- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਤਵਾਰ ਦੁਪਹਿਰ ਬਾਅਦ ਖਰੜ ਸ਼ਹਿਰ ਵਿਚ ਪਏ ਅੱਧੇ ਘੰਟੇ ਦੇ ਮੀਂਹ ਤੋਂ ਬਾਅਦ ਅੱਜ ਮਹਾਰਾਜਾ ਸਰੋਵਰ ਨੇੜੇ ਓਵਰਫਲੋ ਹੋਏ ਸੀਵਰੇਜ ਦਾ ਪਾਣੀ ਇਕ ਪਰਵਾਸੀ ਮਜ਼ਦੂਰ ਦੇ ਘਰ ਦੇ ਕਮਰੇ ਵਿਚ ਭਰਨ ਕਾਰਨ ਢਾਈ ਸਾਲਾਂ ਬੱਚੇ ਦੇ ਬੈੱਡ ਤੋਂ ਪਾਣੀ ਵਿਚ ਡਿੱਗਣ ਕਾਰਨ ਉਸਦੀ ਮੌਤ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ।

ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਐਤਵਾਰ ਦੁਪਹਿਰ ਬਾਅਦ ਖਰੜ ਸ਼ਹਿਰ ਵਿਚ ਪਏ ਅੱਧੇ ਘੰਟੇ ਦੇ ਮੀਂਹ ਤੋਂ ਬਾਅਦ ਅੱਜ ਮਹਾਰਾਜਾ ਸਰੋਵਰ ਨੇੜੇ ਓਵਰਫਲੋ ਹੋਏ ਸੀਵਰੇਜ ਦਾ ਪਾਣੀ ਇਕ ਪਰਵਾਸੀ ਮਜ਼ਦੂਰ ਦੇ ਘਰ ਦੇ ਕਮਰੇ ਵਿਚ ਭਰਨ ਕਾਰਨ ਢਾਈ ਸਾਲਾਂ ਬੱਚੇ ਦੇ ਬੈੱਡ ਤੋਂ ਪਾਣੀ ਵਿਚ ਡਿੱਗਣ ਕਾਰਨ ਉਸਦੀ ਮੌਤ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ।
ਮ੍ਰਿਤਕ ਬੱਚੇ ਦੀ ਪਛਾਣ ਦੇਵਾ (ਢਾਈ ਸਾਲ) ਪੁੱਤਰ ਬਸੰਤ ਵਾਸੀ ਨੇੜੇ ਗੁੱਗਾ ਮਾੜੀ ਖਰੜ ਵਜੋਂ ਹੋਈ ਹੈ। ਇਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਤਾਈ ਰੀਟਾ ਨੇ ਦੱਸਿਆ ਕਿ ਉਸ ਪਰਵਾਸੀ ਮਜ਼ਦੂਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਸਮੇਂ ਜਦੋਂ ਤੇਜ਼ ਮੀਂਹ ਆਇਆ ਤਾਂ ਉਨ੍ਹਾਂ ਦੇ ਕਿਰਾਏ ਦੇ ਕਮਰੇ ਵਿਚ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋਣ ਕਾਰਨ ਪਾਣੀ ਭਰਨ ਲੱਗ ਪਿਆ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਬੱਚੇ ਦੇਵਾ ਦੀ ਮਾਂ ਘਰੇ ਸੀ ਅਤੇ ਉਹ ਆਪਣਾ ਸਾਮਾਨ ਗਿੱਲਾ ਹੋਣ ਤੋਂ ਬਚਾਉਣ ਲਈ ਉਪਰ ਦੇ ਕਮਰੇ ਵਿਚ ਰੱਖਣ ਚੱਲੀ ਗਈ। ਇਸੇ ਦੌਰਾਨ ਬੈੱਡ ’ਤੇ ਗੁੜੀ ਨੀਂਦ ਵਿਚ ਸੁੱਤਾ ਪਿਆ ਬੱਚਾ ਦੇਵਾ ਬੈੱਡ ਤੋਂ ਅਚਾਨਕ ਹੇਠਾਂ ਡਿੱਗ ਪਿਆ ਅਤੇ ਕਮਰੇ ਵਿਚ ਪਾਣੀ ਭਰਿਆ ਹੋਣ ਕਾਰਨ ਉਹ ਪਾਣੀ ਵਿਚ ਡੁੱਬ ਗਿਆ। ਜਦੋਂ ਉਹ ਤੇ ਉਸਦੀ ਦਰਾਣੀ ਨੇ ਵੇਖਿਆ ਤਾਂ ਉਨ੍ਹਾਂ ਨੇ ਤੁਰੰਤ ਬੱਚੇ ਨੂੰ ਪਾਣੀ ’ਚੋਂ ਬਾਹਰ ਕੱਢਿਆ ਅਤੇ ਰੌਲ਼ਾ ਪੈਣ ’ਤੇ ਕਾਫ਼ੀ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਖਰੜ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਇਸ ਮਾਮਲੇ ਵਿਚ ਖਰੜ ਪੁਲਿਸ ਵੱਲੋਂ ਮ੍ਰਿਤਕ ਬੱਚੇ ਦੀ ਲਾਸ਼ ਕਬਜ਼ੇ ਵਿਚ ਲੈ ਹਸਪਤਾਲ ਦੇ ਮੁਰਦਾਘਰ ਵਿਚ ਅਗਲੇਰੀ ਕਾਰਵਾਈ ਤੱਕ ਰੱਖਵਾ ਦਿੱਤੀ ਹੈ।
ਇਸ ਵਾਪਰੀ ਘਟਨਾ ਬਾਰੇ ਨਗਰ ਕੌਂਸਲ ਖਰੜ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪੱਥਰੀਆ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਾਦਸਾ ਵਾਪਰਨ ਬਾਰੇ ਜਦੋਂ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ ਸਨ। ਉਨ੍ਹਾਂ ਦੱਸਿਆ ਕਿ ਜਿਸ ਮਕਾਨ ਵਿਚ ਹਾਦਸਾ ਵਾਪਰਿਆ ਹੈ, ਉਹ ਕਈ ਦਹਾਕੇ ਪੁਰਾਣਾ ਹੈ ਅਤੇ ਸੜਕ ਤੇ ਹਾਈਵੇ ਤੋਂ ਕਾਫ਼ੀ ਨੀਵਾਂ ਹੈ। ਜਦੋਂ ਮੀਹ ਪਿਆ ਤਾਂ ਹਾਈਵੇ ਵਾਲੇ ਨਾਲ਼ੇ ਤੋਂ ਪਾਣੀ ਉਕਤ ਘਰ ਵਾਲੇ ਪਾਸੇ ਚੱਲਿਆ ਗਿਆ ਤੇ ਘਰ ਵਿਚ ਦਾਖ਼ਲ ਹੋ ਗਿਆ, ਜਿਸ ਤੋਂ ਬਾਅਦ ਇਹ ਦੁਖਦਾਈ ਘਟਨਾ ਵਾਪਰ ਗਈ।
ਇਸ ਘਟਨਾ ਬਾਰੇ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਅਸੀਂ ਜਿਨ੍ਹਾਂ ਮੁੱਦਿਆਂ ’ਤੇ ਬੋਲ ਰਹੇ ਹਾਂ, ਉਹ ਇਹੀ ਮੁੱਦੇ ਨੇ ਜਿਨ੍ਹਾਂ ਦਾ ਅੰਜਾਮ ਅੱਜ ਸਾਰਿਆਂ ਸਾਹਮਣੇ ਆਇਆ ਹੈ। ਉਨ੍ਹਾਂ ਕਥਿਤ ਤੌਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਘਟਨਾ ਨਗਰ ਕੌਂਸਲ ਦੇ ਅਧਿਕਾਰੀਆਂ, ਕੌਂਸਲਰਾਂ, ਹਲਕਾ ਵਿਧਾਇਕਾ, ਮੌਜੂਦਾ ਐੱਮਪੀ ਵੱਲੋਂ ਆਪਣੇ ਹਿੱਤਾਂ ਲਈ ਕੀਤੇ ਭ੍ਰਿਸ਼ਟਾਚਾਰ ਕਾਰਨ ਵਾਪਰੀ ਹੈ। ਨਗਰ ਕੌਂਸਲ ਨੇ ਕਰੋੜਾਂ ਰੁਪਏ ਟੈਕਸ ਦੇ ਲੈ ਕੇ ਵੀ ਕੋਈ ਵਿਕਾਸ ਨਹੀਂ ਕੀਤਾ।