MSc ਦੀ ਵਿਦਿਆਰਥਣ ਨੂੰ ਸੁਰੱਖਿਅਤ ਭਵਿੱਖ ਦਾ ਸੁਪਨਾ ਦਿਖਾਇਆ, ਝਾਂਸੇ ’ਚ ਲੈ ਕੇ ਕੀਤਾ ਜਬਰ-ਜਨਾਹ; ਮੋਹਾਲੀ ਪੁਲਿਸ ਨੇ ਨੌਜਵਾਨ ਕੀਤਾ ਗ੍ਰਿਫ਼ਤਾਰ
ਵਿਦਿਆਰਥਣ ਨੇ ਖਰੜ ਸਦਰ ਥਾਣੇ ’ਚ ਸ਼ਿਕਾਇਤ ਦਿੱਤੀ ਹੈ ਕਿ ਅਕਤੂਬਰ 2025 ’ਚ ਉਸਦੀ ਪਛਾਣ ਉਸੇ ਪ੍ਰਾਈਵੇਟ ਯੂਨੀਵਰਸਿਟੀ ’ਚ ਪੜ੍ਹਦੇ ਮੋਹਿਤ ਕੁਮਾਰ ਯਾਦਵ ਨਾਲ ਹੋਈ ਸੀ। ਮੋਹਿਤ ਨੇ ਆਪਣੇ ਆਪ ਨੂੰ ਨੋਇਡਾ ਦੀ ਇੱਕ ਨਿੱਜੀ ਕੰਪਨੀ ਦਾ ਸੰਚਾਲਕ ਦੱਸਦਿਆਂ ਨੌਕਰੀ, ਇੰਟਰਨਸ਼ਿਪ ਅਤੇ ਭਵਿੱਖ ਸੁਰੱਖਿਅਤ ਕਰਨ ਦਾ ਭਰੋਸਾ ਦਿੱਤਾ।
Publish Date: Thu, 06 Aug 2026 12:37 PM (IST)
Updated Date: Thu, 06 Aug 2026 12:43 PM (IST)
ਸੰਦੀਪ ਖਤਰੀ, ਮੋਹਾਲੀ। ਮੋਹਾਲੀ ਸਥਿਤ ਇੱਕ ਪ੍ਰਾਈਵੇਟ ਯੂਨੀਵਰਸਿਟੀ ’ਚ ਐੱਮ.ਐੱਸ.ਸੀ. ਦੀ ਵਿਦਿਆਰਥਣ ਨੂੰ ਸੁਰੱਖਿਅਤ ਭਵਿੱਖ ਦਾ ਸੁਪਨਾ ਦਿਖਾ ਕੇ ਅਤੇ ਝਾਂਸੇ ਵਿੱਚ ਲੈ ਕੇ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਤੱਕ ਕਿ ਨੌਜਵਾਨ ਨੇ ਵਿਦਿਆਰਥਣ ਦੇ ਭਰਾ ਨੂੰ ਉਸ ਦੀਆਂ ਨਿੱਜੀ ਫੋਟੋਆਂ ਅਤੇ ਵੀਡੀਓ ਵੀ ਭੇਜ ਦਿੱਤੀਆਂ।
ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਦਿਆਰਥਣ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਅਤੇ ਨੌਜਵਾਨ ਮੋਹਿਤ ਕੁਮਾਰ ਯਾਦਵ ਭਿਵਾਨੀ ਦਾ ਰਹਿਣ ਵਾਲਾ ਹੈ।
