ਮੁਹਾਲੀ ਦੇ ਸਕੂਲਾਂ ਨੂੰ ਫਿਰ ਮਿਲੀ ਬੰਬ ਦੀ ਧਮਕੀ, ਪੈ ਗਈਆਂ ਭਾਜੜਾਂ; ਛੁੱਟੀ ਕਰਕੇ ਬੱਚਿਆਂ ਨੂੰ ਭੇਜਿਆ ਘਰ ਮੁਹਾਲੀ ਦੇ ਕੁਝ ਸਕੂਲਾਂ ਨੂੰ ਇਕ ਵਾਰ ਫਿਰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਭਾਜੜਾਂ ਪੈ ਗਈਆਂ। ਇਹ ਧਮਕੀ ਫੇਜ਼-6 ਸਥਿਤ ਸ਼ਿਵਾਲਿਕ ਪਬਲਿਕ ਸਕੂਲ ਅਤੇ ਚੱਪੜਚਿੜੀ ਸਥਿਤ ਡੀਪੀਐੱਸ ਸਕੂਲ ਨੂੰ ਮਿਲੀ ਹੈ। ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਬੱਚਿਆਂ ਨੂੰ ਸੁਰੱਖਿਅਤ ਛੁੱਟੀ ਕਰਕੇ ਘਰ ਭੇਜ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਪੂਰੇ ਸਕੂਲ ਕੰਪਲੈਕਸ ਵਿਚ ਸਖ਼ਤ ਚੈਕਿੰਗ ਅਤੇ ਤਲਾਸ਼ੀ ਅਭਿਆਨ ਚਲਾਇਆ। ਹਾਲਾਂਕਿ, ਜਾਂਚ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।
Publish Date: Sat, 08 Aug 2026 10:23 AM (IST)
Updated Date: Sat, 08 Aug 2026 10:25 AM (IST)
ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਕੁਝ ਸਕੂਲਾਂ ਨੂੰ ਇਕ ਵਾਰ ਫਿਰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਭਾਜੜਾਂ ਪੈ ਗਈਆਂ। ਇਹ ਧਮਕੀ ਫੇਜ਼-6 ਸਥਿਤ ਸ਼ਿਵਾਲਿਕ ਪਬਲਿਕ ਸਕੂਲ ਅਤੇ ਚੱਪੜਚਿੜੀ ਸਥਿਤ ਡੀਪੀਐੱਸ ਸਕੂਲ ਨੂੰ ਮਿਲੀ ਹੈ। ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਸੁਰੱਖਿਆ ਦੇ ਮੱਦੇਨਜ਼ਰ ਬੱਚਿਆਂ ਨੂੰ ਸੁਰੱਖਿਅਤ ਛੁੱਟੀ ਕਰਕੇ ਘਰ ਭੇਜ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਪੂਰੇ ਸਕੂਲ ਕੰਪਲੈਕਸ ਵਿਚ ਸਖ਼ਤ ਚੈਕਿੰਗ ਅਤੇ ਤਲਾਸ਼ੀ ਅਭਿਆਨ ਚਲਾਇਆ। ਹਾਲਾਂਕਿ, ਜਾਂਚ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।
ਸਾਈਬਰ ਟੀਮ ਅਲਰਟ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਸਾਈਬਰ ਸੈੱਲ ਦੀ ਟੀਮ ਇਹ ਪਤਾ ਲਗਾਉਣ 'ਚ ਲੱਗੀ ਹੋਈ ਹੈ ਕਿ ਇਹ ਧਮਕੀ ਭਰਿਆ ਈਮੇਲ ਕਿੱਥੋਂ ਅਤੇ ਕਿਸ ਵੱਲੋਂ ਭੇਜਿਆ ਗਿਆ ਸੀ। ਘਟਨਾ ਦੌਰਾਨ ਮੁਹਾਲੀ 'ਚ ਸਰਕਾਰੀ ਪ੍ਰੋਗਰਾਮ ਅਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ, ਜਿਸ ਕਾਰਨ ਪੁਲਿਸ ਨੇ ਬਿਨਾਂ ਕੋਈ ਰਿਸਕ ਲਏ ਤੁਰੰਤ ਸੁਰੱਖਿਆ ਸਖ਼ਤ ਕਰ ਦਿੱਤੀ।
ਮੁਹਾਲੀ ਦੇ ਸਕੂਲਾਂ 'ਚ ਪਹਿਲਾਂ ਵੀ ਮਿਲੀਆਂ ਹਨ ਧਮਕੀਆਂ ਇਸ ਤੋਂ ਪਹਿਲਾਂ 11 ਫਰਵਰੀ 2026 ਨੂੰ ਵਾਈਪੀਐੱਸ, ਲਰਨਿੰਗ ਪਾਥਸ, ਸ਼ਿਵਾਲਿਕ ਪਬਲਿਕ ਅਤੇ ਪੈਰਾਗਾਨ ਸਮੇਤ 18 ਸਕੂਲ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਖਾਲੀ ਕਰਵਾਏ ਗਏ ਸਨ। ਇਸ ਦੌਰਾਨ ਪੁਲਿਸ ਦੀ ਟੀਮ ਵੱਲੋਂ ਪੂਰੇ ਸਕੂਲਾਂ ਦੀ ਤਲਾਸ਼ੀ ਲਈ ਗਈ ਪਰ ਕੁੱਝ ਨਹੀਂ ਮਿਲਿਆ ਸੀ ਅਤੇ ਇਹ ਧਮਕੀ ਝੂਠੀ ਨਿਕਲੀ ਸੀ।
ਇਸ ਦੇ ਨਾਲ ਹੀ 17 ਫਰਵਰੀ 2026 ਨੂੰ ਸ਼ਿਵਾਲਿਕ ਪਬਲਿਕ, ਗਿਆਨ ਜੋਤੀ, ਮਿਲੇਨੀਅਮ ਸਕੂਲ ਅਤੇ ਫੋਰਟਿਸ ਹਸਪਤਾਲ ਨੂੰ ਧਮਕੀ ਦੀ ਈਮੇਲ ਮਿਲੀ ਸੀ। ਇਸ ਦੌਰਾਨ ਪੁਲਿਸ ਵੱਲੋਂ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਜਾਂਚ 'ਚ ਧਮਕੀ ਫ਼ਰਜ਼ੀ ਸਾਬਤ ਹੋਈ। ਇਸੇ ਤਰ੍ਹਾਂ 21 ਮਈ 2026 ਨੂੰ ਸਟ੍ਰਾਬੇਰੀ ਫੀਲਡਸ ਹਾਈ ਸਕੂਲ (ਨਿਊ ਚੰਡੀਗੜ੍ਹ) ਨੂੰ ਬੰਬ ਦੀ ਧਮਕੀ ਮਿਲੀ ਸੀ। ਸਕੂਲ ਚੈਕਿੰਗ 'ਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਇਹ ਧਮਕੀ ਝੂਠੀ ਸੀ।
ਪਿਛਲੇ ਮਹੀਨੇ 13 ਜੁਲਾਈ 2026 ਨੂੰ ਵਾਈਪੀਐੱਸ, ਡੀਏਵੀ, ਡੀਪੀਐੱਸ ਮੁਹਾਲੀ ਅਤੇ ਮੇਅਰ ਦਫ਼ਤਰ ਨੂੰ ਬੰਬ ਦੀ ਧਮਕੀ ਮਿਲੀ ਅਤੇ ਡੌਗ ਸਕੂਆਇਡ ਵੱਲੋਂ ਤਲਾਸ਼ੀ ਲਈ ਗਈ ਪਰ ਕੁਝ ਨਹੀਂ ਮਿਲਿੀਆ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਫਿਲਹਾਲ ਸਥਿਤੀ ਪੂਰੀ ਤਰ੍ਹਾਂ ਕੰਟਰੋਲ 'ਚ ਹੈ ਅਤੇ ਕਿਸੇ ਕਿਸਮ ਦਾ ਖ਼ਤਰਾ ਨਹੀਂ ਹੈ। ਅਧਿਕਾਰੀਆਂ ਅਨੁਸਾਰ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।