ਮੁਹਾਲੀ ਅਤੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਗੂੰਜੇ 'ਬੰਦੀ ਸਿੰਘ ਰਿਹਾਅ ਕਰੋ' ਦੇ ਨਾਅਰੇ, ਪ੍ਰਦਰਸ਼ਨ ਕਾਰਨ ਵਧਿਆ ਜਾਮ ‘ਵਾਰਿਸ ਪੰਜਾਬ ਦੇ’ ਕਾਰਕੁਨਾਂ ਵੱਲੋਂ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ‘ਸਿੱਖ ਕੈਦੀਆਂ’ ਦੀ ਤੁਰੰਤ ਰਿਹਾਈ ਅਤੇ ਹੋਰ ਭੱਖਦੇ ਮੁੱਦਿਆਂ ਨੂੰ ਲੈ ਕੇ ਬੁੱਧਵਾਰ ਨੂੰ ਬਾਪੂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਯਾਲੀ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁਹਾਲੀ ਅਤੇ ਚੰਡੀਗੜ੍ਹ ਦੀਆਂ ਸੜਕਾਂ ’ਤੇ ‘ਬੰਦੀ ਸਿੰਘ ਰਿਹਾਅ ਕਰੋ’ ਅਤੇ ‘ਰਾਜ ਕਰੇਗਾ ਖ਼ਾਲਸਾ’ ਦੇ ਨਾਅਰੇ ਗੂੰਜਦੇ ਰਹੇ।
Publish Date: Thu, 30 Jul 2026 11:24 AM (IST)
Updated Date: Thu, 30 Jul 2026 11:25 AM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ‘ਵਾਰਿਸ ਪੰਜਾਬ ਦੇ’ ਕਾਰਕੁਨਾਂ ਵੱਲੋਂ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ‘ਸਿੱਖ ਕੈਦੀਆਂ’ ਦੀ ਤੁਰੰਤ ਰਿਹਾਈ ਅਤੇ ਹੋਰ ਭੱਖਦੇ ਮੁੱਦਿਆਂ ਨੂੰ ਲੈ ਕੇ ਬੁੱਧਵਾਰ ਨੂੰ ਬਾਪੂ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਯਾਲੀ ਅਤੇ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁਹਾਲੀ ਅਤੇ ਚੰਡੀਗੜ੍ਹ ਦੀਆਂ ਸੜਕਾਂ ’ਤੇ ‘ਬੰਦੀ ਸਿੰਘ ਰਿਹਾਅ ਕਰੋ’ ਅਤੇ ‘ਰਾਜ ਕਰੇਗਾ ਖ਼ਾਲਸਾ’ ਦੇ ਨਾਅਰੇ ਗੂੰਜਦੇ ਰਹੇ।
‘ਵਾਰਿਸ ਪੰਜਾਬ ਦੇ’ ਇਸ ਰੋਸ ਪ੍ਰਦਰਸ਼ਨ ਕਾਰਨ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮੁਹਾਲੀ ਅਤੇ ਚੰਡੀਗੜ੍ਹ ਦੀਆਂ ਕਈ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ। ਜਿਸ ਕਾਰਨ ਮੁਹਾਲੀ ਅਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਅਤੇ ਵਾਹਨ ਚਾਲਕਾਂ ਲਈ ਵਿਸ਼ੇਸ਼ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ। ਸ਼ਹਿਰ ’ਚ ਸ਼ਾਂਤੀ ਅਤੇ ਟ੍ਰੈਫਿਕ ਵਿਵਸਥਾ ਬਣਾਏ ਰੱਖਣ ਲਈ ਸਵੇਰੇ 9:30 ਵਜੇ ਤੋਂ ਹੀ ਚੰਡੀਗੜ੍ਹ ਅਤੇ ਮੁਹਾਲੀ ਦੇ ਵਿਚਕਾਰਲੇ ਪ੍ਰਮੁੱਖ ਰਸਤਿਆਂ ਦੇ ਨਾਲ-ਨਾਲ ਸੈਕਟਰ-43 ਸਥਿਤ ਅੰਤਰਰਾਜੀ ਬੱਸ ਅੱਡੇ ਦੇ ਨੇੜਲੇ ਇਲਾਕਿਆਂ ’ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਿੱਛੇ ਫੇਜ਼ 9 ਦੀਆਂ ਲਾਲ ਬੱਤੀਆਂ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ, ਵਾਈਪੀਐੱਸ ਚੌਕ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ ’ਤੇ ਆਵਾਜਾਈ ਠੱਪ ਰਹੀ। ਇਸ ਤੋਂ ਇਲਾਵਾ ਮੁਹਾਲੀ ਤੋਂ ਚੰਡੀਗੜ੍ਹ ਜਾਣ ਵਾਲੀਆਂ ਸੜਕਾਂ ਦੇ ਐਂਟਰੀ ਪੁਆਇੰਟਾਂ ’ਤੇ ਆਵਾਜਾਈ ਪ੍ਰਭਾਵਿਤ ਰਹੀ ਹੈ।
ਜਾਣਕਾਰੀ ਅਨੁਸਾਰ, ਯੂਟੀ-ਮੁਹਾਲੀ ਸਰਹੱਦ (ਬੁੜੈਲ ਜੇਲ੍ਹ ਦੇ ਪਿੱਛੇ) ਤੋਂ ਸੈਕਟਰ-50/51 ਚੌਕ ਤੱਕ ਅਤੇ ਅੱਗੇ ਸੈਕਟਰ- 50/51 ਚੌਕ ਤੋਂ ਸਰੋਵਰ ਪੱਥ ਦੇ ਨਾਲ-ਨਾਲ ਸੈਕਟਰ-44/45-50/51 ਚੌਕ (ਗਊਸ਼ਾਲਾ ਚੌਕ) ਸਮੇਤ ਸੈਕਟਰ-44/45 ਲਾਈਟ ਪੁਆਇੰਟ ਤੱਕ ਆਵਾਜਾਈ ਪੂਰੀ ਤਰ੍ਹਾਂ ਬੰਦ ਜਾਂ ਡਾਇਵਰਟ (ਬਦਲੀ) ਰਹੇਗੀ। ਇਸੇ ਤਰ੍ਹਾਂ ਵਿਕਾਸ ਮਾਰਗ ’ਤੇ ਸੈਕਟਰ-43/44/51/52 ਚੌਕ (ਆਈਐੱਸਬੀਟੀ ਚੌਕ) ਤੋਂ ਸੈਕਟਰ 44/45-50/51 ਚੌਂਕ (ਗਊਸ਼ਾਲਾ ਚੌਕ) ਤੱਕ ਅਤੇ ਅੱਗੇ ਸੈਕਟਰ-45-46/49/50 ਚੌਕ ਵੱਲ ਜਾਣ ਵਾਲੀ ਸੜਕ ਸਮੇਤ ਸੈਕਟਰ-43/44 ਲਾਈਟ ਪੁਆਇੰਟ ਅਤੇ ਸੈਕਟਰ-45/46 ਲਾਈਟ ਪੁਆਇੰਟ ’ਤੇ ਵੀ ਰੂਟ ਬਦਲੇ ਗਏ ਹਨ ਅਤੇ ਪਾਬੰਦੀਆਂ ਲਗਾਈਆਂ ਗਈਆਂ ਹਨ।
ਸ਼ਹਿਰ ਵਿਚ ਜਾਮ ਦੀ ਸਥਿਤੀ ਤੋਂ ਬਚਣ ਲਈ ਬੱਸਾਂ ਨੂੰ ਵੀ ਸੈਕਟਰ-43 ਬੱਸ ਅੱਡੇ ਤੱਕ ਪਹੁੰਚਣ ਲਈ ਬਦਲੇ ਹੋਏ ਰੂਟਾਂ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਭਾਵਿਤ ਰਸਤਿਆਂ ਦੀ ਵਰਤੋਂ ਕਰਨ ਤੋਂ ਬਚਣ, ਵੱਖਰੇ ਮਾਰਗ ਚੁਣਨ ਅਤੇ ਤਾਜ਼ਾ ਜਾਣਕਾਰੀ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਹੈਂਡਲਾਂ (X, Facebook ਅਤੇ Instagram-@trafficchd/@ChandigarhTrafficPolice) ’ਤੇ ਅਪਡੇਟਸ ਦੇਖਦੇ ਰਹਿਣ ਲਈ ਕਿਹਾ ਗਿਆ।