- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਵਿਹਾਰ 2 ਖਰੜ ਨੇੜੇ 200 ਫੁੱਟੀ ਸੜਕ ’ਤੇ ਇਕ ਦੁਕਾਨ ’ਚ ਖਾਣ ਪੀਣ ਲਈ ਬੈਠੇ ਕੁਝ ਦੋਸਤਾਂ ਤੇ ਇਕ ਗੱਡੀ ’ਚ ਸਵਾਰ ਕੁਝ ਨੌਜਵਾਨਾਂ ਵੱਲੋਂ ਕੀਤੇ ਹਮਲੇ ’ਚ ਇਕ 17 ਸਾਲਾ ਨਾਬਾਲਿਗ ਨੌਜਵਾਨ ਦੀ ਗੱਡੀ ਚੜ੍ਹਾਉਣ ਕਾਰਨ ਮੌਤ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ।

ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਬੀਤੀ ਰਾਤ ਕੇਂਦਰੀ ਵਿਹਾਰ 2 ਖਰੜ ਨੇੜੇ 200 ਫੁੱਟੀ ਸੜਕ ’ਤੇ ਇਕ ਦੁਕਾਨ ’ਚ ਖਾਣ ਪੀਣ ਲਈ ਬੈਠੇ ਕੁਝ ਦੋਸਤਾਂ ਤੇ ਇਕ ਗੱਡੀ ’ਚ ਸਵਾਰ ਕੁਝ ਨੌਜਵਾਨਾਂ ਵੱਲੋਂ ਕੀਤੇ ਹਮਲੇ ’ਚ ਇਕ 17 ਸਾਲਾ ਨਾਬਾਲਿਗ ਨੌਜਵਾਨ ਦੀ ਗੱਡੀ ਚੜ੍ਹਾਉਣ ਕਾਰਨ ਮੌਤ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ।
ਇਸ ਮਾਮਲੇ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ ਯਸ਼ (17) ਪੁੱਤਰ ਅਨੀਲ ਕੁਮਾਰ ਵਾਸੀ ਕੇਂਦਰੀ ਵਿਹਾਰ 2 ਖਰੜ ਵਜੋਂ ਹੋਈ ਹੈ, ਜੋਕਿ ਦਸਵੀਂ ਪਾਸ ਕਰਕੇ ਅੱਗੇ ਪੇਪਰ ਦੇਣ ਦੀ ਤਿਆਰੀ ਕਰ ਰਿਹਾ ਸੀ। ਇਸ ਮਾਮਲੇ 'ਚ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਨੌਜਵਾਨ ਦੇ ਪਿਤਾ ਅਨੀਲ ਕੁਮਾਰ ਨੇ ਦੱਸਿਆ ਕਿ ਉਸਦਾ ਬੇਟਾ ਬੀਤੀ ਰਾਤ ਆਪਣੇ ਕੁਝ ਦੋਸਤਾਂ ਨਾਲ ਘਰ ਦੇ ਨੇੜੇ ਇਕ ਖਾਣ ਪੀਣ ਦੀ ਦੁਕਾਨ ’ਤੇ ਕੁਝ ਖਾ ਰਹੇ ਸਨ। ਜਿਥੇ ਇਕ ਨੰਬਰੀ ਗੱਡੀ ’ਚ ਸਵਾਰ ਕੁਝ ਨੌਜਵਾਨ ਆਏ, ਜਿਨ੍ਹਾਂ ਵੱਲੋਂ ਆਉਂਦੇ ਸਾਰ ਉਸਦੇ ਬੇਟੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ।
ਇਸ ਦੌਰਾਨ ਉਹ ਗੱਡੀ ਸਵਾਰ ਨੌਜਵਾਨਾਂ ਤੋਂ ਡਰਦੇ ਮਾਰੇ ਆਪਣੀ ਜਾਨ ਬਚਾਉਣ ਲਈ ਜਦੋਂ ਆਪਣੇ ਦੋਸਤਾਂ ਨਾਲ ਸਕੂਟਰੀ ’ਤੇ ਬੈਠਕੇ ਮੌਕੇ ਤੋਂ ਭੱਜਣ ਲੱਗੇ ਤਾਂ ਗੱਡੀ ਸਵਾਰਾਂ ਵੱਲੋਂ ਉਨ੍ਹਾਂ ਪਿੱਛੇ ਕਰਕੇ ਗੱਡੀ ਨਾਲ ਸਕੂਟਰੀ ਨੂੰ ਟੱਕਰ ਮਾਰੀ ਗਈ, ਜਿਸ ਕਾਰਨ ਉਹ ਸਕੂਟਰੀ ਸਮੇਤ ਸੜਕ ’ਤੇ ਡਿੱਗ ਪਏ ਅਤੇ ਫਿਰ ਉਕਤ ਗੱਡੀ ਚਾਲਕ ਵੱਲੋਂ ਆਪਣੀ ਗੱਡੀ ਨੂੰ ਪਿੱਛੇ ਕਰਕੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਬੇਟੇ ਯਸ਼ ’ਤੇ ਗੱਡੀ ਚੜ੍ਹਾ ਦਿੱਤੀ ਗਈ। ਜਿਸ ਤੋਂ ਬਾਅਦ ਹਮਲਾਵਰ ਗੱਡੀ ਸਮੇਤ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਯਸ਼ ਨੂੰ ਉਸਦੇ ਦੋਸਤ ਸਿਵਲ ਹਸਪਤਾਲ ਫੇਸ 6 ਮੁਹਾਲੀ ਵਿਖੇ ਲੈ ਗਏ, ਜਿੱਥੇ ਡਾਕਟਰਾਂ ਵੱਲੋਂ ਯਸ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਯਸ਼ ਨੂੰ ਮਾਰਨ ਪਿੱਛੇ ਉਕਤ ਗੱਡੀ ਸਵਾਰ ਨੌਜਵਾਨਾਂ ਦੀ ਵਜ੍ਹਾ ਰੰਜਿਸ਼ ਇਹ ਸੀ ਕਿ ਗੱਡੀ ਸਵਾਰ ਨੌਜਵਾਨ ਦੀ ਕਿਸੇ ਲੜਕੀ ਨਾਲ ਗੱਲ ਸੀ ਅਤੇ ਜਿਸ ਕਾਰਨ ਕੁਝ ਦਿਨ ਪਹਿਲਾਂ ਵੀ ਉਸਦੇ ਬੇਟੇ ਅਤੇ ਉਨ੍ਹਾਂ ਵਿਚਕਾਰ ਕੋਈ ਝਗੜਾ ਹੋਇਆ ਸੀ, ਜਿਸ ਦਾ ਬਦਲਾ ਲੈਣ ਲਈ ਉਨ੍ਹਾਂ ਵੱਲੋਂ ਬੀਤੀ ਰਾਤ ਉਸਦੇ ਬੇਟੇ ਯਸ਼ ’ਤੇ ਹਮਲਾ ਕਰਕੇ ਉਸ ’ਤੇ ਗੱਡੀ ਚੜ੍ਹਾਕੇ ਮਾਰ ਦਿੱਤਾ ਗਿਆ। ਖਰੜ ਪੁਲਿਸ ਵੱਲੋਂ ਇਸ ਮਾਮਲੇ ’ਚ ਇਕ ਨੌਜਵਾਨ ਸਮੇਤ ਤਿੰਨ ਚਾਰ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਭਾਲ ’ਚ ਪੁਲਿਸ ਵੱਲੋਂ ਛਾਪੇਮਾਰੀ ਤੇਜ਼ ਕਰ ਦਿੱਤੀ ਗਈ ਹੈ।