- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨਿਊ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਨਿਊ ਚੰਡੀਗੜ੍ਹ ਵਿਖੇ ਖੇਡੇ ਗਏ ਪੰਜਾਬ ਸਟੇਟ ਅੰਤਰ-ਜ਼ਿਲ੍ਹਾ ਮਹਿਲਾ ਅੰਡਰ-19 ਵਨ ਡੇ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਨੇ ਮੋਗਾ ਨੂੰ ਹਰਾਕੇ ਖਿਤਾਬ ਆਪਣੇ ਨਾਮ ਕੀਤਾ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਨਿਊ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਨਿਊ ਚੰਡੀਗੜ੍ਹ ਵਿਖੇ ਖੇਡੇ ਗਏ ਪੰਜਾਬ ਸਟੇਟ ਅੰਤਰ-ਜ਼ਿਲ੍ਹਾ ਮਹਿਲਾ ਅੰਡਰ-19 ਵਨ ਡੇ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਪਟਿਆਲਾ ਨੇ ਮੋਗਾ ਨੂੰ ਹਰਾਕੇ ਖਿਤਾਬ ਆਪਣੇ ਨਾਮ ਕੀਤਾ।
ਟਾਸ ਜਿੱਤ ਕੇ ਮੋਗਾ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਟਿਆਲਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 238 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਹਰਸਿਮਰਤ ਕੌਰ ਨੇ 90 ਗੇਂਦਾਂ 'ਤੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਜੋਤੀ ਨੇ 89 ਗੇਂਦਾਂ 'ਤੇ 42 ਦੌੜਾਂ ਬਣਾਈਆਂ। ਮੱਧਕ੍ਰਮ ਵਿੱਚ ਮੇਹਤਾਬ ਕੌਰ ਨੇ 52 ਗੇਂਦਾਂ 'ਤੇ 34 ਦੌੜਾਂ ਦਾ ਯੋਗਦਾਨ ਦਿੱਤਾ, ਜਦਕਿ ਦਿਸ਼ਾ ਸੈਣੀ ਨੇ 19 ਗੇਂਦਾਂ 'ਤੇ 28 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡਦਿਆਂ ਤਿੰਨ ਛੱਕੇ ਜੜੇ। ਮੋਗਾ ਵੱਲੋਂ ਅੰਕੁਸ਼ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਹਾਸਲ ਕੀਤੀਆਂ।239 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੋਗਾ ਨੇ 68 ਦੌੜਾਂ ਦੀ ਵਧੀਆ ਸ਼ੁਰੂਆਤ ਕੀਤੀ, ਪਰ ਇਸ ਤੋਂ ਬਾਅਦ ਪਟਿਆਲਾ ਦੇ ਗੇਂਦਬਾਜ਼ਾਂ ਨੇ ਲਗਾਤਾਰ ਵਿਕਟਾਂ ਹਾਸਲ ਕਰਕੇ ਮੈਚ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ।
ਅੰਕੁਸ਼ ਨੇ ਨਾਬਾਦ 58 ਦੌੜਾਂ ਬਣਾਕੇ ਅੰਤ ਤੱਕ ਸੰਘਰਸ਼ ਕੀਤਾ, ਪਰ ਮੋਗਾ ਦੀ ਟੀਮ ਟੀਚੇ ਤੱਕ ਨਹੀਂ ਪਹੁੰਚ ਸਕੀ ਅਤੇ ਪਟਿਆਲਾ ਨੇ ਸ਼ਾਨਦਾਰ ਜਿੱਤ ਨਾਲ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕਰ ਲਿਆ।ਹਰਸਿਮਰਤ ਕੌਰ (ਪਟਿਆਲਾ) ਨੂੰ ਫਾਈਨਲ ਵਿੱਚ ਸ਼ਾਨਦਾਰ 79 ਦੌੜਾਂ ਦੀ ਪਾਰੀ ਲਈ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ। ਉਨ੍ਹਾਂ ਨੇ ਟੂਰਨਾਮੈਂਟ ਦੇ 7 ਮੈਚਾਂ ਵਿੱਚ 284 ਦੌੜਾਂ ਬਣਾਕੇ ਬੈਸਟ ਬੱਲੇਬਾਜ ਦਾ ਸਨਮਾਨ ਵੀ ਹਾਸਲ ਕੀਤਾ।
ਗਗਨਪ੍ਰੀਤ ਕੌਰ (ਮੋਗਾ) ਨੇ ਟੂਰਨਾਮੈਂਟ ਵਿੱਚ 16 ਵਿਕਟਾਂ ਅਤੇ 2.5 ਦੀ ਸ਼ਾਨਦਾਰ ਇਕਾਨਮੀ ਰੇਟ ਨਾਲ ਬੈਸਟ ਗੇਂਦਬਾਜ ਦਾ ਐਵਾਰਡ ਆਪਣੇ ਨਾਮ ਕੀਤਾ।ਇਨਾਮ ਵੰਡ ਸਮਾਰੋਹ ਵਿੱਚ ਮਹਿਲਾ ਚੋਣ ਕਮੇਟੀ ਦੀ ਚੇਅਰਪਰਸਨ ਰੇਣੂ ਮਾਰਗਰੈਟ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੀਈਓ ਕਰਨਲ ਵਿਕਰਾਂਤ, ਕ੍ਰਿਕਟ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਬਰਿੰਦਰ ਸਰਾਂ ਅਤੇ ਡਾਇਰੈਕਟਰ ਕ੍ਰਿਕਟ ਭੂਪਿੰਦਰ (ਜੂਨੀਅਰ) ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਟੀਮ ਪਟਿਆਲਾ ਨੂੰ ਵਧਾਈ ਦਿੱਤੀ ਅਤੇ ਉਪ ਜੇਤੂ ਟੀਮ ਮੋਗਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਟੀਮਾਂ ਨੇ ਪੂਰੇ ਟੂਰਨਾਮੈਂਟ ਦੌਰਾਨ ਉੱਚ ਪੱਧਰੀ ਕ੍ਰਿਕਟ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।