ਮੁਹਾਲੀ ’ਚ ਨੀਡ ਬੇਸਿਡ ਪਾਲਿਸੀ ਦਾ ਮਾਮਲਾ ਵਿਚਾਰ ਅਧੀਨ, ਮੰਤਰੀ ਨੇ ਸਦਨ ’ਚ ਦਿੱਤਾ ਜਵਾਬ; ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ’ਚ ਚੁੱਕਿਆ ਮੁੱਦਾ
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਪੁੱਛੇ ਗਏ ਪ੍ਰਸ਼ਨ ਨੰਬਰ 1913 ਦੇ ਜਵਾਬ ਵਿੱਚ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਸਰਕਾਰ ਦਾ ਪੱਖ ਰੱਖਿਆ।
Publish Date: Tue, 04 Aug 2026 03:32 PM (IST)
Updated Date: Tue, 04 Aug 2026 03:38 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ। ਮੁਹਾਲੀ ਦੇ ਫੇਜ਼-1 ਤੋਂ ਫੇਜ਼-11 ਅਤੇ ਸੈਕਟਰ-66 ਤੋਂ 73 ਵਿਖੇ ਗਮਾਡਾ ਵੱਲੋਂ ਅਲੋਟ ਕੀਤੇ ਕਮਰਸ਼ੀਅਲ ਬੂਥਾਂ ’ਤੇ ਪਹਿਲੀ ਮੰਜ਼ਿਲ ਦੀ ਉਸਾਰੀ ਅਤੇ ਮਕਾਨਾਂ ’ਚ ਕੀਤੀਆਂ ਵਾਧੂ ਉਸਾਰੀਆਂ ਨੂੰ ਰੈਗੂਲਰ ਕਰਨ (ਨੀਡ ਬੇਸਡ ਪਾਲਿਸੀ) ਬਾਰੇ ਪੰਜਾਬ ਵਿਧਾਨ ਸਭਾ ’ਚ ਸਥਿਤੀ ਸਪੱਸ਼ਟ ਕੀਤੀ ਗਈ ਹੈ।
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਪੁੱਛੇ ਗਏ ਪ੍ਰਸ਼ਨ ਨੰਬਰ 1913 ਦੇ ਜਵਾਬ ਵਿੱਚ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਸਰਕਾਰ ਦਾ ਪੱਖ ਰੱਖਿਆ।
ਕਮਰਸ਼ੀਅਲ ਬੂਥਾਂ ਉੱਪਰ ਪਹਿਲੀ ਮੰਜ਼ਿਲ ਦੀ ਉਸਾਰੀ ਬਾਰੇ ਸਥਿਤੀ
ਵਿਧਾਇਕ ਕੁਲਵੰਤ ਸਿੰਘ ਨੇ ਸਵਾਲ ਕੀਤਾ ਸੀ ਕਿ ਕੀ ਮੁਹਾਲੀ ਦੇ ਬਾਕੀ ਸੈਕਟਰਾਂ ਦੀ ਤਰਜ਼ ’ਤੇ ਫੇਜ਼ 1-11 ਅਤੇ ਸੈਕਟਰ 66-73 ਦੇ ਬੂਥਾਂ ’ਤੇ ਵੀ ਗ੍ਰਾਊਂਡ ਫਲੋਰ ਤੋਂ ਇਲਾਵਾ ਪਹਿਲੀ ਮੰਜ਼ਿਲ ਬਣਾਉਣ ਦੀ ਇਜਾਜ਼ਤ ਦੇਣ ਲਈ ਕੋਈ ਨੀਤੀ ਵਿਚਾਰ ਅਧੀਨ ਹੈ?
