ਮਿੱਟੀ ਪੁੱਟਣ ਕਾਰਨ ਗੁਆਂਢੀ ਕਿਸਾਨ ਦੀ ਜੀਰੀ ਦੀ ਫ਼ਸਲ ਤੇ ਖੇਤ ਵਹਿ ਕੇ ਤਬਾਹ, ਵਿਧਾਇਕ ਤੋਂ ਕਾਰਵਾਈ ਤੇ ਮੁਆਵਜ਼ੇ ਦੀ ਮੰਗ ਹਲਕਾ ਡੇਰਾਬੱਸੀ ਦੇ ਅਧੀਨ ਆਉਂਦੇ ਪਿੰਡ ਹੈਬਤਪੁਰ-ਸੁੰਡਰਾ ਰੋਡ ਵਿਖੇ ਇਕ ਗੁਆਂਢੀ ਵਿਅਕਤੀ ਵੱਲੋਂ ਬਿਨਾਂ ਸਰਕਾਰੀ ਪ੍ਰਵਾਨਗੀ ਦੇ 20 ਫੁੱਟ ਡੂੰਘੀ ਮਿੱਟੀ ਚੁੱਕਵਾਏ ਜਾਣ ਕਾਰਨ ਨਾਲ ਲੱਗਦੀ ਜ਼ਮੀਨ ਅਤੇ ਜੀਰੀ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਪਰਿਵਾਰ ਰਿਸ਼ੀਪਾਲ, ਇਸਰੋ ਦੇਵੀ ਸਮੇਤ ਪਿੰਡ ਦੇ ਵਸਨੀਕ ਜਸਵਿੰਦਰ ਸਿੰਘ, ਰਾਜ ਰਾਣੀ, ਗੁਰਪ੍ਰੀਤ ਕੌਰ, ਸੰਦੀਪ ਕੁਮਾਰ, ਵਿਨੋਦ ਕੁਮਾਰ, ਪ੍ਰਵੀਨ, ਗੁਰਦੀਪ ਸਿੰਘ, ਧਰਮਪਾਲ ਸਿੰਘ, ਨੈਬ ਸਿੰਘ, ਸੁਰਿੰਦਰ ਪਾਲ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਿੱਟੀ ਪੁੱਟਣ ਵਾਲੇ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵ
Publish Date: Sat, 08 Aug 2026 11:59 AM (IST)
Updated Date: Sat, 08 Aug 2026 12:01 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਹਲਕਾ ਡੇਰਾਬੱਸੀ ਦੇ ਅਧੀਨ ਆਉਂਦੇ ਪਿੰਡ ਹੈਬਤਪੁਰ-ਸੁੰਡਰਾ ਰੋਡ ਵਿਖੇ ਇਕ ਗੁਆਂਢੀ ਵਿਅਕਤੀ ਵੱਲੋਂ ਬਿਨਾਂ ਸਰਕਾਰੀ ਪ੍ਰਵਾਨਗੀ ਦੇ 20 ਫੁੱਟ ਡੂੰਘੀ ਮਿੱਟੀ ਚੁੱਕਵਾਏ ਜਾਣ ਕਾਰਨ ਨਾਲ ਲੱਗਦੀ ਜ਼ਮੀਨ ਅਤੇ ਜੀਰੀ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਪਰਿਵਾਰ ਰਿਸ਼ੀਪਾਲ, ਇਸਰੋ ਦੇਵੀ ਸਮੇਤ ਪਿੰਡ ਦੇ ਵਸਨੀਕ ਜਸਵਿੰਦਰ ਸਿੰਘ, ਰਾਜ ਰਾਣੀ, ਗੁਰਪ੍ਰੀਤ ਕੌਰ, ਸੰਦੀਪ ਕੁਮਾਰ, ਵਿਨੋਦ ਕੁਮਾਰ, ਪ੍ਰਵੀਨ, ਗੁਰਦੀਪ ਸਿੰਘ, ਧਰਮਪਾਲ ਸਿੰਘ, ਨੈਬ ਸਿੰਘ, ਸੁਰਿੰਦਰ ਪਾਲ ਨੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਲਿਖਤੀ ਸ਼ਿਕਾਇਤ ਦੇ ਕੇ ਮਿੱਟੀ ਪੁੱਟਣ ਵਾਲੇ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਤੇ ਆਰਥਿਕ ਮੁਆਵਜ਼ੇ ਦੀ ਮੰਗ ਕੀਤੀ ਹੈ।
