- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2014 ਬੈਚ ਦੀ ਪੰਜਾਬ ਕਾਡਰ ਦੀ ਭਾਰਤੀ ਵਣ ਸੇਵਾ (ਆਈਐਫ਼ਐਸ) ਅਧਿਕਾਰੀ ਸ੍ਰੀਮਤੀ ਕਲਪਨਾ ਕੇ. ਨੇ ਮੰਗਲਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : 2014 ਬੈਚ ਦੀ ਪੰਜਾਬ ਕਾਡਰ ਦੀ ਭਾਰਤੀ ਵਣ ਸੇਵਾ (ਆਈਐਫ਼ਐਸ) ਅਧਿਕਾਰੀ ਸ੍ਰੀਮਤੀ ਕਲਪਨਾ ਕੇ. ਨੇ ਮੰਗਲਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਮੌਜੂਦਾ ਸਮੇਂ ਉਹ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ’ਚ ਵਧੀਕ ਸਕੱਤਰ ਅਤੇ ਵਿਸ਼ਵ ਬੈਂਕ ਪ੍ਰੋਜੈਕਟ-ਸਕੂਲ ਸਿੱਖਿਆ ਦੀ ਪ੍ਰੋਜੈਕਟ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਅਹੁਦਿਆਂ ’ਤੇ ਰਹਿੰਦਿਆਂ ਉਹ ਸਕੂਲੀ ਸਿੱਖਿਆ ਦੇ ਖੇਤਰ ’ਚ ਪ੍ਰਸ਼ਾਸਨਿਕ ਕਾਰਜਾਂ, ਨੀਤੀਆਂ ਨੂੰ ਲਾਗੂ ਕਰਨ ਅਤੇ ਮਹੱਤਵਪੂਰਨ ਪਹਿਲਕਦਮੀਆਂ ਦੇ ਅਮਲ ’ਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ।
ਆਪਣੇ ਪੇਸ਼ੇਵਰ ਜੀਵਨ ਦੌਰਾਨ ਉਨ੍ਹਾਂ ਨੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਕਈ ਮਹੱਤਵਪੂਰਨ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਹਨ, ਜਿਨ੍ਹਾਂ ’ਚ ਡਿਵੀਜ਼ਨਲ ਫਾਰੈਸਟ ਅਫ਼ਸਰ, ਫਿਰੋਜ਼ਪੁਰ ਵਾਈਲਡਲਾਈਫ਼ ਡਿਵੀਜ਼ਨ ਅਤੇ ਡਾਇਰੈਕਟਰ, ਮਹਿੰਦਰਾ ਚੌਧਰੀ ਜ਼ੂਲੋਜੀਕਲ ਪਾਰਕ (ਛੱਤਬੀੜ ਚਿੜੀਆਘਰ) ਸ਼ਾਮਲ ਹਨ। ਇਨ੍ਹਾਂ ਅਹੁਦਿਆਂ ’ਤੇ ਉਨ੍ਹਾਂ ਨੂੰ ਖੇਤਰੀ ਪ੍ਰਸ਼ਾਸਨ, ਸੰਸਥਾਗਤ ਪ੍ਰਬੰਧਨ ਅਤੇ ਜਨਤਕ ਸੇਵਾਵਾਂ ਦੀ ਪ੍ਰਭਾਵਸ਼ਾਲੀ ਵਿਵਸਥਾ ਸਬੰਧੀ ਵੱਖ-ਵੱਖ ਕੰਮਾਂ ਦਾ ਤਜ਼ਰਬਾ ਹੈ। ਆਪਣੇ ਵਿਆਪਕ ਪ੍ਰਸ਼ਾਸਨਿਕ ਤਜਰਬੇ ਨਾਲ ਸ੍ਰੀਮਤੀ ਕਲਪਨਾ ਕੇ. ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨਵੀਂ ਜ਼ਿੰਮੇਵਾਰੀ ਸੰਭਾਲ ਰਹੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਸੂਬੇ ਦੀ ਸਕੂਲੀ ਸਿੱਖਿਆ ਪ੍ਰਣਾਲੀ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਖ਼ਾਸ ਕਰਕੇ ਅਕਾਦਮਿਕ ਪ੍ਰਬੰਧਨ, ਪ੍ਰੀਖਿਆਵਾਂ ਅਤੇ ਸਿੱਖਿਆ ਦੇ ਸੁਚਾਰੂ ਪ੍ਰਸ਼ਾਸਨ ਦੇ ਖੇਤਰ ’ਚ। ਉਨ੍ਹਾਂ ਦਾ ਵੱਖ-ਵੱਖ ਖੇਤਰਾਂ ’ਚ ਪ੍ਰਾਪਤ ਪ੍ਰਸ਼ਾਸਨਿਕ ਤਜਰਬਾ ਬੋਰਡ ਦੇ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਚ ਸਹਾਇਕ ਸਿੱਧ ਹੋਵੇਗਾ।