ਪੱਕਾ ਮੋਰਚਾ: ਮੁਹਾਲੀ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ, ਪੰਜਾਬ ਭਰ ’ਚੋਂ ਕਿਸਾਨ ਪਹੁੰਚਣੇ ਸ਼ੁਰੂ
ਕਿਸਾਨ ਜਥੇਬੰਦੀਆਂ ਦੇ ਮੋਹਰੀ ਆਗੂਆਂ ਦੀ ਮੁਹਾਲੀ ਦੇ ਫੇਜ਼ 11 ਸਥਿਤ ਹੋਟਲ ਕੈਂਡੀ ’ਚ ਅਹਿਮ ਮੀਟਿੰਗ ਚੱਲ ਰਹੀ ਹੈ। ਜਿਸ ’ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਸਮੇਤ ਹੋਰ ਆਗੂਆਂ ਨੇ ਕਿਸਾਨੀ ਮੋਰਚੇ ਨੂੰ ਸ਼ਾਂਤਮਈ ਢੰਗ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
Publish Date: Tue, 01 Sep 2026 01:00 PM (IST)
Updated Date: Tue, 01 Sep 2026 01:06 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਦੇ ਬੈਨਰ ਹੇਠ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦਾ ਅੱਜ ਤੋਂ ਮੁਹਾਲੀ-ਚੰਡੀਗੜ੍ਹ ਬਾਰਡਰ ’ਤੇ 7 ਦਿਨ ਚੱਲਣ ਵਾਲਾ ਪੱਕੇ ਮੋਰਚੇ ’ਚ ਪੰਜਾਬ ਭਰ ’ਚੋਂ ਕਿਸਾਨ-ਮਜ਼ਦੂਰ ਪਹੁੰਚਣੇ ਸ਼ੁਰੂ ਹੋ ਗਏ ਹਨ। ਕਿਸਾਨ ਬੀਬੀਆਂ ਵੀ ਕਾਫ਼ਲਿਆਂ ਦੇ ਰੂਪ ’ਚ ਪਹੁੰਚ ਰਹੀਆਂ ਹਨ।
ਕਿਸਾਨ ਜਥੇਬੰਦੀਆਂ ਦੇ ਮੋਹਰੀ ਆਗੂਆਂ ਦੀ ਮੁਹਾਲੀ ਦੇ ਫੇਜ਼ 11 ਸਥਿਤ ਹੋਟਲ ਕੈਂਡੀ ’ਚ ਅਹਿਮ ਮੀਟਿੰਗ ਚੱਲ ਰਹੀ ਹੈ। ਜਿਸ ’ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਸਮੇਤ ਹੋਰ ਆਗੂਆਂ ਨੇ ਕਿਸਾਨੀ ਮੋਰਚੇ ਨੂੰ ਸ਼ਾਂਤਮਈ ਢੰਗ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਰੋਜ਼ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਹੇਗਾ ਪਰ ਕਿਸਾਨ ਆਪਣੀ ਗੱਲ ਠੋਸ ਤਰੀਕੇ ਨਾਲ ਰੱਖਣਗੇ। ਬਾਵਾ ਵਾਈਟ ਹਾਊਸ ਤੋਂ ਲੈ ਕੇ ਜਗਤਪੁਰ ਤੱਕ ਸੜਕ ਦੇ ਦੋਵੇਂ ਪਾਸੇ ਕਿਸਾਨਾਂ ਵੱਲੋਂ ਆਪਣੇ ਟਰੈਕਟਰ ਟਰਾਲੀਆਂ ਪਾਰਕਿੰਗ ਕੀਤੇ ਗਏ ਹਨ।
