- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਕੁਸ਼ਤੀ ਦੰਗਲ ਵਿੱਚ ਹਾਦੀ ਇਰਾਨ ਨੇ ਉਮੇਸ਼ ਮਥੁਰਾ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਦਾ ਪਹਿਲਾ ਇਨਾਮ 2 ਲੱਖ 11 ਹਜ਼ਾਰ ਆਪਣੇ ਨਾਮ ਕੀਤਾ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਦੇ ਪਿੰਡ ਮਟੌਰ ਵਿਖੇ ਨੌਜਵਾਨ ਸਭਾ ਵੱਲੋਂ ਕੁਸ਼ਤੀ ਦੰਗਲ ਕਰਵਾਇਆ ਗਿਆ ਇਸ ਕੁਸ਼ਤੀ ਦੰਗਲ ਵਿੱਚ ਦੇਸ਼ ਵਿਦੇਸ਼ ਤੋਂ ਲਗਪਗ 300 ਦੇ ਕਰੀਬ ਭਲਵਾਨਾਂ ਨੇ ਹਿੱਸਾ ਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਖਬੀਰ ਲੱਖਾ ਭਲਵਾਨ ਅਤੇ ਅਮਰੀਕ ਸਿੰਘ ਸਾਬਕਾ ਸਰਪੰਚ ਮਟੌਰ ਨੇ ਦੱਸਿਆ ਕਿ ਇਸ ਕੁਸ਼ਤੀ ਦੰਗਲ ਵਿੱਚ ਹਾਦੀ ਇਰਾਨ ਨੇ ਉਮੇਸ਼ ਮਥੁਰਾ ਨੂੰ ਚਿੱਤ ਕਰਕੇ ਝੰਡੀ ਦੀ ਕੁਸ਼ਤੀ ਦਾ ਪਹਿਲਾ ਇਨਾਮ 2 ਲੱਖ 11 ਹਜ਼ਾਰ ਆਪਣੇ ਨਾਮ ਕੀਤਾ।
ਇਸੇ ਤਰ੍ਹਾਂ ਦੂਸਰੀ ਕੁਸ਼ਤੀ ਨਰਿੰਦਰ ਝੰਝੇੜੀ ਅਤੇ ਜਤਿੰਦਰ ਡੂਮਛੇੜੀ ਵਿਚਕਾਰ ਹੋਈ ਜੋ ਕਿ ਬਰਾਬਰ ਰਹੀ। ਇਸ ਦਾ ਇਨਾਮ 1 ਲੱਖ 51 ਹਜ਼ਾਰ ਰੱਖਿਆ ਗਿਆ ਸੀ ਤੀਸਰੀ ਕੁਸ਼ਤੀ ਰਵੀ ਭੁੱਟਾ ਅਤੇ ਲਵਪ੍ਰੀਤ ਖੰਨਾ ਦਰਮਿਆਨ ਹੋਈ ਜਿਸ ਵਿੱਚ ਰਵੀ ਭੁੱਟਾ ਜੇਤੂ ਰਹੇ ਅਤੇ ਉਹਨਾਂ ਨੇ 71 ਹਜ਼ਾਰ ਦਾ ਇਨਾਮ ਪ੍ਰਾਪਤ ਕੀਤਾ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਮਟੌਰ ਵਿਖੇ ਕਰਵਾਏ ਗਏ ਵਿਸ਼ਾਲ ਕੁਸ਼ਤੀ ਦੰਗਲ ਵਿੱਚ ਸ਼ਿਰਕਤ ਕਰਕੇ ਪਹਿਲਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਅਤੇ ਪੰਜਾਬ ਦੀ ਰਵਾਇਤੀ ਖੇਡ ਕੁਸ਼ਤੀ ਨੂੰ ਪ੍ਰਫੁੱਲਤ ਕਰਨ ਲਈ ਇੱਕ ਲੱਖ ਰੁਪਏ ਦੀ ਨਕਦ ਸਹਾਇਤਾ ਰਾਸ਼ੀ ਦਿੱਤੀ।
ਉਨ੍ਹਾਂ ਕਿਹਾ ਕਿ ਕੁਸ਼ਤੀ ਪੰਜਾਬ ਦੀ ਅਮੀਰ ਵਿਰਾਸਤ ਅਤੇ ਰਵਾਇਤੀ ਖੇਡ ਹੈ, ਜੋ ਨੌਜਵਾਨਾਂ ਵਿੱਚ ਤਾਕਤ, ਅਨੁਸ਼ਾਸਨ, ਮਿਹਨਤ ਅਤੇ ਖੇਡ ਭਾਵਨਾ ਪੈਦਾ ਕਰਦੀ ਹੈ। ਅਜਿਹੇ ਖੇਡ ਮੇਲੇ ਸਾਡੀ ਵਿਰਾਸਤ ਨੂੰ ਸੰਭਾਲਣ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਬਲਬੀਰ ਸਿੰਘ ਸਿੱਧੂ ਨੇ ਪਿੰਡ ਮਟੌਰ ਵਿਖੇ ਕੁਸ਼ਤੀ ਦੰਗਲ ਕਰਵਾਉਣ ਵਾਲੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਦੀ ਰਵਾਇਤੀ ਖੇਡ ਨੂੰ ਸੰਭਾਲਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਲਈ ਸ਼ਲਾਘਾ ਦੇ ਹੱਕਦਾਰ ਹਨ।ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਖੇਡ ਮੁਕਾਬਲਿਆਂ ਨੂੰ ਉਤਸ਼ਾਹਿਤ ਕਰਨਾ, ਖੇਡ ਮੈਦਾਨਾਂ ਨੂੰ ਬਿਹਤਰ ਬਣਾਉਣਾ ਅਤੇ ਨੌਜਵਾਨਾਂ ਨੂੰ ਖੇਡਾਂ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਹੈ।
ਪੰਜਾਬ ਦੀ ਵਿਰਾਸਤ ਅਤੇ ਜਵਾਨੀ ਦੀ ਰਾਖੀ ਲਈ ਅਜਿਹੇ ਉਪਰਾਲਿਆਂ ਨੂੰ ਹਮੇਸ਼ਾ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ। ਇਸ ਮੌਕੇ ਜੱਸੀ ਕੈਨੇਡਾ ਅਤੇ ਗੁਰਮੀਤ ਰਾਏ ਵੱਲੋਂ ਲਖਨੌਰ ਅਖਾੜਾ ਦੇ ਜਸਵੀਰ ਗਿੱਲ ਦਾ ਬੁਲਟ ਮੋਟਰਸਾਈਕਲ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।