਜਾਗਰੂਕਤਾ ਮੁਹਿੰਮ ਡੇਰਾਬੱਸੀ ਸ਼ਹਿਰ ਵਿਚ ਨਵੇਂ ਬੱਸ ਸਟੈਂਡ ਦੇ ਨਿਰਮਾਣ ਨਾਲ ਜਿੱਥੇ ਆਵਾਜਾਈ ਸੁਵਿਧਾਵਾਂ ਵਿਚ ਸੁਧਾਰ ਦੀ ਉਮੀਦ ਸੀ, ਉੱਥੇ ਹੀ ਹੁਣ ਸਥਾਨਕ ਲੋਕਾਂ ਅਤੇ ਵਪਾਰੀਆਂ ਨੂੰ ਪਾਰਕਿੰਗ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਸਟੈਂਡ ਦੇ ਆਲੇ-ਦੁਆਲੇ ਵਾਹਨ ਖੜ੍ਹੇ ਕਰਨ ਵਾਲੇ ਲੋਕਾਂ ਦੇ ਲਗਾਤਾਰ ਚਾਲਾਨ ਕੱਟੇ ਜਾਣ ਕਾਰਨ ਲੋਕਾਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ।
Publish Date: Thu, 06 Aug 2026 11:12 AM (IST)
Updated Date: Thu, 06 Aug 2026 11:14 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਸ਼ਹਿਰ ਵਿਚ ਨਵੇਂ ਬੱਸ ਸਟੈਂਡ ਦੇ ਨਿਰਮਾਣ ਨਾਲ ਜਿੱਥੇ ਆਵਾਜਾਈ ਸੁਵਿਧਾਵਾਂ ਵਿਚ ਸੁਧਾਰ ਦੀ ਉਮੀਦ ਸੀ, ਉੱਥੇ ਹੀ ਹੁਣ ਸਥਾਨਕ ਲੋਕਾਂ ਅਤੇ ਵਪਾਰੀਆਂ ਨੂੰ ਪਾਰਕਿੰਗ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਸਟੈਂਡ ਦੇ ਆਲੇ-ਦੁਆਲੇ ਵਾਹਨ ਖੜ੍ਹੇ ਕਰਨ ਵਾਲੇ ਲੋਕਾਂ ਦੇ ਲਗਾਤਾਰ ਚਾਲਾਨ ਕੱਟੇ ਜਾਣ ਕਾਰਨ ਲੋਕਾਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ।
ਇਸ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਅੱਜ ਬੱਸ ਸਟੈਂਡ ਇਲਾਕੇ ਦਾ ਦੌਰਾ ਕਰਕੇ ਦੁਕਾਨਦਾਰਾਂ ਅਤੇ ਰਾਹਗੀਰਾਂ ਨਾਲ ਗੱਲਬਾਤ ਕੀਤੀ। ਲੋਕਾਂ ਨੇ ਦੱਸਿਆ ਕਿ ਵਾਹਨ ਖੜ੍ਹੇ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੋਬਾਈਲ 'ਤੇ ਸਿੱਧੇ ਚਾਲਾਨ ਦੇ ਮੈਸੇਜ ਮਿਲ ਜਾਂਦੇ ਹਨ, ਜਦਕਿ ਮੌਕੇ 'ਤੇ ਨਾ ਤਾਂ ਕੋਈ ਸਪਸ਼ਟ "ਨੋ ਪਾਰਕਿੰਗ" ਬੋਰਡ ਲਗਾਇਆ ਗਿਆ ਹੈ ਅਤੇ ਨਾ ਹੀ ਕੋਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਬਾਹਰਲੇ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਵਾਹਨ ਖੜ੍ਹਾ ਕਰਨਾ ਮਨਾਹੀ ਹੈ। ਉਹ ਕੁਝ ਸਮੇਂ ਲਈ ਵਾਹਨ ਖੜ੍ਹਾ ਕਰਕੇ ਬਾਜ਼ਾਰ ਚਲੇ ਜਾਂਦੇ ਹਨ ਅਤੇ ਬਾਅਦ ਵਿਚ ਚਾਲਾਨ ਆ ਜਾਂਦਾ ਹੈ। ਬੰਨੀ ਸੰਧੂ ਨੇ ਕਿਹਾ ਕਿ ਰੱਖੜੀ ਸਮੇਤ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ।
ਇਸ ਦੌਰਾਨ ਬਾਜ਼ਾਰਾਂ ਵਿਚ ਭੀੜ ਵਧੇਗੀ ਅਤੇ ਲੋਕ ਖ਼ਰੀਦਦਾਰੀ ਲਈ ਵੱਡੀ ਗਿਣਤੀ ਵਿਚ ਆਉਣਗੇ, ਜੇਕਰ ਪਾਰਕਿੰਗ ਅਤੇ ਟ੍ਰੈਫਿਕ ਪ੍ਰਬੰਧਨ ਬਾਰੇ ਪਹਿਲਾਂ ਤੋਂ ਸਪਸ਼ਟ ਦਿਸ਼ਾ-ਨਿਰਦੇਸ਼ ਨਾ ਦਿੱਤੇ ਗਏ ਤਾਂ ਆਮ ਲੋਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿੱਥੇ ਵਾਹਨ ਖੜ੍ਹੇ ਕਰਨ 'ਤੇ ਪਾਬੰਦੀ ਹੈ, ਉੱਥੇ ਵੱਡੇ ਸੂਚਨਾ ਬੋਰਡ ਲਗਾਏ ਜਾਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਬੰਨੀ ਸੰਧੂ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਵਾਉਣਾ ਜ਼ਰੂਰੀ ਹੈ, ਪਰ ਇਸ ਤੋਂ ਪਹਿਲਾਂ ਲੋਕਾਂ ਨੂੰ ਨਿਯਮਾਂ ਦੀ ਜਾਣਕਾਰੀ ਦੇਣਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਬਿਨਾਂ ਜਾਣਕਾਰੀ ਦਿੱਤੇ ਸਿੱਧੇ ਚਾਲਾਨ ਕੱਟਣਾ ਆਮ ਲੋਕਾਂ ਨਾਲ ਇਨਸਾਫ਼ ਨਹੀਂ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਬੱਸ ਸਟੈਂਡ ਦੇ ਆਲੇ-ਦੁਆਲੇ ਪਾਰਕਿੰਗ ਪ੍ਰਬੰਧਾਂ ਦੀ ਸਮੀਖਿਆ ਕਰਕੇ ਲੋਕਾਂ ਦੀ ਸਹੂਲਤ ਲਈ ਸਥਾਈ ਹੱਲ ਕੱਢਣ ਦੀ ਮੰਗ ਵੀ ਕੀਤੀ।