ਟਰੈਫ਼ਿਕ ਪ੍ਰਭਾਵਿਤ, ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਈਜ਼ਰੀ
ਪੰਜਾਬ ਦੇ ਕਿਸਾਨਾਂ ਦੇ ਕਾਫ਼ਲੇ ਫੇਜ਼-11, ਜਗਤਪੁਰਾ ਅਤੇ ਬਾਬਾ ਵ੍ਹਾਈਟ ਹਾਊਸ ਚੌਂਕ ਰਾਹੀਂ ਪੱਖੋਂ ਮੋਰਚੇ ਵਾਲੀ ਥਾਂ ਵੱਲ ਵਧ ਰਹੇ ਹਨ। ਟਰੈਕਟਰ-ਟਰਾਲੀਆਂ ਦੀ ਆਮਦ ਨੂੰ ਦੇਖਦੇ ਹੋਏ ਆਈਸ਼ਰ ਚੌਂਕ ਤੋਂ ਬੈਸਟੈੱਕ ਮਾਲ ਤੱਕ ਦੀ ਸੜਕ ਨੂੰ ਹਰ ਤਰ੍ਹਾਂ ਦੇ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਮੁਹਾਲੀ ਟ੍ਰੈਫਿਕ ਪੁਲਿਸ ਨੇ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫੇਜ਼-10 ਅਤੇ ਫੇਜ਼-11 ਵੱਲ ਜਾਣ ਤੋਂ ਗੁਰੇਜ਼ ਕਰਨ ਤਾਂ ਜੋ ਟ੍ਰੈਫਿਕ ਜਾਮ ਤੋਂ ਬਚਿਆ ਜਾ ਸਕੇ।
ਚੰਡੀਗੜ੍ਹ ਜਾਣ ਵਾਲਿਆਂ ਲਈ 3 ਵਿਕਲਪਿਕ ਰੂਟ
ਆਮ ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਪੁਲਿਸ ਨੇ 3 ਬਦਲਵੇਂ ਰਸਤੇ ਨਿਰਧਾਰਿਤ ਕੀਤੇ ਹਨ। ਪਹਿਲਾ ਰੂਟ: ਆਇਸ਼ਰ ਚੌਂਕ ਤੋਂ ਲਾਂਡਰਾਂ ਰੋਡ-ਸੈਕਟਰ-82/83 ਰੋਡ-ਜਗਤਪੁਰਾ-ਚੰਡੀਗੜ੍ਹ।
ਦੂਜਾ ਰੂਟ: ਆਇਸ਼ਰ ਚੌਂਕ ਤੋਂ ਏਅਰਪੋਰਟ ਰੋਡ-ਆਈ.ਟੀ. ਸਿਟੀ/ਐਰੋਟ੍ਰੋਪੋਲਿਸ-ਜਗਤਪੁਰਾ ਚੰਡੀਗੜ੍ਹ।
ਤੀਜਾ ਰੂਟ: ਆਇਸ਼ਰ ਚੌਂਕ ਤੋਂ ਫੇਜ਼-9 ਰੋਡ-ਸੈਕਟਰ-66/68 ਰੋਡ ਜਗਤਪੁਰਾ-ਚੰਡੀਗੜ੍ਹ।
ਪੁਲਿਸ ਨਾਲ ਸਹਿਮਤੀ ਬਾਅਦ ਲਗਾਇਆ ਮੋਰਚਾ
ਪਿਛਲੀ ਵਾਰ ਬਿਨਾਂ ਅਗਾਊਂ ਮੀਟਿੰਗ ਤੋਂ ਲਗਾਏ ਮੋਰਚੇ ਕਾਰਨ ਸ਼ਹਿਰ ਵਿੱਚ ਕਾਫ਼ੀ ਜਾਮ ਲੱਗ ਗਿਆ ਸੀ। ਹਾਲਾਂਕਿ, ਇਸ ਵਾਰ ਕਿਸਾਨ ਆਗੂਆਂ ਨੇ ਮੁਹਾਲੀ ਅਤੇ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਪਹਿਲਾਂ ਹੀ ਬੈਠਕ ਕਰਕੇ ਮੋਰਚਾ ਲਗਾਉਣ ਦੀ ਪ੍ਰਵਾਨਗੀ ਲਈ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਇਸ ਵਾਰ ਸਥਿਤੀ ਕੰਟਰੋਲ ਹੇਠ ਰਹੇਗੀ ਅਤੇ ਆਮ ਲੋਕਾਂ ਨੂੰ ਜ਼ਿਆਦਾ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।