ਵਿਦਿਆਰਥਣ ਨੇ ਖਰੜ ਸਦਰ ਥਾਣੇ ’ਚ ਸ਼ਿਕਾਇਤ ਦਿੱਤੀ ਹੈ ਕਿ ਅਕਤੂਬਰ 2025 ’ਚ ਉਸਦੀ ਪਛਾਣ ਉਸੇ ਪ੍ਰਾਈਵੇਟ ਯੂਨੀਵਰਸਿਟੀ ’ਚ ਪੜ੍ਹਦੇ ਮੋਹਿਤ ਕੁਮਾਰ ਯਾਦਵ ਨਾਲ ਹੋਈ ਸੀ। ਮੋਹਿਤ ਨੇ ਆਪਣੇ ਆਪ ਨੂੰ ਨੋਇਡਾ ਦੀ ਇੱਕ ਨਿੱਜੀ ਕੰਪਨੀ ਦਾ ਸੰਚਾਲਕ ਦੱਸਦਿਆਂ ਨੌਕਰੀ, ਇੰਟਰਨਸ਼ਿਪ ਅਤੇ ਭਵਿੱਖ ਸੁਰੱਖਿਅਤ ਕਰਨ ਦਾ ਭਰੋਸਾ ਦਿੱਤਾ।
ਹੌਲੀ-ਹੌਲੀ ਉਹ ਵਿਆਹ ਅਤੇ ਭਵਿੱਖ ਦੀਆਂ ਗੱਲਾਂ ਕਰਕੇ ਲਗਾਤਾਰ ਮਿਲਣ ਦਾ ਦਬਾਅ ਬਣਾਉਣ ਲੱਗਿਆ। ਵਿਦਿਆਰਥਣ ਕਈ ਵਾਰ ਮਿਲਣ ਤੋਂ ਇਨਕਾਰ ਕਰਦੀ ਰਹੀ ਪਰ ਦੋਸ਼ੀ ਉਸਨੂੰ ਮਾਨਸਿਕ ਤੌਰ ‘ਤੇ ਦਬਾਅ ਵਿੱਚ ਲੈ ਕੇ ਮਿਲਣ ਲਈ ਮਜਬੂਰ ਕਰਦਾ ਰਿਹਾ।
ਐੱਫ.ਆਈ.ਆਰ. ਅਨੁਸਾਰ ਫਰਵਰੀ 2026 ’ਚ ਦੋਸ਼ੀ ਉਸਨੂੰ ਇੱਕ ਹੋਟਲ ’ਚ ਲੈ ਗਿਆ, ਜਿੱਥੇ ਉਸਦੇ ਨਾਲ ਜਬਰ-ਜਨਾਹ ਕੀਤਾ। ਇਸ ਦੌਰਾਨ ਉਸਦੀ ਜਾਣਕਾਰੀ ਤੋਂ ਬਿਨਾਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਵੀ ਬਣਾ ਲਏ। ਕੁਝ ਮਹੀਨਿਆਂ ਬਾਅਦ ਦੋਸ਼ੀ ਨੇ ਉਨ੍ਹਾਂ ਹੀ ਫੋਟੋਆਂ-ਵੀਡੀਓਜ਼ ਦੇ ਆਧਾਰ ‘ਤੇ ਦੁਬਾਰਾ ਸਰੀਰਕ ਸਬੰਧ ਬਣਾਉਣ ਦਾ ਦਬਾਅ ਬਣਾਇਆ।
ਵੀਡੀਓ ਹਟਾਉਣ ਦੀ ਗੱਲ ‘ਤੇ ਕੀਤੀ ਮਾਰਕੁੱਟ
ਜਦੋਂ ਵਿਦਿਆਰਥਣ ਨੇ ਫੋਟੋ-ਵੀਡੀਓ ਹਟਾਉਣ ਦੀ ਗੱਲ ਕਹੀ ਤਾਂ ਦੋਸ਼ੀ ਨੇ ਉਸਦੇ ਨਾਲ ਮਾਰਕੁੱਟ ਕੀਤੀ, ਥੱਪੜ ਮਾਰੇ, ਗਲਾ ਘੁੱਟਿਆ ਅਤੇ ਫਿਰ ਜ਼ਬਰਦਸਤੀ ਜਬਰ-ਜਨਾਹ ਕੀਤਾ। ਮੋਹਿਤ ਲਗਾਤਾਰ ਨਿੱਜੀ ਫੋਟੋਆਂ ਅਤੇ ਵੀਡੀਓ ਭੇਜਣ ਦਾ ਦਬਾਅ ਬਣਾਉਂਦਾ ਰਿਹਾ।
ਇਨਕਾਰ ਕਰਨ ‘ਤੇ ਉਸਨੇ ਫੋਟੋ-ਵੀਡੀਓ ਪਰਿਵਾਰਕ ਮੈਂਬਰਾਂ ਅਤੇ ਦੋ ਦੋਸਤਾਂ ਨੂੰ ਭੇਜਣ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦਿੱਤੀ। ਇੱਕ ਅਗਸਤ ਦੀ ਰਾਤ ਮੋਹਿਤ ਨੇ ਫੋਨ ਕਰਕੇ ਮਿਲਣ ਲਈ ਕਿਹਾ ਅਤੇ ਮਨ੍ਹਾ ਕਰਨ ‘ਤੇ ਹੋਸਟਲ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮਹੱਤਿਆ ਕਰਨ ਦੀ ਧਮਕੀ ਦਿੱਤੀ।
ਵਿਦਿਆਰਥਣ ਦੇ ਪਰਿਵਾਰ ਵਾਲਿਆਂ ਨੂੰ ਕੀਤੀ ਕਾਲ
ਇਸ ਤੋਂ ਬਾਅਦ ਉਸਨੇ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੂੰ ਕਾਲ ਕਰਨੀ ਸ਼ੁਰੂ ਕਰ ਦਿੱਤੀ, ਜਦੋਂ ਕਿਸੇ ਨੇ ਕਾਲ ਨਹੀਂ ਚੁੱਕੀ ਤਾਂ ਵਿਦਿਆਰਥਣ ਦੀ ਨਿੱਜੀ ਵੀਡੀਓ ਉਸਦੇ ਭਰਾ ਨੂੰ ਭੇਜ ਦਿੱਤੀ ਅਤੇ ਉਸਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ।
ਵਿਦਿਆਰਥਣ ਨੇ ਪਹਿਲਾਂ ਸਾਈਬਰ ਕ੍ਰਾਈਮ ਹੈਲਪਲਾਈਨ ਅਤੇ ਫਿਰ 112 ‘ਤੇ ਸੰਪਰਕ ਕੀਤਾ ਸੀ ਪਰ ਮਾਮਲਾ ਜਨਤਕ ਹੋਣ ਦੇ ਡਰ ਤੋਂ ਉਸੇ ਦਿਨ ਅੱਗੇ ਕਾਰਵਾਈ ਨਹੀਂ ਕਰਵਾਈ। ਬਾਅਦ ਵਿੱਚ ਦੋਸ਼ੀ ਨੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਫੋਟੋ-ਵੀਡੀਓ ਇੰਟਰਨੈੱਟ ‘ਤੇ ਵਾਇਰਲ ਕਰਨ ਅਤੇ ਵਿਦਿਆਰਥਣ ‘ਤੇ ਐਸਿਡ ਅਟੈਕ ਕਰਵਾਉਣ ਦੀ ਧਮਕੀ ਦਿੱਤੀ।
ਇਸ ਤੋਂ ਬਾਅਦ ਪਰਿਵਾਰ ਵਿਦਿਆਰਥਣ ਨੂੰ ਲੈ ਕੇ ਸਦਰ ਖਰੜ ਥਾਣੇ ਪਹੁੰਚਿਆ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀ.ਐੱਸ.ਪੀ. ਈਸ਼ਾਨ ਸਿੰਗਲਾ ਨੇ ਏ.ਐੱਸ.ਆਈ. ਗੁਰਮੀਤ ਕੌਰ ਨੂੰ ਮਾਮਲੇ ਦੀ ਜਾਂਚ ਸੌਂਪੀ ਹੈ।