Punjab News : ਮੁੱਖ ਅਧਿਆਪਕ ਕਤਲ ਕਾਂਡ ’ਚ ਇਕ ਮੁਲਜ਼ਮ ਕਾਬੂ, ਪੁਲਿਸ ਰਿਮਾਂਡ ’ਤੇ ਭੇਜਿਆ
ਸਨੀ ਇਨਕਲੇਵ ਖਰੜ ਵਿਚ ਬੀਤੀ 5 ਅਗਸਤ ਨੂੰ ਇਕ ਮੁੱਖ ਅਧਿਆਪਕ ’ਤੇ ਹੋਏ ਹਮਲੇ ਤੋਂ ਬਾਅਦ ਅਧਿਆਪਕ ਦੀ ਮੌਤ ਹੋਣ ’ਤੇ ਕਤਲ ਦੇ ਦਰਜ ਮਾਮਲੇ ’ਚ ਖਰੜ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਕਤਲ ਦੇ ਮਾਮਲੇ ਬਾਰੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਰੜ ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸਰਤਾਜ ਸਿੰਘ ਉਰਫ਼ ਤੇਜੀ ਵਾਸੀ ਚੰਡੀਗੜ੍ਹ ਵੱਜੋਂ ਹੋਈ ਹੈ, ਜੋ ਕਿ ਕੈਨੇਡੀਅਨ ਪੀਆਰ ਹੈ।
Publish Date: Sun, 23 Aug 2026 11:37 AM (IST)
Updated Date: Sun, 23 Aug 2026 11:38 AM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਸਨੀ ਇਨਕਲੇਵ ਖਰੜ ਵਿਚ ਬੀਤੀ 5 ਅਗਸਤ ਨੂੰ ਇਕ ਮੁੱਖ ਅਧਿਆਪਕ ’ਤੇ ਹੋਏ ਹਮਲੇ ਤੋਂ ਬਾਅਦ ਅਧਿਆਪਕ ਦੀ ਮੌਤ ਹੋਣ ’ਤੇ ਕਤਲ ਦੇ ਦਰਜ ਮਾਮਲੇ ’ਚ ਖਰੜ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਕਤਲ ਦੇ ਮਾਮਲੇ ਬਾਰੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖਰੜ ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਸਰਤਾਜ ਸਿੰਘ ਉਰਫ਼ ਤੇਜੀ ਵਾਸੀ ਚੰਡੀਗੜ੍ਹ ਵੱਜੋਂ ਹੋਈ ਹੈ, ਜੋ ਕਿ ਕੈਨੇਡੀਅਨ ਪੀਆਰ ਹੈ।
ਜ਼ਿਕਰਯੋਗ ਹੈ ਕਿ ਬੀਤੀ 5 ਅਗਸਤ ਨੂੰ ਪਿੰਡ ਕੁੰਬੜਾ ਦੇ ਸਰਕਾਰੀ ਸਕੂਲ ’ਚ ਮੁੱਖ ਅਧਿਆਪਕ ਵੱਜੋਂ ਸੇਵਾ ਨਿਭਾਅ ਰਹੇ ਗੁਰਸੇਵਕ ਸਿੰਘ ਉੱਤੇ ਇਕ ਕਾਰ ’ਚ ਆਏ ਨਾ-ਮਾਲੂਮ ਵਿਅਕਤੀਆਂ ਵੱਲੋਂ ਉਸ ਸਮੇਂ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਦੋਂ ਉਹ ਸਨੀ ਇਨਕਲੇਵ ਸਥਿਤ ਆਪਣੇ ਘਰ ਪਹੁੰਚਿਆ ਸੀ ਤੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਜਿਸ ਦੀ ਇਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ 9 ਅਗਸਤ ਨੂੰ ਮੌਤ ਹੋ ਗਈ ਸੀ।
ਮਾਮਲੇ ’ਚ ਪੁਲਿਸ ਥਾਣਾ ਸਿਟੀ ਖਰੜ ਦੀ ਪੁਲਿਸ ਨੇ ਮ੍ਰਿਤਕ ਅਧਿਆਪਕ ਦੀ ਪਤਨੀ ਦੇ ਬਿਆਨਾਂ ’ਤੇ ਪਹਿਲਾਂ ਹਮਲਾ ਕਰਨ ਦਾ ਮਾਮਲਾ ਦਰਜ ਕੀਤਾ ਸੀ ਪਰ ਗੁਰਸੇਵਕ ਸਿੰਘ ਦੀ ਮੌਤ ਹੋਣ ਤੋਂ ਬਾਅਦ ਇਸ ਮਾਮਲੇ ’ਚ ਕਤਲ ਦੀ ਧਾਰਾ ਦਾ ਵਾਧਾ ਕੀਤਾ ਗਿਆ ਸੀ। ਖਰੜ ਪੁਲਿਸ ਇਸ ਮਾਮਲੇ ਨੂੰ ਹੱਲ ਕਰਨ ਲਈ ਬੀਤੇ ਕਈ ਦਿਨਾਂ ਤੋਂ ਵੱਖ-ਵੱਖ ਪਾਰਟੀਆਂ ਬਣਾ ਕੇ ਛਾਪੇਮਾਰੀ ਕਰ ਰਹੀ ਸੀ ਪਰ ਉਨ੍ਹਾਂ ਨੂੰ ਕਾਮਯਾਬੀ ਉਸ ਸਮੇਂ ਹੱਥ ਲੱਗੀ, ਜਦੋਂ ਕੈਨੇਡਾ ਦਾ ਪੀਆਰ ਸਰਤਾਜ ਸਿੰਘ ਉਰਫ਼ ਤੇਜੀ ਕੈਨੇਡਾ ਭੱਜਣ ਦੀ ਫ਼ਿਰਾਕ ’ਚ ਦਿੱਲੀ ਏਅਰਪੋਰਟ ’ਤੇ ਪਹੁੰਚਿਆ, ਜਿੱਥੋਂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ ਕਾਬੂ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਹੈ, ਜਿੱਥੋਂ ਉਸ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ।