- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਵਾਸੀਆਂ ਨੇ ਉਸ ਵੇਲੇ ਇਹ ਮੰਨਿਆ ਕਿ ਜਿਸ ਦਿਨ ਪਸ਼ੂ ਹੀ ਪਿੰਡ ਵਿੱਚੋਂ ਗੁੰਮ ਹੋ ਗਏ, ਉਸ ਦਿਨ ਤਿਉਹਾਰ ਮਨਾਉਣਾ ਸ਼ੁਭ ਨਹੀਂ ਰਹੇਗਾ। ਇਸ ਲਈ ਸਾਰਿਆਂ ਨੇ ਫੈਸਲਾ ਕੀਤਾ ਕਿ ਦੀਵਾਲੀ ਅਗਲੇ ਦਿਨ ਮਨਾਈ ਜਾਵੇਗੀ। ਦੱਸਿਆ ਜਾਂਦਾ ਹੈ ਕਿ ਉਸੇ ਸਮੇਂ ਤੋਂ ਇਹ ਰਵਾਇਤ ਪਿੰਡ ਦੀ ਸਾਂਝੀ ਪਰੰਪਰਾ ਬਣ ਗਈ।

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਦੇਸ਼-ਵਿਦੇਸ਼ ਵਿੱਚ ਜਦੋਂ ਦੀਵਾਲੀ ਦਾ ਤਿਉਹਾਰ ਰਵਾਇਤੀ ਤੌਰ ’ਤੇ ਅਮਾਵਸ ਦੀ ਰਾਤ ਮਨਾਇਆ ਜਾਂਦਾ ਹੈ, ਉੱਥੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਜ਼ਿਲ੍ਹੇ ਦੇ ਪਿੰਡ ਚਿੱਲਾ ਵਿੱਚ ਦੀਵਾਲੀ ਦੀਆਂ ਰੌਣਕਾਂ ਇਸ ਤੋਂ ਅਗਲੇ ਦਿਨ ਲੱਗਦੀਆਂ ਹਨ। ਇਹ ਕੋਈ ਨਵਾਂ ਫੈਸਲਾ ਜਾਂ ਬਦਲਿਆ ਹੋਇਆ ਕੈਲੰਡਰ ਨਹੀਂ, ਸਗੋਂ ਪਿੰਡ ਵਾਸੀਆਂ ਵੱਲੋਂ ਪੀੜ੍ਹੀ ਦਰ ਪੀੜ੍ਹੀ ਨਿਭਾਈ ਜਾ ਰਹੀ ਵਿਲੱਖਣ ਲੋਕ-ਪਰੰਪਰਾ ਹੈ।
ਪਸ਼ੂਆਂ ਦੇ ਵੱਗ ਦੇ ਗੁੰਮ ਹੋਣ ਨਾਲ ਜੁੜੀ ਹੈ ਕਹਾਣੀ
ਪਿੰਡ ਦੇ ਬਜ਼ੁਰਗਾਂ ਮੇਵਾ ਸਿੰਘ ਗਿੱਲ, ਅਜਾਇਬ ਸਿੰਘ ਆਦਿ ਵੱਲੋਂ ਦੱਸੀ ਗਈ ਕਹਾਣੀ ਮੁਤਾਬਕ ਇਹ ਰਵਾਇਤ ਕਈ ਦਹਾਕਿਆਂ ਨਹੀਂ , ਬਲਕਿ ਸਥਾਨਕ ਦਾਅਵੇ ਅਨੁਸਾਰ ਸਦੀਆਂ ਪੁਰਾਣੀ ਹੈ। ਪੁਰਾਣੇ ਸਮੇਂ ਵਿੱਚ ਪਿੰਡ ਦੇ ਲੋਕ ਆਪਣੇ ਪਸ਼ੂਆਂ ਖ਼ਾਸ ਕਰਕੇ ਮੱਝਾਂ ਆਦਿ ਨੂੰ ਇੱਕ ਸਾਂਝੀ ਥਾਂ ’ਤੇ ਇਕੱਠਾ ਰੱਖਦੇ ਸਨ। ਦੀਵਾਲੀ ਵਾਲੇ ਦਿਨ ਇੱਕ ਵਾਰ ਜਦੋਂ ਪਿੰਡ ਵਾਸੀ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ ਤਾਂ ਪਤਾ ਲੱਗਾ ਕਿ ਪਸ਼ੂਆਂ ਦਾ ਸਾਰਾ ਵੱਗ ਆਪਣੇ ਵਾੜੇ ਵਿੱਚੋਂ ਨਿਕਲ ਕੇ ਕਿਤੇ ਚਲਾ ਗਿਆ ਹੈ।
