- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਲਾਲੜੂ ਨੇੜੇ ਸਰਸੀਣੀ ਵਿਖੇ ਅੱਜ ਇੱਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਹਾਰਲਿਕਸ ਨਾਲ ਭਰਿਆ ਟਰੱਕ ਸੜਕ ਵਿਚਕਾਰ ਪਲਟ ਗਿਆ, ਜਿਸ ਕਾਰਨ ਚੰਡੀਗੜ੍ਹ ਤੋਂ ਅੰਬਾਲਾ ਜਾਣ ਵਾਲੀ ਲੇਨ ’ਚ ਆਵਾਜਾਈ ਪ੍ਰਭਾਵਿਤ ਹੋ ਗਈ ਅਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।

ਸੁਰਜੀਤ ਸਿੰਘ ਕੁਹਾੜ, ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਲਾਲੜੂ ਨੇੜੇ ਸਰਸੀਣੀ ਵਿਖੇ ਅੱਜ ਇੱਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਹਾਰਲਿਕਸ ਨਾਲ ਭਰਿਆ ਟਰੱਕ ਸੜਕ ਵਿਚਕਾਰ ਪਲਟ ਗਿਆ, ਜਿਸ ਕਾਰਨ ਚੰਡੀਗੜ੍ਹ ਤੋਂ ਅੰਬਾਲਾ ਜਾਣ ਵਾਲੀ ਲੇਨ ’ਚ ਆਵਾਜਾਈ ਪ੍ਰਭਾਵਿਤ ਹੋ ਗਈ ਅਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।
ਟਰੱਕ ਚਾਲਕ ਬਰਸੀਰ ਮੁਹੰਮਦ ਨੇ ਦੱਸਿਆ ਕਿ ਉਹ ਬੱਦੀ ਤੋਂ ਟਰੱਕ ਵਿੱਚ ਕਰੀਬ 7 ਟਨ ਹਾਰਲਿਕਸ ਲੱਦ ਕੇ ਅੰਬਾਲਾ ਵੱਲ ਜਾ ਰਿਹਾ ਸੀ,ਜਦੋਂ ਉਹ ਸਰਸੀਣੀ ਨੇੜੇ ਪਹੁੰਚਿਆ ਤਾਂ ਅੱਗੇ ਜਾ ਰਹੀ ਇੱਕ ਕਾਰ ਦੇ ਚਾਲਕ ਨੇ ਅਚਾਨਕ ਬਰੇਕ ਲਗਾ ਦਿੱਤੀ। ਕਾਰ ਨੂੰ ਬਚਾਉਣ ਲਈ ਉਸ ਨੇ ਵੀ ਟਰੱਕ ਦੀ ਬਰੇਕ ਲਗਾਈ, ਪਰ ਸੜਕ ਗਿੱਲੀ ਹੋਣ ਕਾਰਨ ਟਰੱਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਹੀ ਪਲਟ ਗਿਆ।
ਚਾਲਕ ਅਨੁਸਾਰ ਮੀਂਹ ਪੈਣ ਕਾਰਨ ਸੜਕ ਗਿੱਲੀ ਸੀ ਅਤੇ ਸੜਕ ’ਤੇ ਡੀਜ਼ਲ ਵੀ ਡੁੱਲ੍ਹਿਆ ਹੋਇਆ ਸੀ। ਅਚਾਨਕ ਬਰੇਕ ਲੱਗਣ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ। ਟਰੱਕ ਦੇ ਪਲਟਣ ਨਾਲ ਹਾਈਵੇ ਦੀ ਇੱਕ ਲੇਨ ’ਤੇ ਆਵਾਜਾਈ ਰੁਕ ਗਈ ਅਤੇ ਵਾਹਨਾਂ ਨੂੰ ਦੂਜੀ ਲੇਨ ਰਾਹੀਂ ਕੱਢਣ ਕਾਰਨ ਜਾਮ ਵਰਗੀ ਸਥਿਤੀ ਪੈਦਾ ਹੋ ਗਈ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਲੈਹਲੀ ਟਰੈਫਿਕ ਪੁਲਿਸ ਅਤੇ ਦੱਪਰ ਟੋਲ ਪਲਾਜ਼ਾ ਦੀ ਟੀਮ ਮੌਕੇ ’ਤੇ ਪੁੱਜੀ। ਟਰੱਕ ਨੂੰ ਸੜਕ ਤੋਂ ਹਟਾਉਣ ਲਈ ਦੋ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਲਈ ਗਈ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਪਲਟੇ ਹੋਏ ਟਰੱਕ ਨੂੰ ਸੜਕ ਤੋਂ ਹਟਾਇਆ ਗਿਆ, ਜਿਸ ਉਪਰੰਤ ਹਾਈਵੇ ’ਤੇ ਆਵਾਜਾਈ ਮੁੜ ਸੁਚਾਰੂ ਹੋ ਗਈ।