ਕਰੋੜਾਂ ਦੀ ਫਰਮ 'ਤੇ ਕਬਜ਼ੇ ਦਾ ਮਾਮਲਾ : ਮੰਡੀ ਗੋਬਿੰਦਗੜ੍ਹ ਦਾ ਵੱਡਾ ਸਟੀਲ ਕਾਰੋਬਾਰੀ ਧੋਖਾਧੜੀ 'ਚ ਸ਼ਾਮਲ, ਫੋਨ ਤੇ ਵੈੱਬਸਾਈਟ ਬੰਦ ਕਰਕੇ ਫ਼ਰਾਰ
ਮੁਹਾਲੀ ਦੀ 51 ਏਕੜ ਜ਼ਮੀਨ ਦੀ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਇਕ ਵੱਡਾ ਖ਼ੁਲਾਸਾ ਹੋਇਆ ਹੈ। ਇਸ ਠੱਗੀ ਵਿਚ ਮੰਡੀ ਗੋਬਿੰਦਗੜ੍ਹ ਦੇ ਇਕ ਪ੍ਰਮੁੱਖ ਸਟੀਲ ਵਪਾਰੀ ਦੇ ਵੀ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। ਕੁਝ ਦਿਨ ਪਹਿਲਾਂ ਸੈਕਟਰ 65 ਵਿਚ ਸਥਿਤ ਵਪਾਰਕ ਜ਼ਮੀਨ, ਜਿਸਦੀ ਬਾਜ਼ਾਰੀ ਕੀਮਤ 1000 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ, ਨੂੰ ਦਸਤਾਵੇਜ਼ਾਂ ਵਿਚ ਗੜਬੜੀ ਕਰਕੇ ਹੜੱਪਣ ਦਾ ਮਾਮਲੇ ਸਾਹਮਣੇ ਆਇਆ।
Publish Date: Tue, 11 Aug 2026 11:06 AM (IST)
Updated Date: Tue, 11 Aug 2026 11:07 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੀ 51 ਏਕੜ ਜ਼ਮੀਨ ਦੀ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਇਕ ਵੱਡਾ ਖ਼ੁਲਾਸਾ ਹੋਇਆ ਹੈ। ਇਸ ਠੱਗੀ ਵਿਚ ਮੰਡੀ ਗੋਬਿੰਦਗੜ੍ਹ ਦੇ ਇਕ ਪ੍ਰਮੁੱਖ ਸਟੀਲ ਵਪਾਰੀ ਦੇ ਵੀ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। ਕੁਝ ਦਿਨ ਪਹਿਲਾਂ ਸੈਕਟਰ 65 ਵਿਚ ਸਥਿਤ ਵਪਾਰਕ ਜ਼ਮੀਨ, ਜਿਸਦੀ ਬਾਜ਼ਾਰੀ ਕੀਮਤ 1000 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ, ਨੂੰ ਦਸਤਾਵੇਜ਼ਾਂ ਵਿਚ ਗੜਬੜੀ ਕਰਕੇ ਹੜੱਪਣ ਦਾ ਮਾਮਲੇ ਸਾਹਮਣੇ ਆਇਆ।