ਪਸ਼ੂਆਂ ਦੇ ਗੁੰਮ ਹੋਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਦੇ ਮਰਦ ਮੈਂਬਰ ਉਨ੍ਹਾਂ ਦੀ ਭਾਲ ਵਿੱਚ ਨਿਕਲ ਪਏ। ਪੁਰਾਣੇ ਸਮੇਂ ਵਿੱਚ ਰੌਸ਼ਨੀ ਦੇ ਸੀਮਤ ਸਾਧਨਾਂ ਕਾਰਨ ਲੋਕ ਮਸ਼ਾਲਾਂ, ਲਾਲਟੈਨਾਂ ਅਤੇ ਦੀਵੇ ਲੈ ਕੇ ਪਸ਼ੂਆਂ ਨੂੰ ਲੱਭਦੇ ਰਹੇ। ਪਸ਼ੂਆਂ ਦੀ ਭਾਲ ਕਰਦਿਆਂ ਕਾਫ਼ੀ ਰਾਤ ਹੋ ਗਈ ਅਤੇ ਜਦੋਂ ਉਹ ਵਾਪਸ ਪਰਤੇ ਤਾਂ ਅੱਧੀ ਰਾਤ ਲੰਘ ਚੁੱਕੀ ਸੀ।
ਪਿੰਡ ਵਾਸੀਆਂ ਨੇ ਉਸ ਵੇਲੇ ਇਹ ਮੰਨਿਆ ਕਿ ਜਿਸ ਦਿਨ ਪਸ਼ੂ ਹੀ ਪਿੰਡ ਵਿੱਚੋਂ ਗੁੰਮ ਹੋ ਗਏ, ਉਸ ਦਿਨ ਤਿਉਹਾਰ ਮਨਾਉਣਾ ਸ਼ੁਭ ਨਹੀਂ ਰਹੇਗਾ। ਇਸ ਲਈ ਸਾਰਿਆਂ ਨੇ ਫੈਸਲਾ ਕੀਤਾ ਕਿ ਦੀਵਾਲੀ ਅਗਲੇ ਦਿਨ ਮਨਾਈ ਜਾਵੇਗੀ। ਦੱਸਿਆ ਜਾਂਦਾ ਹੈ ਕਿ ਉਸੇ ਸਮੇਂ ਤੋਂ ਇਹ ਰਵਾਇਤ ਪਿੰਡ ਦੀ ਸਾਂਝੀ ਪਰੰਪਰਾ ਬਣ ਗਈ।
"ਦੀਵਾਲੀ ਵਾਲੇ ਦਿਨ ਪਿੰਡ ਵਾਸੀ ਜਾਂਦੇ ਹਨ ਰਿਸ਼ਤੇਦਾਰਾਂ ਕੋਲ"
ਇਸ ਪਰੰਪਰਾ ਦਾ ਇੱਕ ਹੋਰ ਦਿਲਚਸਪ ਪੱਖ ਇਹ ਹੈ ਕਿ ਦੀਵਾਲੀ ਵਾਲੇ ਦਿਨ ਪਿੰਡ ਦੇ ਬਹੁਤ ਸਾਰੇ ਲੋਕ ਆਪਣੇ ਰਿਸ਼ਤੇਦਾਰਾਂ ਜਾਂ ਸਹੁਰਿਆਂ ਦੇ ਘਰ ਚਲੇ ਜਾਂਦੇ ਹਨ ਅਤੇ ਉੱਥੇ ਦੀਵਾਲੀ ਮਨਾਉਂਦੇ ਹਨ। ਅਗਲੇ ਦਿਨ ਜਦੋਂ ਚਿੱਲਾ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਤਾਂ ਰਿਸ਼ਤੇਦਾਰ ਵੀ ਪਿੰਡ ਵਿੱਚ ਪਹੁੰਚਦੇ ਹਨ। ਇਸ ਤਰ੍ਹਾਂ ਪਿੰਡ ਵਿੱਚ ਦੀਵਾਲੀ ਵਾਲੇ ਦਿਨ ਨਾਲੋਂ ਅਗਲੇ ਦਿਨ ਵਧੇਰੇ ਰੌਣਕ ਦੇਖਣ ਨੂੰ ਮਿਲਦੀ ਹੈ।
ਪਿੰਡ ਵਾਸੀਆਂ ਅਨੁਸਾਰ ਅਗਲੇ ਦਿਨ ਘਰਾਂ ਵਿੱਚ ਮਿਠਾਈਆਂ ਵੰਡੀਆਂ ਜਾਂਦੀਆਂ ਹਨ, ਦੀਵੇ ਅਤੇ ਹੋਰ ਸਜਾਵਟੀ ਲਾਈਟਾਂ ਜਗਾਈਆਂ ਜਾਂਦੀਆਂ ਹਨ ਅਤੇ ਪਰਿਵਾਰਕ ਮੈਂਬਰ ਇਕੱਠੇ ਹੋ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ। ਮਹਿਮਾਨਾਂ ਦੀ ਆਮਦ ਕਾਰਨ ਪਿੰਡ ਦਾ ਮਾਹੌਲ ਕਿਸੇ ਮੇਲੇ ਵਰਗਾ ਬਣ ਜਾਂਦਾ ਹੈ।
