ਵਿਦਿਆਰਥੀਆਂ ਨੂੰ ਡਿਜ਼ਾਈਨ ਖੇਤਰ ’ਚ ਅੱਗੇ ਵਧਣ ਲਈ ਪ੍ਰੇਰਿਤ ਕਰ ਰਿਹਾ ਹੈ NIIFT ਮੁਹਾਲੀ ਦਾ ਓਰੀਐਂਟੇਸ਼ਨ ਪ੍ਰੋਗਰਾਮ
ਉਦਘਾਟਨੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਜਸਪ੍ਰੀਤ ਸਿੰਘ ਡਾਇਰੈਕਟਰ, ਉਦਯੋਗ ਤੇ ਵਣਜ, ਵਿਭਾਗ, ਪੰਜਾਬ ਅਤੇ ਡਾਇਰੈਕਟਰ ਜਨਰਲ, ਐੱਨਆਈਆਈਐੱਫਟੀ ਨੇ ਵਿਦਿਆਰਥੀਆਂ ਨੂੰ ਡਿਜ਼ਾਈਨ ਸਿੱਖਿਆ ’ਚ ਉੱਤਮਤਾ ਹਾਸਲ ਕਰਨ ਅਤੇ ਨਵੀਨਤਾ, ਉੱਦਮਤਾ ਅਤੇ ਟਿਕਾਊ ਵਿਕਾਸ ਰਾਹੀਂ ਦੇਸ਼ ਦੀ ਰਚਨਾਤਮਕ ਅਰਥਵਿਵਸਥਾ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
Publish Date: Thu, 06 Aug 2026 03:52 PM (IST)
Updated Date: Thu, 06 Aug 2026 03:56 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਤਕਨਾਲੋਜੀ (ਐੱਨਆਈਆਈਐੱਫਟੀ), ਮੁਹਾਲੀ ਵੱਲੋਂ ਨਵੇਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਸਵਾਗਤ ਲਈ ਤਿੰਨ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ-2026 ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸੰਸਥਾ ਦੇ ਅਕਾਦਮਿਕ ਮਾਹੌਲ, ਨਿਯਮਾਂ, ਸਹੂਲਤਾਂ ਅਤੇ ਭਵਿੱਖ ’ਚ ਉਪਲਬਧ ਮੌਕਿਆਂ ਨਾਲ ਜਾਣੂ ਕਰਵਾਉਣਾ ਸੀ।
ਉਦਘਾਟਨੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਜਸਪ੍ਰੀਤ ਸਿੰਘ ਡਾਇਰੈਕਟਰ, ਉਦਯੋਗ ਤੇ ਵਣਜ, ਵਿਭਾਗ, ਪੰਜਾਬ ਅਤੇ ਡਾਇਰੈਕਟਰ ਜਨਰਲ, ਐੱਨਆਈਆਈਐੱਫਟੀ ਨੇ ਵਿਦਿਆਰਥੀਆਂ ਨੂੰ ਡਿਜ਼ਾਈਨ ਸਿੱਖਿਆ ’ਚ ਉੱਤਮਤਾ ਹਾਸਲ ਕਰਨ ਅਤੇ ਨਵੀਨਤਾ, ਉੱਦਮਤਾ ਅਤੇ ਟਿਕਾਊ ਵਿਕਾਸ ਰਾਹੀਂ ਦੇਸ਼ ਦੀ ਰਚਨਾਤਮਕ ਅਰਥਵਿਵਸਥਾ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੌਰਾਨ ਡਾ. ਸੰਜੇ ਸੂਦ, ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟਸ, ਹਿਮਾਚਲ ਪ੍ਰਦੇਸ਼, ਪ੍ਰੋ. ਸੰਜੇ ਕੌਸ਼ਿਕ, ਵਾਈਸ ਚਾਂਸਲਰ, ਗੁਰੂਗ੍ਰਾਮ ਯੂਨੀਵਰਸਿਟੀ, ਅਤੇ ਡਾ. ਕਨੂ ਥਿੰਦ, ਡਾਇਰੈਕਟਰ, ਐਨ ਆਈਆਈਐੱਫਟੀ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ, ਨਵੀਨਤਾ, ਰਚਨਾਤਮਕਤਾ ਅਤੇ ਪੇਸ਼ੇਵਰ ਮੁੱਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਵਾਤਾਵਰਣ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ ਸੰਸਥਾ ਦੇ ਕੈਂਪਸ ’ਚ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਗਈ। ਇਸ ਮੌਕੇ ਹਾਜ਼ਰ ਪ੍ਰਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਐੱਨਆਈਆਈਐੱਫਟੀ ਦੇ ਪ੍ਰਿੰਸੀਪਲ ਮਨੀਸ਼ ਕੁਮਾਰ ਜਿੰਦਲ ਨੇ ਵਿਦਿਆਰਥੀਆਂ ਨੂੰ ਸੰਸਥਾ ਦੇ ਫੈਕਲਟੀ ਅਤੇ ਪ੍ਰਸ਼ਾਸਨਿਕ ਸਟਾਫ਼ ਨਾਲ ਜਾਣੂ ਕਰਵਾਇਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਦਾਖ਼ਲਾ ਪ੍ਰਕਿਰਿਆ, ਅਕਾਦਮਿਕ ਨਿਯਮਾਂ, ਡਿਜ਼ੀਟਲ ਪਲੇਟਫਾਰਮ, ਪ੍ਰੀਖਿਆ ਪ੍ਰਣਾਲੀ, ਲਾਇਬ੍ਰੇਰੀ ਸੇਵਾਵਾਂ ਅਤੇ ਹੋਰ ਵਿਦਿਆਰਥੀ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਦੂਜੇ ਦਿਨ ਸੇਵਾਮੁਕਤ ਅਧਿਕਾਰੀ ਵਿਵੇਕ ਅਤਰੇ ਨੇ ਪ੍ਰੇਰਣਾਦਾਇਕ ਵਿਖਿਆਨ ਦਿੱਤਾ, ਜਦਕਿ ਡਿਜ਼ਾਈਨਰ ਸ਼੍ਰਿਸ਼ਟੀ ਅਤੇ ਵੱਖ-ਵੱਖ ਵਿਭਾਗਾਂ ਦੇ ਕੋਆਰਡੀਨੇਟਰਾਂ ਨੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ।
ਤੀਜੇ ਦਿਨ ਪ੍ਰਸਿੱਧ ਕਲਾਕਾਰ ਮਦਨ ਲਾਲ, ਆਰ.ਪੀ. ਵਰਮਾ ਅਤੇ ਆਨੰਦ ਕੁਮਾਰ ਸ਼ਰਮਾ ਵੱਲੋਂ ਪੇਂਟਿੰਗ ਵਰਕਸ਼ਾਪ ਕਰਵਾਈ ਗਈ।
ਇਸ ਮੌਕੇ ਐਲੂਮਨਾਈ ਕੇਸ਼ਵ, ਸੰਜੇ ਕੁਲਸ਼੍ਰੇਸ਼ਠਾ (ਵਾਈਸ ਪ੍ਰੈਜ਼ੀਡੈਂਟ, ਨਾਹਰ ਇੰਡਸਟਰੀਜ਼), ਵਿਧੀ ਬਗਰੋਡੀਆ ਅਤੇ ਰਿਤੂ ਪੁੰਜ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਜੈਂਡਰ ਸੰਵੇਦਨਸ਼ੀਲਤਾ ਸਬੰਧੀ ਜਾਣਕਾਰੀ ਦਿੱਤੀ।
ਸਮਾਪਤੀ ਸਮਾਰੋਹ ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜਸਟਿਸ ਹਰਕੇਸ਼ ਮਨੂਜਾ ਮੁੱਖ ਮਹਿਮਾਨ ਅਤੇ ਕ੍ਰਿਸ਼ਨ ਕੁਮਾਰ, ਚੀਫ਼ ਵਿਜੀਲੈਂਸ ਅਫ਼ਸਰ, ਹਰਿਆਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਚਨਾਤਮਕਤਾ, ਕਾਨੂੰਨੀ ਜਾਗਰੂਕਤਾ, ਨੈਤਿਕ ਕਦਰਾਂ-ਕੀਮਤਾਂ ਅਤੇ ਪੇਸ਼ੇਵਰ ਇਮਾਨਦਾਰੀ ਨੂੰ ਆਪਣੇ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੀ ਵੰਡੇ ਗਏ।
ਪ੍ਰੋਗਰਾਮ ਦੇ ਅੰਤ ’ਚ ਓਰੀਐਂਟੇਸ਼ਨ ਪ੍ਰੋਗਰਾਮ ਦੇ ਕੋਆਰਡੀਨੇਟਰ ਕਮਲਜੀਤ ਸਿੰਘ ਰਾਣਾ ਅਤੇ ਅਜੈ ਸਿੰਘ ਨੇ ਸਾਰੇ ਮਹਿਮਾਨਾਂ, ਵਕਤਾਵਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਇਸ ਸਫ਼ਲ ਆਯੋਜਨ ਲਈ ਸਭ ਦੇ ਸਹਿਯੋਗ ਦੀ ਸ਼ਲਾਘਾ ਕੀਤੀ।