- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਏਐੱਸ ਨਗਰ ਦੀ ਫਾਸਟ ਟਰੈਕ ਵਿਸ਼ੇਸ਼ ਅਦਾਲਤ ਨੇ ਸਾਲ 2019 ਦੇ ਬਹੁਚਰਚਿਤ ਕੁਲਦੀਪ ਸਿੰਘ ਕਤਲ ਕਾਂਡ ਵਿਚ ਫ਼ੈਸਲਾ ਸੁਣਾਉਂਦਿਆਂ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਦਕਿ ਇਕ ਹੋਰ ਮੁਲਜ਼ਮ ਮਨਿੰਦਰ ਸਿੰਘ ਨੂੰ ਸ਼ੱਕ ਦਾ ਲਾਭ ਦਿੰਦਿਆਂ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ।

ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਐੱਸਏਐੱਸ ਨਗਰ ਦੀ ਫਾਸਟ ਟਰੈਕ ਵਿਸ਼ੇਸ਼ ਅਦਾਲਤ ਨੇ ਸਾਲ 2019 ਦੇ ਬਹੁਚਰਚਿਤ ਕੁਲਦੀਪ ਸਿੰਘ ਕਤਲ ਕਾਂਡ ਵਿਚ ਫ਼ੈਸਲਾ ਸੁਣਾਉਂਦਿਆਂ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਦਕਿ ਇਕ ਹੋਰ ਮੁਲਜ਼ਮ ਮਨਿੰਦਰ ਸਿੰਘ ਨੂੰ ਸ਼ੱਕ ਦਾ ਲਾਭ ਦਿੰਦਿਆਂ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਹੈ।
ਕੀ ਸੀ ਪੂਰਾ ਮਾਮਲਾ?
ਘਟਨਾ 30 ਜੂਨ 2019 ਦੀ ਹੈ। ਸ਼ਿਕਾਇਤਕਰਤਾ ਪਵਨ ਸਰੋਹਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਸੀ ਕਿ ਉਹ ਆਪਣੇ ਦੋਸਤਾਂ ਕੁਲਦੀਪ ਸਿੰਘ ਅਤੇ ਨਿਪੁਣ ਜੈਨ ਨਾਲ ਸਕੋਡਾ ਗੱਡੀ 'ਚ ਪੰਚਕੂਲਾ ਤੋਂ ਜ਼ੀਰਕਪੁਰ ਜਾ ਰਿਹਾ ਸੀ। ਜਦੋਂ ਉਹ ਸਨੌਲੀ ਲਿੰਕ ਰੋਡ ਗਾਜ਼ੀਪੁਰ ਸੈਣੀਆਂ ਮੋੜ ਨੇੜੇ ਪਹੁੰਚੇ, ਤਾਂ ਪਿੱਛੋਂ ਆ ਰਹੀ ਇਕ ਫੋਰਡ ਫਿਗੋ ਗੱਡੀ ਦੇ ਚਾਲਕ ਨੇ ਆਪਣੀ ਗੱਡੀ ਬਰਾਬਰ ਲਿਆ ਕੇ ਗਾਲੀ-ਗਲੋਚ ਸ਼ੁਰੂ ਕਰ ਦਿੱਤੀ।
ਵਿਰੋਧ ਕਰਨ 'ਤੇ ਉਕਤ ਵਿਅਕਤੀਆਂ ਨੇ ਆਪਣੀ ਗੱਡੀ ਅੱਗੇ ਲਗਾ ਕੇ ਸ਼ਿਕਾਇਤਕਰਤਾ ਦੀ ਕਾਰ ਰੋਕ ਲਈ। ਗੱਡੀ 'ਚੋਂ ਉਤਰੇ ਹਮਲਾਵਰਾਂ ਨੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਬੈਠੇ ਕੁਲਦੀਪ ਸਿੰਘ ਨਾਲ ਬੇਰਹਿਮੀ ਨਾਲ ਲਾਤਾਂ ਅਤੇ ਮੁੱਕਿਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਬਚਾਅ ਕਰਨ ਆਏ ਪਵਨ ਸਰੋਹਾ ਅਤੇ ਨਿਪੁਣ ਜੈਨ ਨਾਲ ਵੀ ਕੁੱਟਮਾਰ ਕੀਤੀ ਗਈ। ਗੰਭੀਰ ਸੱਟਾਂ ਲੱਗਣ ਕਾਰਨ ਕੁਲਦੀਪ ਸਿੰਘ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਜ਼ੀਰਕਪੁਰ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੋਸਟਮਾਰਟਮ ਰਿਪੋਰਟ ਮੁਤਾਬਕ ਛਾਤੀ ਦੀਆਂ ਪੱਸਲੀਆਂ ਟੁੱਟਣ ਅਤੇ ਅੰਦਰੂਨੀ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋਈ ਸੀ।
ਇਨ੍ਹਾਂ ਦੋਸ਼ੀਆਂ ਨੂੰ ਸੁਣਾਈ ਗਈ ਸਜ਼ਾ
ਅਦਾਲਤ ਨੇ ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਪਰਵਿੰਦਰ ਸਿੰਘ (ਸਾਰੇ ਵਾਸੀ ਪਿੰਡ ਸਨੌਲੀ, ਜ਼ੀਰਕਪੁਰ) ਨੂੰ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਆਈਪੀਸੀ ਧਾਰਾ 302/34 ਵਿਚ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਪੀੜਤ ਪਰਿਵਾਰ ਲਈ ਮੁਆਵਜ਼ੇ ਦੀ ਸਿਫ਼ਾਰਸ਼
ਸਜ਼ਾ ਦੇ ਹੁਕਮਾਂ ਵਿਚ ਅਦਾਲਤ ਨੇ ਸਰਕਾਰੀ ਵਕੀਲ ਦੀ ਫਾਂਸੀ ਦੀ ਮੰਗ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਕੇਸ 'ਰੈਰੈਸਟ ਆਫ਼ ਰੇਅਰ' ਸ਼੍ਰੇਣੀ ਵਿਚ ਨਹੀਂ ਆਉਂਦਾ। ਇਸ ਦੇ ਨਾਲ ਹੀ ਅਦਾਲਤ ਨੇ ਮ੍ਰਿਤਕ ਕੁਲਦੀਪ ਸਿੰਘ ਦੇ ਕਾਨੂੰਨੀ ਵਾਰਸਾਂ ਨੂੰ ਮੁਆਵਜ਼ਾ ਦੇਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐੱਸਏਐੱਸ ਨਗਰ ਨੂੰ ਖ਼ਾਸ ਸਿਫ਼ਾਰਸ਼ ਵੀ ਭੇਜੀ ਹੈ।