ਸਰਕਾਰ ਦਾ ਜਵਾਬ
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਦੱਸਿਆ ਕਿ ਫਿਲਹਾਲ ਨਗਰ ਅਤੇ ਗ੍ਰਾਮ ਯੋਜਨਾਬੰਦੀ ਵਿਭਾਗ ਅਤੇ ਗਮਾਡਾ ਦੇ ਵਿਚਾਰ ਅਧੀਨ ਬੂਥਾਂ ਉੱਪਰ ਪਹਿਲੀ ਮੰਜ਼ਿਲ (ਵੈਧ ਉਸਾਰੀ) ਦੀ ਇਜਾਜ਼ਤ ਦੇਣ ਬਾਰੇ ਕੋਈ ਪ੍ਰਸਤਾਵ ਨਹੀਂ ਹੈ। ‘ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਬਿਲਡਿੰਗ ਰੂਲਜ਼, 2021’ ਅਨੁਸਾਰ ਇਨ੍ਹਾਂ ਬੂਥਾਂ ਲਈ ਸਿਰਫ਼ ਇੱਕ-ਮੰਜ਼ਿਲਾ (ਸਿੰਗਲ-ਸਟੋਰੀ) ਇਮਾਰਤ ਦੀ ਹੀ ਇਜਾਜ਼ਤ ਹੈ।
ਸਟੋਰੇਜ ਲਈ ਮੇਜ਼ਾਨਾਈਨ ਫਲੋਰ (Mezzanine Floor) ’ਤੇ ਵਿਚਾਰ
ਸਰਕਾਰ ਨੇ ਇਹ ਵੀ ਦੱਸਿਆ ਕਿ ‘ਪੰਜਾਬ ਅਰਬਨ ਪਲੈਨਿੰਗ ਐਂਡ ਡਿਵੈਲਪਮੈਂਟ ਬਿਲਡਿੰਗ ਰੂਲਜ਼, 2021’ ਦੇ ਨਿਯਮ 4 ਦੇ ਉਪ-ਨਿਯਮ (1) ਅਧੀਨ ਨੋਟ (h) ’ਚ ਸੋਧ ਕਰਨ ਦਾ ਇੱਕ ਪ੍ਰਸਤਾਵ ਵਿਚਾਰ ਅਧੀਨ ਹੈ। ਇਸ ਪ੍ਰਸਤਾਵ ਅਨੁਸਾਰ:
ਬੂਥਾਂ/ਦੁਕਾਨਾਂ/ਐਸ.ਸੀ.ਓ. (SCO) ਦੀ ਫਲੋਰ-ਟੂ-ਫਲੋਰ ਉਚਾਈ ’ਚ ਵਾਧਾ ਕੀਤਾ ਜਾ ਸਕਦਾ ਹੈ।
ਬੂਥਾਂ ਦੇ ਅੰਦਰ ਸਿਰਫ਼ ਸਟੋਰੇਜ (ਮਾਲ ਰੱਖਣ) ਦੇ ਉਦੇਸ਼ ਲਈ ਇੱਕ ਮੇਜ਼ਾਨਾਈਨ ਫਲੋਰ ਬਣਾਉਣ ਦੀ ਇਜਾਜ਼ਤ ਦੇਣ ਦਾ ਪ੍ਰਬੰਧ ਪ੍ਰਸਤਾਵਿਤ ਹੈ।
(ਨੋਟ: ਇਸ ਪ੍ਰਸਤਾਵ ਵਿੱਚ ਬੂਥ ਉੱਤੇ ਵਾਧੂ ਪੂਰੀ ਮੰਜ਼ਿਲ ਬਣਾਉਣ ਦੀ ਕੋਈ ਇਜਾਜ਼ਤ ਨਹੀਂ ਹੈ।)
ਮਕਾਨਾਂ ਵਿੱਚ ਨੀਡ ਬੇਸਡ ਪਾਲਿਸੀ (Need-Based Policy) ਬਾਰੇ
ਵਿਧਾਇਕ ਕੁਲਵੰਤ ਸਿੰਘ ਨੇ ਦੂਜਾ ਸਵਾਲ ਪੁੱਛਿਆ ਸੀ ਕਿ ਗਮਾਡਾ ਵੱਲੋਂ ਬਣਾ ਕੇ ਦਿੱਤੇ ਗਏ ਮਕਾਨਾਂ ’ਚ ਅਲੋਟੀਆਂ ਵੱਲੋਂ ਕੀਤੀਆਂ ਵਾਧੂ ਉਸਾਰੀਆਂ ਨੂੰ ਰੈਗੂਲਰ ਕਰਨ ਲਈ ਕੀ ਨੀਡ ਬੇਸਡ ਪਾਲਿਸੀ ਲਿਆਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ?
ਸਰਕਾਰ ਦਾ ਜਵਾਬ
ਕੈਬਨਿਟ ਮੰਤਰੀ ਨੇ ਦੱਸਿਆ ਕਿ ਗਮਾਡਾ ਦੇ ਘਰਾਂ ’ਚ ਕੀਤੀ ਵਾਧੂ ਉਸਾਰੀ ਨੂੰ ਰੈਗੂਲਰ ਕਰਨ ਜਾਂ ਨੀਡ ਬੇਸਡ ਬਦਲਾਅ (Need-Based Changes) ਨੂੰ ਮੰਨਣ ਲਈ ਪਾਲਿਸੀ ਤਿਆਰ ਕਰਨ ਦਾ ਮਾਮਲਾ ਗਮਾਡਾ ਦੇ ਵਿਚਾਰ ਅਧੀਨ ਹੈ।
ਇਸ ਸਬੰਧੀ ਗਮਾਡਾ ਦੇ ਮਿਲਖ ਦਫ਼ਤਰ, ਕਾਨੂੰਨੀ ਵਿੰਗ, ਪਲੈਨਿੰਗ ਵਿੰਗ ਅਤੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਕਮੇਟੀ ਵੱਲੋਂ ਆਪਣੀਆਂ ਸਿਫ਼ਾਰਸ਼ਾਂ ਸੌਂਪਣ ਤੋਂ ਬਾਅਦ ਸਰਕਾਰ ਦੇ ਸਮਰੱਥ ਪੱਧਰ ’ਤੇ ਅੰਤਿਮ ਫੈਸਲਾ ਲਿਆ ਜਾਵੇਗਾ ਅਤੇ ਪਾਲਿਸੀ ਲਾਗੂ ਕੀਤੀ ਜਾਵੇਗੀ।