ਮਾਮਲਾ ਨਸ਼ਰ ਹੁੰਦਿਆਂ ਹੀ ਨਾਮਜ਼ਦ ਮੁਲਜ਼ਮ ਆਦਰਸ਼ ਗਰਗ, ਪਰਵੀਨ ਗਰਗ ਅਤੇ ਵੇਦ ਪ੍ਰਕਾਸ਼ ਗਰਗ ਆਪਣੇ ਫੋਨ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਬੰਦ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ ਹਨ। ਗੜਬੜੀ ਵਿਚ ਸ਼ਾਮਲ ਆਦਰਸ਼ ਗਰਗ ਪੰਚਕੂਲਾ ਦਾ ਰਹਿਣ ਵਾਲਾ ਹੈ ਅਤੇ ਮੰਡੀ ਗੋਬਿੰਦਗੜ੍ਹ ਦਾ ਵੱਡਾ ਸਟੀਲ ਕਾਰੋਬਾਰੀ ਹੈ, ਜਿਸ ਦੀ ਭਾਲ ’ਚ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਸ਼ਿਕਾਇਤਕਰਤਾ ਵੱਲੋਂ ਕੋਰਟ ਦਾ ਰੁਖ਼ : - ਪੰਚਕੂਲਾ ਨਿਵਾਸੀ ਸ਼ਿਕਾਇਤਕਰਤਾ ਸ਼ਿਵ ਅਗਰਵਾਲ ਨੇ ਮੁਲਜ਼ਮਾਂ ਖ਼ਿਲਾਫ਼ 4.27 ਕਰੋੜ ਰੁਪਏ ਪ੍ਰਤੀ ਏਕੜ ਦੇ ਸੌਦੇ ਵਿਚ ਵੱਡੀ ਧੋਖਾਧੜੀ ਕਰਨ ਦੇ ਦੋਸ਼ ਹੇਠ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ਿਵ ਅਗਰਵਾਲ ਨੇ 51 ਏਕੜ ਜ਼ਮੀਨ ਦੀ ਅੱਗੇ ਵਿਕਰੀ 'ਤੇ ਤੁਰੰਤ ਰੋਕ ਲਗਾਉਣ ਲਈ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਇਲਾਵਾ, ਮੁਲਜ਼ਮਾਂ ਦੇ ਦੇਸ਼ ਛੱਡ ਕੇ ਭੱਜਣ ਦੇ ਖ਼ਦਸ਼ੇ ਨੂੰ ਦੇਖਦਿਆਂ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰਨ ਅਤੇ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਵੀ ਅਪੀਲ ਕੀਤੀ ਗਈ ਹੈ।
ਮਾਮਲੇ ਅਨੁਸਾਰ ਜ਼ਮੀਨ ਦਾ ਸ਼ੁਰੂਆਤੀ ਬਿਆਨਾ 'ਡੀਐੱਸ ਬਿਲਡਟੈੱਕ' ਫਰਮ ਦੇ ਨਾਮ 'ਤੇ ਹੋਇਆ ਸੀ ਪਰ ਮੁਲਜ਼ਮਾਂ ਨੇ ਚਲਾਕੀ ਨਾਲ ਧੋਖਾਧੜੀ ਕਰਦਿਆਂ ਇਕ ਨਵੀਂ ਫਰਮ ਬਣਾ ਲਈ ਅਤੇ ਇਸ ਨਵੀਂ ਕੰਪਨੀ ਦੇ ਨਾਮ 'ਤੇ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣੀ ਸ਼ੁਰੂ ਕਰ ਦਿੱਤੀ। ਸ਼ਿਵ ਅਗਰਵਾਲ ਨੇ ਦੋਸ਼ ਲਗਾਇਆ ਕਿ 14 ਮਾਰਚ 2022 ਨੂੰ ਹੋਏ ਸਮਝੌਤੇ ਦੀਆਂ ਸ਼ਰਤਾਂ ਨੂੰ ਪੂਰਾ ਕੀਤੇ ਬਿਨਾਂ ਹੀ 'ਡੀਐੱਸ ਬਿਲਡਟੈੱਕ' ਵਿਚ ਉਨ੍ਹਾਂ ਦੀ 45 ਫ਼ੀਸਦੀ ਹਿੱਸੇਦਾਰੀ ਆਪਣੇ ਨਾਮ ਟਰਾਂਸਫਰ ਕਰਵਾ ਲਈ ਗਈ।
