ਇੱਕ ਘੰਟੇ ਦੀ ਬਾਰਿਸ਼ ਨੇ ਡੁਬੋਇਆ ਮੁਹਾਲੀ: ਫੇਜ਼ 2, 4 ਅਤੇ 5 ਬਣੇ 'ਦਰਿਆ', ਪ੍ਰਸ਼ਾਸਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ ਮੁਹਾਲੀ ਸ਼ਹਿਰ ’ਚ ਪਏ ਮਹਿਜ਼ ਇਕ ਘੰਟੇ ਦੇ ਮੀਂਹ ਨੇ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਬਰਸਾਤੀ ਪ੍ਰਬੰਧਾਂ ਅਤੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਥੋੜ੍ਹੇ ਜਿਹੇ ਮੀਂਹ ਨਾਲ ਹੀ ਸ਼ਹਿਰ ਦੀਆਂ ਮੁੱਖ ਸੜਕਾਂ, ਗਲੀਆਂ ਅਤੇ ਰਿਹਾਇਸ਼ੀ ਇਲਾਕੇ ਜਲ-ਥਲ ਹੋ ਗਏ। ਪ੍ਰਸ਼ਾਸਨ ਦੀ ਇਸ ਲਾਪਰਵਾਹੀ ਕਾਰਨ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
Publish Date: Wed, 19 Aug 2026 11:51 AM (IST)
Updated Date: Wed, 19 Aug 2026 11:52 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਸ਼ਹਿਰ ’ਚ ਪਏ ਮਹਿਜ਼ ਇਕ ਘੰਟੇ ਦੇ ਮੀਂਹ ਨੇ ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਬਰਸਾਤੀ ਪ੍ਰਬੰਧਾਂ ਅਤੇ ਵੱਡੇ-ਵੱਡੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਥੋੜ੍ਹੇ ਜਿਹੇ ਮੀਂਹ ਨਾਲ ਹੀ ਸ਼ਹਿਰ ਦੀਆਂ ਮੁੱਖ ਸੜਕਾਂ, ਗਲੀਆਂ ਅਤੇ ਰਿਹਾਇਸ਼ੀ ਇਲਾਕੇ ਜਲ-ਥਲ ਹੋ ਗਏ। ਪ੍ਰਸ਼ਾਸਨ ਦੀ ਇਸ ਲਾਪਰਵਾਹੀ ਕਾਰਨ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਘਰਾਂ 'ਚ ਵੜਿਆ ਪਾਣੀ, ਸੜਕਾਂ 'ਤੇ ਬੰਦ ਹੋਈਆਂ ਗੱਡੀਆਂ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਸ਼ਹਿਰ ਦੀਆਂ ਸੜਕਾਂ 'ਤੇ ਬਰਸਾਤੀ ਪਾਣੀ ਭਰਿਆ ਹੋਵੇ। ਚੰਡੀਗੜ੍ਹ ਦੀ ਹੱਦ ਨਾਲ ਲੱਗਦੇ ਮੁਹਾਲੀ ਦੇ ਇਲਾਕਿਆਂ ਦੀਆਂ ਸੜਕਾਂ ਦਾ ਲੈਵਲ ਨੀਵਾਂ ਹੋਣ ਕਾਰਨ ਬਰਸਾਤੀ ਪਾਣੀ ਆਸਾਨੀ ਨਾਲ ਮਾਰ ਕਰਦਾ ਹੈ। ਅੱਜ ਵੀ ਸ਼ਹਿਰ ਦੀਆਂ ਮੁੱਖ ਸੜਕਾਂ 'ਤੇ ਪਾਣੀ ਭਰਨ ਕਾਰਨ ਕਈ ਗੱਡੀਆਂ ਵਿਚਕਾਰ ਹੀ ਬੰਦ ਹੋ ਗਈਆਂ, ਜਿਸ ਤੋਂ ਬਾਅਦ ਲੋਕ ਆਪਣੀਆਂ ਗੱਡੀਆਂ ਨੂੰ ਧੱਕੇ ਲਗਾਉਂਦੇ ਨਜ਼ਰ ਆਏ। ਕਈ ਨੀਵੇਂ ਇਲਾਕਿਆਂ ਵਿਚ ਲੋਕਾਂ ਦੇ ਘਰਾਂ ਅੰਦਰ ਪਾਣੀ ਵੜਨ ਕਾਰਨ ਉਨ੍ਹਾਂ ਦਾ ਕੀਮਤੀ ਸਾਮਾਨ ਖ਼ਰਾਬ ਹੋ ਗਿਆ ਅਤੇ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਲਾਕਾ ਆਗੂਆਂ ਤੇ ਨੁਮਾਇੰਦਿਆਂ ਦੇ ਕੀ ਕਹਿਣਾ ਅਸ਼ੋਕ ਝਾਅ ਭਾਜਪਾ ਆਗੂ ਨੇ ਆਖਿਆ ਕਿ ਚੰਡੀਗੜ੍ਹ ਦੀ ਹੱਦ ਨਾਲ ਲੱਗਦੇ ਫੇਜ਼ 2, 4, 5 ਅਤੇ 7 ਵਿਚ ਬਰਸਾਤੀ ਪਾਣੀ ਸਭ ਤੋਂ ਵੱਧ ਤਬਾਹੀ ਮਚਾਉਂਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਮੇਂ ਦੇ ਨਾਲ ਸੜਕਾਂ ਦੀਆਂ ਪਰਤਾਂ ਚੜ੍ਹਾ ਕੇ ਉਨ੍ਹਾਂ ਦਾ ਲੈਵਲ ਉੱਚਾ ਕਰ ਦਿੱਤਾ ਗਿਆ ਹੈ, ਜਦਕਿ ਲੋਕਾਂ ਦੇ ਮਕਾਨ ਨੀਵੇਂ ਹੁੰਦੇ ਜਾ ਰਹੇ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਪੁਰਾਣੀਆਂ ਸੜਕਾਂ ਨੂੰ ਪੁੱਟ ਕੇ ਸਹੀ ਲੈਵਲ 'ਤੇ ਨਵੀਆਂ ਸੜਕਾਂ ਬਣਾਵੇ।
ਅਰੁਣ ਸ਼ਰਮਾ ਸਾਬਕਾ ਐੱਮਸੀ ਨੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਏਸੀ ਦਫ਼ਤਰਾਂ ਵਿਚ ਬੈਠ ਕੇ ਹੁਕਮ ਦੇਣ ਦੀ ਬਜਾਏ ਜ਼ਮੀਨੀ ਪੱਧਰ 'ਤੇ ਉੱਤਰ ਕੇ ਸਮੱਸਿਆ ਦਾ ਪੱਕਾ ਹੱਲ ਲੱਭਣਾ ਪਵੇਗਾ। ਜਦੋਂ ਤੱਕ ਅਧਿਕਾਰੀ ਆਪ ਮੌਕੇ 'ਤੇ ਆ ਕੇ ਸਥਿਤੀ ਦਾ ਜਾਇਜ਼ਾ ਨਹੀਂ ਲੈਂਦੇ, ਉਦੋਂ ਤੱਕ ਇਹ ਸਮੱਸਿਆ ਹੱਲ ਨਹੀਂ ਹੋ ਸਕਦੀ।
ਸੁਖਦੀਪ ਸਿੰਘ ਨਿਆਸ਼ਹਿਰ ਬਡਾਲਾ ਪ੍ਰਧਾਨ, ਰੈਜ਼ੀਡੈਂਟਸ ਵੈਲਫ਼ੇਅਰ ਐਸੋਸੀਏਸ਼ਨ, ਫੇਜ਼-4 ਨੇ ਦੋਸ਼ ਲਾਇਆ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਸੀਵਰੇਜ ਅਤੇ ਬਰਸਾਤੀ ਨਾਲਿਆਂ ਦੀ ਨਿਯਮਤ ਸਫ਼ਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਮੰਗ ਕੀਤੀ ਕਿ ਸੀਵਰੇਜ ਲਾਈਨਾਂ ਅਤੇ ਰੋਡ ਗਲੀਆਂ ਦੀ ਸਮੇਂ-ਸਮੇਂ 'ਤੇ ਸਫ਼ਾਈ ਯਕੀਨੀ ਬਣਾਈ ਜਾਵੇ ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਤੇਜ਼ੀ ਨਾਲ ਹੋ ਸਕੇ।
ਸਮਾਜ ਸੇਵੀ ਅਵਤਾਰ ਸਿੰਘ ਵਾਲੀਆ ਨੇ ਆਖਿਆ ਕਿ ਹਰ ਸਾਲ ਬਰਸਾਤਾਂ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਨਿਕਾਸੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਪਹਿਲੀ ਹੀ ਬਾਰਿਸ਼ ਵਿਚ ਇਹ ਸਾਰੇ ਦਾਅਵੇ ਫੋਕੇ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੀਆਂ ਮੁੱਖ ਸੜਕਾਂ ਤੋਂ ਲੈ ਕੇ ਰਿਹਾਇਸ਼ੀ ਇਲਾਕਿਆਂ ਤੱਕ ਪਾਣੀ ਭਰਨ ਨਾਲ ਆਮ ਜਨਤਾ ਨੂੰ ਭਾਰੀ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਕਾਗ਼ਜ਼ੀ ਕਾਰਵਾਈਆਂ ਛੱਡ ਕੇ ਸੀਵਰੇਜ ਅਤੇ ਬਰਸਾਤੀ ਨਾਲਿਆਂ ਦੀ ਪੁਖ਼ਤਾ ਸਫ਼ਾਈ ਯਕੀਨੀ ਬਣਾਵੇ ਤਾਂ ਜੋ ਲੋਕਾਂ ਦੇ ਘਰਾਂ ਵਿਚ ਪਾਣੀ ਵੜਨ ਤੋਂ ਬਚਾਅ ਹੋ ਸਕੇ।
ਸੇਵਾਮੁਕਤ ਐਕਸੀਅਨ ਐੱਨਐੱਸ ਕਲਸੀ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਚੰਡੀਗੜ੍ਹ ਦੀ ਹੱਦ ਨਾਲ ਲੱਗਦੇ ਫੇਜ਼ਾਂ ਵਿਚ ਸੜਕਾਂ ਦਾ ਲੈਵਲ ਬਿਨਾਂ ਕਿਸੇ ਯੋਜਨਾਬੰਦੀ ਤੋਂ ਉੱਚਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਦੇ ਘਰ ਨੀਵੇਂ ਹੋ ਗਏ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਵੀਆਂ ਸੜਕਾਂ ਬਣਾਉਣ ਸਮੇਂ ਲੈਵਲਿੰਗ ਦਾ ਖ਼ਾਸ ਧਿਆਨ ਰੱਖਿਆ ਜਾਵੇ ਅਤੇ ਜ਼ਮੀਨੀ ਪੱਧਰ 'ਤੇ ਜਾ ਕੇ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ। ਕੇਵਲ ਏਸੀ ਕਮਰਿਆਂ ਵਿਚ ਬੈਠ ਕੇ ਮੀਟਿੰਗਾਂ ਕਰਨ ਨਾਲ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਣਗੀਆਂ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਤੁਰੰਤ ਪੁਖ਼ਤਾ ਇੰਤਜ਼ਾਮ ਕਰੇ ਤਾਂ ਜੋ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਪਰੇਸ਼ਾਨੀ ਨਾ ਝੱਲਣੀ ਪਵੇ।