ਪੁਰਾਣੀ ਪਰੰਪਰਾ ਵਿੱਚ ਸਮੇਂ ਨਾਲ ਆਇਆ ਬਦਲਾਅ
ਸਥਾਨਕ ਲੋਕਾਂ ਮੁਤਾਬਕ ਪੁਰਾਣੇ ਸਮੇਂ ਵਿੱਚ ਪਿੰਡ ਵਿੱਚ ਦੀਵਾਲੀ ਨਾਲ ਜੁੜੀਆਂ ਕੁਝ ਹੋਰ ਸਥਾਨਕ ਰਸਮਾਂ ਵੀ ਹੁੰਦੀਆਂ ਸਨ, ਜਿਨ੍ਹਾਂ ਵਿੱਚੋਂ ਕੁਝ ਹੁਣ ਬੰਦ ਹੋ ਚੁੱਕੀਆਂ ਹਨ ਜਿਸ ਵਿੱਚ ਦੀਵਾਲੀ ਵਾਲੇ ਦਿਨ ਭੇਡੂ ਝਟਕਾਉਣ ਦੀ ਰੀਤ ਮੁੱਖ ਤੌਰ 'ਤੇ ਕਰੀਬ ਦੋ ਦਹਾਕੇ ਪਹਿਲਾਂ ਬੰਦ ਹੋ ਗਈ ਹੈ। ਇਸ ਦੇ ਬਾਵਜੂਦ ਦੀਵਾਲੀ ਅਗਲੇ ਦਿਨ ਮਨਾਉਣ ਦੀ ਮੁੱਖ ਪਰੰਪਰਾ ਅਜੇ ਵੀ ਕਾਇਮ ਹੈ।
ਪਿੰਡ ਦੀ ਪਛਾਣ ਬਣ ਚੁੱਕੀ ਹੈ ਇਹ ਰਵਾਇਤ
ਚਿੱਲਾ ਪਿੰਡ ਦੀ ਇਹ ਪਰੰਪਰਾ ਹੁਣ ਸਿਰਫ਼ ਇੱਕ ਧਾਰਮਿਕ ਰਸਮ ਨਹੀਂ ਰਹੀ, ਸਗੋਂ ਪਿੰਡ ਦੀ ਸੱਭਿਆਚਾਰਕ ਪਛਾਣ ਦਾ ਹਿੱਸਾ ਬਣ ਚੁੱਕੀ ਹੈ। ਸਮੇਂ ਦੇ ਨਾਲ ਪਿੰਡ ਦੇ ਆਲੇ-ਦੁਆਲੇ ਸ਼ਹਿਰੀਕਰਨ ਤੇਜ਼ੀ ਨਾਲ ਵਧਿਆ, ਪਰ ਦੀਵਾਲੀ ਅਗਲੇ ਦਿਨ ਮਨਾਉਣ ਦੀ ਰਵਾਇਤ ਨੇ ਆਪਣੀ ਥਾਂ ਬਣਾਈ ਰੱਖੀ ਹੈ। ਪੁਰਾਣੀ ਪੀੜ੍ਹੀ ਇਸ ਨੂੰ ਆਪਣੀ ਵਿਰਾਸਤ ਮੰਨਦੀ ਹੈ ਅਤੇ ਨਵੀਂ ਪੀੜ੍ਹੀ ਵੀ ਇਸ ਨੂੰ ਅੱਗੇ ਤੋਰ ਰਹੀ ਹੈ।
ਇੱਕ ਦਿਨ ਬਾਅਦ, ਪਰ ਉਤਸ਼ਾਹ ਉਹੀ
ਦੀਵਾਲੀ ਦਾ ਮੁੱਖ ਤਿਉਹਾਰ ਭਾਵੇਂ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਅਮਾਵਸ ਦੀ ਰਾਤ ਮਨਾਇਆ ਜਾਂਦਾ ਹੈ, ਪਰ ਚਿੱਲਾ ਦੇ ਵਸਨੀਕਾਂ ਲਈ ਅਗਲਾ ਦਿਨ ਹੀ ਦੀਵਾਲੀ ਦੀ ਅਸਲ ਰੌਣਕ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਇੱਕ ਪੁਰਾਣੀ ਘਟਨਾ ਨਾਲ ਜੁੜੀ ਮੰਨੀ ਜਾਂਦੀ ਲੋਕ-ਕਥਾ ਨੇ ਪੀੜ੍ਹੀਆਂ ਦਾ ਸਫ਼ਰ ਤੈਅ ਕਰਦਿਆਂ ਅੱਜ ਪਿੰਡ ਦੀ ਵਿਲੱਖਣ ਸੱਭਿਆਚਾਰਕ ਪਛਾਣ ਦਾ ਰੂਪ ਧਾਰ ਲਿਆ ਹੈ।