ਵਿਧਾਇਕ ਰੰਧਾਵਾ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਧਿਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਇਸਰੋ ਦੇਵੀ ਪਤਨੀ ਸ੍ਰੀ ਮੁੱਲਾ ਰਾਮ ਵਾਸੀ ਪਿੰਡ ਹੈਬਤਪੁਰ ਦੀ ਜ਼ਮੀਨ ਹੈਬਤਪੁਰ-ਸੁੰਡਰਾ ਰੋਡ ਵਿਖੇ ਪੈਂਦੀ ਹੈ। ਉਨ੍ਹਾਂ ਦੇ ਖੇਤ ਦੇ ਨਾਲ ਲੱਗਦੀ ਜ਼ਮੀਨ ਕਿਸੇ ਬਾਹਰੀ ਵਿਅਕਤੀ ਨੇ ਖ਼ਰੀਦੀ ਹੋਈ ਹੈ। ਉਕਤ ਵਿਅਕਤੀ ਨੇ ਪ੍ਰਸ਼ਾਸਨ ਜਾਂ ਸਰਕਾਰ ਦੀ ਕੋਈ ਪ੍ਰਵਾਨਗੀ ਲਏ ਬਿਨਾਂ ਹੀ ਆਪਣੇ ਖੇਤ ਵਿਚੋਂ ਲਗਭਗ 20 ਫੁੱਟ ਡੂੰਘੀ ਮਿੱਟੀ ਚੁੱਕਵਾ ਦਿੱਤੀ। ਇਸ ਤੋਂ ਬਾਅਦ ਪਈ ਭਾਰੀ ਬਰਸਾਤੀ ਕਾਰਨ ਨਾਲ ਲੱਗਦੇ ਉਨ੍ਹਾਂ ਦੇ ਖੇਤ ਦੀ ਮਿੱਟੀ ਖੁਰ ਗਈ, ਜਿਸ ਨਾਲ ਖੇਤ ਨੂੰ ਢਾਹ ਲੱਗਣ ਕਾਰਨ ਬੀਜੀ ਹੋਈ ਜੀਰੀ ਦੀ ਫ਼ਸਲ ਅਤੇ ਖੇਤ ਪੂਰੀ ਤਰ੍ਹਾਂ ਹੜ੍ਹ ਕੇ ਤਬਾਹ ਹੋ ਗਿਆ।
ਪੀੜਤ ਪਰਿਵਾਰ ਨੇ ਦੱਸਿਆ ਕਿ ਗੁਆਂਢੀ ਵੱਲੋਂ ਕੀਤੀ ਗਈ ਇਸ ਲਾਪਰਵਾਹੀ ਅਤੇ ਗ਼ੈਰ-ਕਾਨੂੰਨੀ ਪੁਟਾਈ ਕਾਰਨ ਉਨ੍ਹਾਂ ਦਾ ਬਹੁਤ ਵੱਡਾ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਵਿਧਾਇਕ ਤੋਂ ਮੰਗ ਕੀਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਉਕਤ ਵਿਅਕਤੀ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿਵਾਇਆ ਜਾਵੇ। ਜਦੋਂ ਇਸ ਮਾਈਨਿੰਗ ਵਿਭਾਗ ਦੇ ਐੱਸਡੀਓ ਪ੍ਰਦੀਪ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਕਿਸੇ ਵੀ ਵਿਅਕਤੀ ਨੂੰ 20 ਫੁੱਟ ਤੱਕ ਮਿੱਟੀ ਚੁਕਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਜੇਕਰ ਕਿਸੇ ਨੇ ਉਸ ਤੋਂ ਬਾਅਦ ਵੀ 20 ਫੁੱਟ ਤੱਕ ਮਿੱਟੀ ਪੱਟੀ ਹੈ ਤਾਂ ਜਲਦ ਹੀ ਟੀਮ ਨੂੰ ਭੇਜਕੇ ਉਕਤ ਵਿਅਕਤੀ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।