ਸ਼ਿਕਾਇਤਕਰਤਾ ਅਨੁਸਾਰ ਸਮਝੌਤੇ ਤਹਿਤ ਉਨ੍ਹਾਂ ਦੀ ਹਿੱਸੇਦਾਰੀ ਦੇ ਬਦਲੇ 4.27 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੱਖ-ਵੱਖ ਹਿੱਸਿਆਂ ਵਿਚ ਭੁਗਤਾਨ ਕੀਤਾ ਜਾਣਾ ਸੀ। ਆਦਰਸ਼ ਗਰਗ ਨੇ ਨਾ ਤਾਂ ਸ਼ੁਰੂਆਤੀ ਤੈਅ ਰਕਮ ਦਿੱਤੀ ਅਤੇ ਨਾ ਹੀ ਬਾਅਦ ਦੀਆਂ ਸ਼ਰਤਾਂ ਪੂਰੀਆਂ ਕੀਤੀਆਂ। ਇਸ ਦੇ ਬਾਵਜੂਦ ਸਾਂਝੇਦਾਰੀ ਡੀਡ ਦੀ ਵਰਤੋਂ ਕਰਕੇ 45 ਫ਼ੀਸਦੀ ਹਿੱਸੇਦਾਰੀ ਆਪਣੇ ਨਾਮ ਕਰਵਾ ਲਈ।
ਸ਼ਿਕਾਇਤਕਰਤਾ ਨੇ ਖ਼ੁਲਾਸਾ ਕੀਤਾ ਕਿ ਸਮਝੌਤਾ, ਪਾਰਟਨਰਸ਼ਿਪ ਡੀਡ ਅਤੇ ਡਿਸੋਲਿਊਸ਼ਨ ਡੀਡ ਇਕੋ ਸਮੇਂ ਤਿਆਰ ਅਤੇ ਦਸਤਖ਼ਤ ਕੀਤੇ ਗਏ ਸਨ। ਸ਼ਰਤ ਇਹ ਸੀ ਕਿ ਪੂਰੀ ਅਤੇ ਅੰਤਿਮ ਰਕਮ ਮਿਲਣ ਤੋਂ ਬਾਅਦ ਹੀ ਇਹ ਦਸਤਾਵੇਜ਼ ਸਬੰਧਤ ਵਿਭਾਗਾਂ ਵਿਚ ਪੇਸ਼ ਕੀਤੇ ਜਾਣਗੇ ਪਰ ਦੂਜੀ ਧਿਰ ਨੇ ਧੋਖੇ ਨਾਲ ਇਹ ਕਾਗ਼ਜ਼ਾਤ ਹਾਸਲ ਕਰਕੇ ਰਜਿਸਟਰਾਰ ਆਫ਼ ਫਰਮਜ਼ ਅੱਗੇ ਪੇਸ਼ ਕਰ ਦਿੱਤੇ ਅਤੇ ਬਿਨਾਂ ਕੋਈ ਭੁਗਤਾਨ ਕੀਤੇ ਹਿੱਸੇਦਾਰੀ ਆਪਣੇ ਨਾਮ ਕਰਵਾ ਲਈ। ਸ਼ਿਵ ਅਗਰਵਾਲ ਅਨੁਸਾਰ, ਉਹ ਅਜੇ ਵੀ ਕਾਨੂੰਨੀ ਤੌਰ 'ਤੇ ਫਰਮ ਵਿਚ 10 ਫ਼ੀਸਦੀ ਦੇ ਹਿੱਸੇਦਾਰ ਹਨ।
ਪੁਲਿਸ ਦੀ ਕਾਰਵਾਈ ਤੇ ਜਾਂਚ ਮੁਹਾਲੀ ਸਥਿਤ ਸੋਹਾਣਾ ਥਾਣੇ ਦੇ ਐੱਸਐੱਚਓ ਸਿਮਰ ਸ਼ੇਰਗਿੱਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਦਾਲਤ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ਰਾਰ ਚੱਲ ਰਹੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਲਗਾਤਾਰ ਕਾਰਵਾਈ ਕਰ ਰਹੀਆਂ ਹਨ।